ਪ੍ਰਮੁੱਖ ਹਵਾਈ ਅੱਡਿਆਂ ਦੀ ਜਾਂਚ ਦੌਰਾਨ ਕਈ ਖਾਮੀਆਂ ਮਿਲੀਆਂ: ਡੀਜੀਸੀਏ
ਨਵੀਂ ਦਿੱਲੀ, 24 ਜੂਨ
ਹਵਾਬਾਜ਼ੀ ਨਿਗਰਾਨ ਡੀਜੀਸੀਏ ਨੇ ਅੱਜ ਕਿਹਾ ਕਿ ਪ੍ਰਮੁੱਖ ਹਵਾਈ ਅੱਡਿਆਂ ’ਤੇ ਕੀਤੀ ਗਈ ਜਾਂਚ ਦੌਰਾਨ ਹਵਾਬਾਜ਼ੀ ਤੰਤਰ ’ਚ ਕਈ ਖਾਮੀਆਂ ਸਾਹਮਣੇ ਆਈਆਂ ਹਨ। ਡੀਜੀਸੀਏ ਨੇ ਕਿਹਾ ਕਿ ਇਨ੍ਹਾਂ ’ਚ ਕਈ ਅਜਿਹੇ ਮਾਮਲੇ ਸ਼ਾਮਲ ਹਨ ਜਿੱਥੇ ਜਹਾਜ਼ਾਂ ’ਚ ਖਾਮੀਆਂ ਮੁੜ ਤੋਂ ਦਿਖਾਈ ਦਿੱਤੀਆਂ ਅਤੇ ਰਨਵੇਅ ’ਤੇ ਕੇਂਦਰ ਰੇਖਾ ਦਾ ਨਿਸ਼ਾਨ ਵੀ ਧੁੰਦਲਾ ਹੋ ਗਿਆ ਸੀ। ਅਹਿਮਦਾਬਾਦ ’ਚ 12 ਜੂਨ ਨੂੰ ਹਾਦਸੇ ਮਗਰੋਂ ਕੀਤੀ ਗਈ ਇਸ ਜਾਂਚ ’ਚ ਉਡਾਣ ਸੰਚਾਲਨ, ਉਡਾਣ ਯੋਗਤਾ, ਰੈਂਪ ਸੁਰੱਖਿਆ, ਹਵਾਈ ਆਵਾਜਾਈ ਕੰਟਰੋਲ, ਸੰਚਾਰ, ਨੇਵੀਗੇਸ਼ਨ ਪ੍ਰਣਾਲੀ ਜਿਹੇ ਅਹਿਮ ਖੇਤਰਾਂ ਨੂੰ ਸ਼ਾਮਲ ਕੀਤਾ ਗਿਆ ਸੀ। ਡੀਜੀਸੀਏ ਨੇ ਆਪਣੇ ਬਿਆਨ ਵਿੱਚ ਕਿਸੇ ਏਅਰਲਾਈਨ ਕੰਪਨੀ ਜਾਂ ਕਿਸੇ ਹੋਰ ਇਕਾਈ ਦਾ ਨਾਂ ਦੱਸੇ ਬਿਨਾਂ ਕਿਹਾ ਕਿ ਸੁਧਾਰ ਸਬੰਧੀ ਕਾਰਵਾਈ ਲਈ ਸਬੰਧਤ ਧਿਰਾਂ ਨੂੰ ਸੱਤ ਦਿਨਾਂ ਅੰਦਰ ਨਤੀਜਿਆਂ ਬਾਰੇ ਦਸ ਦਿੱਤਾ ਗਿਆ ਹੈ। ਬਿਆਨ ’ਚ ਕਿਹਾ ਗਿਆ ਹੈ ਕਿ ਨਿਗਰਾਨੀ ਦੌਰਾਨ ਇੱਕ ਏਅਰਲਾਈਨ ਦੀ ਘਰੇਲੂ ਉਡਾਣ ਘਿਸੇ ਹੋਏ ਟਾਇਰਾਂ ਕਾਰਨ ਰੁਕੀ ਹੋਈ ਪਾਈ ਗਈ ਅਤੇ ਲੋੜੀਂਦੇ ਸੁਧਾਰ ਮਗਰੋਂ ਹੀ ਉਸ ਨੂੰ ਛੱਡਿਆ ਗਿਆ। ਉਨ੍ਹਾਂ ਕਿਹਾ ਕਿ ਅਜਿਹੇ ਕਈ ਮਾਮਲੇ ਵੀ ਸਨ ਜਿਨ੍ਹਾਂ ’ਚ ਪਹਿਲਾਂ ਪਤਾ ਲੱਗ ਚੁੱਕੀਆਂ ਖਾਮੀਆਂ ਜਹਾਜ਼ ’ਚ ਮੁੜ ਤੋਂ ਦਿਖਾਈ ਦਿੱਤੀਆਂ ਜਿਸ ਤੋਂ ਅਣਗਹਿਲੀ ਤੇ ਸੁਧਾਰ ਨਾ ਹੋਣ ਦਾ ਸੰਕੇਤ ਮਿਲਦਾ ਹੈ। ਇਸੇ ਦੌਰਾਨ ਸੁਪਰੀਮ ਕੋਰਟ ’ਚ ਇੱਕ ਪਟੀਸ਼ਨ ਦਾਇਰ ਕਰਕੇ ਮੰਗ ਕੀਤੀ ਗਈ ਹੈ ਕਿ ਅਹਿਮਦਾਬਾਦ ਹਵਾਈ ਹਾਦਸੇ ਦੇ ਮੱਦੇਨਜ਼ਰ ਦੋ ਹਫ਼ਤਿਆਂ ਅੰਦਰ ਸੁਰੱਖਿਆ ਆਡਿਟ ਕਰਾਉਣ ਤੱਕ ਏਅਰ ਇੰਡੀਆ ਦੇ ਬੋਇੰਗ ਬੇੜੇ ਦਾ ਸੰਚਾਲਨ ਮੁਅੱਤਲ ਰੱਖਿਆ ਜਾਵੇ। -ਪੀਟੀਆਈ