ਸ਼੍ਰੋਮਣੀ ਕਮੇਟੀ ਵੱਲੋਂ ਇੰਗਲੈਂਡ ’ਚ ਪਹਿਲਾ ਤਾਲਮੇਲ ਕੇਂਦਰ ਸਥਾਪਤ
ਆਨਲਾਈਨ ਉਦਘਾਟਨ ਸਮਾਗਮ ਵਿੱਚ ਐਡਵੋਕੇਟ ਧਾਮੀ ਨੇ ਭਰੀ ਹਾਜ਼ਰੀ
ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਹੋਰ ਸਥਾਨਕ ਜਥੇਬੰਦੀਆਂ ਦੇ ਸਹਿਯੋਗ ਨਾਲ ਇੰਗਲੈਂਡ ਦੇ ਬਰਮਿੰਘਮ ਵਿੱਚ ਸ਼੍ਰੋਮਣੀ ਕਮੇਟੀ ਤਾਲਮੇਲ ਕੇਂਦਰ ਦੀ ਸਥਾਪਨਾ ਕੀਤੀ ਗਈ। ਸੰਸਥਾ ਵੱਲੋਂ ਜਲਦੀ ਇਸ ਦੇ ਵਿਸਥਾਰ ਦੀ ਵੀ ਯੋਜਨਾ ਹੈ। ਇਸ ਤੋਂ ਪਹਿਲਾਂ ਕਮੇਟੀ ਵੱਲੋਂ ਅਮਰੀਕਾ ਵਿੱਚ ਗੁਰੂ ਗ੍ਰੰਥ ਸਾਹਿਬ ਦੀ ਪ੍ਰਕਾਸ਼ਨਾ ਅਤੇ ਪ੍ਰਚਾਰ ਕੇਂਦਰ ਸਥਾਪਤ ਕਰਨ ਲਈ ਵੀ ਯਤਨ ਕੀਤੇ ਗਏ ਸਨ।
ਆਨਲਾਈਨ ਉਦਘਾਟਨ ਸਮਾਗਮ ਵਿੱਚ ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਐਡਵੋਕੇਟ ਹਰਜਿੰਦਰ ਸਿੰਘ ਧਾਮੀ ਨੇ ਸ਼ਮੂਲੀਅਤ ਕੀਤੀ। ਇਸ ਦੌਰਾਨ ਉਨ੍ਹਾਂ ਦੱਸਿਆ ਕਿ ਇਹ ਕੇਂਦਰ ਵਿਦੇਸ਼ ਵਿੱਚ ਰਹਿੰਦੀ ਸਿੱਖ ਸੰਗਤ ਦੀ ਮੰਗ ’ਤੇ ਖੋਲ੍ਹਿਆ ਗਿਆ ਹੈ। ਇਸ ਕੇਂਦਰ ਰਾਹੀਂ ਸੰਗਤ ਤਖ਼ਤ ਸਾਹਿਬਾਨ ਅਤੇ ਪੰਥ ਦੀਆਂ ਪ੍ਰਮੁੱਖ ਸੰਸਥਾਵਾਂ ਨਾਲ ਸਿੱਧਾ ਜੁੜਨਗੀਆਂ। ਯੂਰਪ ਅਤੇ ਇੰਗਲੈਂਡ ਦੀ ਸੰਗਤ ਜਦੋਂ ਗੁਰਧਾਮਾਂ ਦੇ ਦਰਸ਼ਨ ਲਈ ਪੰਜਾਬ ਆਵੇਗੀ ਤਾਂ ਇਸ ਤਾਲਮੇਲ ਕੇਂਦਰ ਰਾਹੀਂ ਉਨ੍ਹਾਂ ਲਈ ਰਿਹਾਇਸ਼, ਯਾਤਰਾ ਤੇ ਹੋਰ ਲੋੜੀਂਦੇ ਪ੍ਰਬੰਧ ਸ਼੍ਰੋਮਣੀ ਕਮੇਟੀ ਵੱਲੋਂ ਯਕੀਨੀ ਬਣਾਏ ਜਾਣਗੇ। ਇਸ ਤਾਲਮੇਲ ਕੇਂਦਰ ਦੀ ਸੰਚਾਲਨ ਸੇਵਾ ਮੁੰਬਈ ਤੋਂ ਸ਼੍ਰੋਮਣੀ ਕਮੇਟੀ ਮੈਂਬਰ ਗੁਰਿੰਦਰ ਸਿੰਘ ਬਾਵਾ ਨੂੰ ਸੌਂਪੀ ਗਈ ਹੈ।
ਸ਼੍ਰੋਮਣੀ ਕਮੇਟੀ ਵੱਲੋਂ ਆਰੰਭ ਕੀਤੇ ਇਸ ਕਾਰਜ ਵਿਚ ਗੁਰਦੁਆਰਾ ਗੁਰੂ ਤੇਗ ਬਹਾਦਰ ਸਾਹਿਬ ਆਸਟਰੀਆ, ਗੁਰਦੁਆਰਾ ਗੁਰੂ ਨਾਨਕ ਦਰਬਾਰ ਲੰਡਨ, ਖਾਲਸਾ ਦੀਵਾਨ ਸੁਸਾਇਟੀ ਲੰਡਨ, ਗੁਰੂ ਹਰਿਗੋਬਿੰਦ ਸਾਹਿਬ ਸੇਵਾ ਟਰੱਸਟ, ਗੁਰਦੁਆਰਾ ਗੁਰੂ ਅਮਰਦਾਸ ਜੀ, ਗੁਰਦੁਆਰਾ ਗੁਰੂ ਨਾਨਕ ਦਰਬਾਰ ਬੈਲਜ਼ੀਅਮ, ਗੁਰਦੁਆਰਾ ਗੁਰੂ ਹਰਿਰਾਇ ਸਾਹਿਬ ਕਿੰਗਸਟਨ, ਨਿਹਕਾਮੀ ਸੇਵਾ ਟਰੱਸਟ ਯੂਕੇ ਸਣੇ ਮੈਨਚੈਸਟਰ ਲੰਡਨ, ਲੈਸਟਰ, ਬੈਲਜੀਅਮ, ਜਰਮਨੀ ਅਤੇ ਹਾਲੈਂਡ, ਇਟਲੀ ਦੀ ਸੰਗਤ ਵੱਲੋਂ ਸਹਿਯੋਗ ਕੀਤਾ ਗਿਆ ਹੈ। ਇਸ ਕੇਂਦਰ ਦੀ ਸਥਾਪਨਾ ਸ਼੍ਰੋਮਣੀ ਕਮੇਟੀ ਦੇ ਮੁੰਬਈ ਤੋਂ ਮੈਂਬਰ ਗੁਰਿੰਦਰ ਸਿੰਘ ਬਾਵਾ, ਅੰਤ੍ਰਿੰਗ ਕਮੇਟੀ ਮੈਂਬਰ ਬੀਬੀ ਹਰਜਿੰਦਰ ਕੌਰ ਅਤੇ ਖਾਲਸਾ ਪੰਥ ਅਕੈਡਮੀ ਬਰਮਿੰਘਮ ਦੇ ਸਹਿਯੋਗ ਨਾਲ ਸੰਭਵ ਹੋਈ ਹੈ।