ਐੱਨਪੀ ਧਵਨ
ਪਠਾਨਕੋਟ, 18 ਅਪਰੈਲ
ਆਈਟੀਬੀਪੀ (ਇੰਡੋ-ਤਿੱਬਤ ਬਾਰਡਰ ਪੁਲੀਸ) ਦੀ 21ਵੀਂ ਬਟਾਲੀਅਨ ਦੇ ਕਾਂਸਟੇਬਲ ਦੀਦਾਰ ਸਿੰਘ ਦਾ 16 ਅਪਰੈਲ ਨੂੰ ਡਿਊਟੀ ਦੌਰਾਨ ਦਿਲ ਦਾ ਦੌਰਾ ਪੈਣ ਨਾਲ ਦੇਹਾਂਤ ਹੋ ਗਿਆ ਸੀ। ਉਹ ਜੰਮੂ-ਕਸ਼ਮੀਰ ਦੇ ਸ੍ਰੀਨਗਰ ਵਿੱਚ ਤਾਇਨਾਤ ਸੀ, ਉਸ ਦੀ ਲਾਸ਼ ਅੱਜ ਜੱਦੀ ਪਿੰਡ ਉਪਰਲੀ ਜੈਨੀ ਵਿੱਚ ਪੁੱਜਣ ਉਪਰੰਤ ਪੂਰੇ ਫੌਜੀ ਸਨਮਾਨਾਂ ਨਾਲ ਅੰਤਿਮ ਸੰਸਕਾਰ ਕਰ ਦਿੱਤਾ ਗਿਆ। ਸਾਂਬਾ (ਜੰਮੂ-ਕਸ਼ਮੀਰ) ਤੋਂ ਡੀਐੱਸਪੀ ਜਿਗਮਤ ਰੰਗਡੋਲ ਦੀ ਅਗਵਾਈ ਵਿੱਚ ਪੁੱਜੀ ਆਈਟੀਬੀਪੀ ਟੀਮ ਦੇ ਜਵਾਨਾਂ ਨੇ ਹਵਾ ਵਿੱਚ ਗੋਲੀਆਂ ਚਲਾਉਂਦਿਆਂ ਹਥਿਆਰ ਪੁੱਠੇ ਕਰ ਕੇ ਸ਼ਹੀਦ ਦੀਦਾਰ ਸਿੰਘ ਨੂੰ ਅੰਤਿਮ ਸਲਾਮੀ ਦਿੱਤੀ। ਇਸ ਮੌਕੇ ਏਐੱਸਆਈ ਤਿਲਕ ਸਿੰਘ ਸੰਬਿਆਲ, ਸ਼ਹੀਦ ਸੈਨਿਕ ਪਰਿਵਾਰ ਸੁਰੱਖਿਆ ਪਰਿਸ਼ਦ ਦੇ ਜਨਰਲ ਸਕੱਤਰ ਕੁੰਵਰ ਰਾਵਿੰਦਰ ਸਿੰਘ ਵਿੱਕੀ, ਪ੍ਰੈੱਸ ਸਕੱਤਰ ਬਿੱਟਾ ਕਾਟਲ, ਵਰਿੰਦਰ ਸਿੰਘ ਤੇ ਸੰਦੀਪ ਸਿੰਘ ਲਲੋਤਰਾ ਨੇ ਸ਼ਹੀਦ ਦੀ ਦੇਹ ’ਤੇ ਰੀਥ ਚੜ੍ਹਾ ਕੇ ਸ਼ਰਧਾਂਜਲੀ ਭੇਟ ਕੀਤੀ। ਇਸ ਮੌਕੇ ਪਿੰਡ ਵਾਸੀ, ਨਜ਼ਦੀਕੀ ਤੇ ਰਿਸ਼ਤੇਦਾਰ ਮੌਜੂਦ ਸਨ। ਇਸ ਤੋਂ ਪਹਿਲਾਂ ਤਿਰੰਗੇ ਵਿੱਚ ਲਿਪਟੀ ਹੋਈ ਕਾਂਸਟੇਬਲ ਦੀਦਾਰ ਸਿੰਘ ਦੀ ਮ੍ਰਿਤਕ ਦੇਹ ਜਦ ਪਿੰਡ ਉਪਰਲੀ ਜੈਨੀ ਪੁੱਜੀ ਤਾਂ ਪਿੰਡ ਵਾਸੀਆਂ ਦੀਆਂ ਅੱਖਾਂ ਨਮ ਹੋ ਗਈਆਂ। ਬਟਾਲੀਅਨ ਦੇ ਡੀਐੱਸਪੀ ਜਿਗਮਤ ਰੰਗਡੋਲ ਨੇ ਕਿਹਾ ਕਿ ਕਾਂਸਟੇਬਲ ਦੀਦਾਰ ਸਿੰਘ ਦੇ ਜਾਣ ਨਾਲ ਆਈਟੀਬੀਪੀ ਨੇ ਆਪਣਾ ਬਹਾਦਰ ਯੋਧਾ ਗੁਆ ਦਿੱਤਾ ਹੈ।