ਜਿਨਸੀ ਸ਼ੋਸ਼ਣ: ਚੀਫ ਖ਼ਾਲਸਾ ਦੀਵਾਨ ਦਾ ਵਧੀਕ ਆਨਰੇਰੀ ਸਕੱਤਰ ਮੁਅੱਤਲ
ਚੀਫ਼ ਖ਼ਾਲਸਾ ਦੀਵਾਨ ਨੇ ਸੰਗਠਨ ਦੇ ਵਧੀਕ ਆਨਰੇਰੀ ਸਕੱਤਰ ਅਤੇ ਮੈਂਬਰ ਹਰਿੰਦਰਪਾਲ ਸਿੰਘ ਸੇਠੀ ਨੂੰ ਸ਼ਹਿਰ ਦੀ ਪੁਲੀਸ ਵੱਲੋਂ ਜਿਨਸੀ ਸ਼ੋਸ਼ਣ ਦੇ ਦੋਸ਼ ਦੇ ਮਾਮਲੇ ਵਿੱਚ ਨਾਮਜ਼ਦ ਕੀਤੇ ਜਾਣ ਤੋਂ ਬਾਅਦ ਅਹੁਦੇ ਅਤੇ ਮੁੱਢਲੀ ਮੈਂਬਰਸ਼ਿਪ ਤੋਂ ਮੁਅੱਤਲ ਕਰ ਦਿੱਤਾ ਹੈ। ਦੀਵਾਨ ਦੇ ਪ੍ਰਧਾਨ ਡਾ. ਇੰਦਰਬੀਰ ਸਿੰਘ ਨਿੱਝਰ ਨੇ ਸਬੰਧਤ ਮੈਂਬਰ ਦੀ ਕੀਤੀ ਮੁਅੱਤਲੀ ਦੀ ਪੁਸ਼ਟੀ ਕਰਦਿਆਂ ਕਿਹਾ ਕਿ ਇਹ ਕਾਫ਼ੀ ਗੰਭੀਰ ਦੋਸ਼ ਹਨ। ਦਿੱਲੀ ਦੀ 17 ਸਾਲਾ ਨਾਬਾਲਗ ਲੜਕੀ ਦੀ ਸ਼ਿਕਾਇਤ ਤੋਂ ਬਾਅਦ ਸ਼ਹਿਰ ਦੀ ਪੁਲੀਸ ਨੇ ਬੀਤੀ 26 ਜੂਨ ਨੂੰ ਹਰਿੰਦਰਪਾਲ ਸਿੰਘ ਸੇਠੀ ਵਿਰੁੱਧ ਕੇਸ ਦਰਜ ਕੀਤਾ ਸੀ। ਪੀੜਤਾ, ਮੁਲਜ਼ਮ ਦੀ ਰਿਸ਼ਤੇਦਾਰ ਹੈ। ਪੁਲੀਸ ਨੇ ਦੋਸ਼ਾਂ ਦੀ ਜਾਂਚ ਲਈ ਪੁਲੀਸ ਦੀ ਵਧੀਕ ਡਿਪਟੀ ਕਮਿਸ਼ਨਰ ਪਰਵਿੰਦਰ ਕੌਰ ਦੀ ਅਗਵਾਈ ਹੇਠ ਵਿਸ਼ੇਸ਼ ਜਾਂਚ ਟੀਮ (ਸਿਟ) ਬਣਾਈ ਹੈ। ਜ਼ਿਕਰਯੋਗ ਹੈ ਕਿ ਮੁਲਜ਼ਮ ਦਾ ਪਿਤਾ ਦੀਵਾਨ ਦਾ ਉਪ ਪ੍ਰਧਾਨ ਹੈ। ਪੀੜਤਾ ਨੇ ਦੋਸ਼ ਲਾਇਆ ਕਿ ਮੁਲਜ਼ਮ ਨੇ ਮਈ 2022 ਵਿੱਚ ਅੰਮ੍ਰਿਤਸਰ ’ਚ ਉਸ ਦਾ ਉਸ ਸਮੇਂ ਜਿਨਸੀ ਸ਼ੋਸ਼ਣ ਕੀਤਾ ਜਦੋਂ ਉਹ ਮਾਂ ਨਾਲ ਰਿਸ਼ਤੇਦਾਰਾਂ ਨੂੰ ਮਿਲਣ ਆਈ ਸੀ। ਜਦੋਂ ਉਹ ਮਈ 2023 ਵਿੱਚ ਉਸ ਦੇ ਪਰਿਵਾਰ ਨੂੰ ਮਿਲਣ ਆਇਆ ਤਾਂ ਉਸ ਨੂੰ ਦੁਬਾਰਾ ਪ੍ਰੇਸ਼ਾਨ ਕੀਤਾ। ਰਣਜੀਤ ਐਵੇਨਿਊ ਪੁਲੀਸ ਸਟੇਸ਼ਨ ਦੇ ਐੱਸਐੱਚਓ ਰੌਬਿਨ ਹੰਸ ਨੇ ਕਿਹਾ ਕਿ ਉਸ ਨੇ ਪਹਿਲਾਂ ਦਿੱਲੀ ਵਿੱਚ ਨਿਜ਼ਾਮੂਦੀਨ ਥਾਣੇ ਕੋਲ ਸ਼ਿਕਾਇਤ ਦਰਜ ਕਰਵਾਈ ਸੀ। ਮਗਰੋਂ ਅਗਲੀ ਜ਼ਰੂਰੀ ਕਾਰਵਾਈ ਲਈ ਕੇਸ ਨੂੰ ਅੰਮ੍ਰਿਤਸਰ ਪੁਲੀਸ ਕਮਿਸ਼ਨਰੇਟ ਨੂੰ ਭੇਜ ਦਿੱਤਾ, ਕਿਉਂਕਿ ਘਟਨਾ ਦਾ ਪਹਿਲਾ ਸਥਾਨ ਇੱਥੇ ਸੀ।