ਹਿਮਾਚਲ ਪ੍ਰਦੇਸ਼ ਦੇ ਪਹਾੜਾਂ ਵਿੱਚ ਹੋ ਰਹੀ ਤੇਜ਼ ਬਾਰਸ਼ ਅਤੇ ਚਮੇਰਾ ਪ੍ਰਾਜੈਕਟ ਵਲੋਂ ਛੱਡੇ ਜਾ ਰਹੇ ਪਾਣੀ ਨਾਲ ਰਣਜੀਤ ਸਾਗਰ ਡੈਮ ਦੀ ਝੀਲ ਵਿੱਚ ਪਾਣੀ ਦਾ ਪੱਧਰ ਖਤਰੇ ਦੇ ਨਿਸ਼ਾਨ ਦੇ ਨੇੜੇ ਪੁੱਜ ਗਿਆ ਜਿਸ ਕਾਰਨ ਰਣਜੀਤ ਸਾਗਰ ਡੈਮ ਪ੍ਰਸ਼ਾਸਨ ਨੇ ਅੱਜ ਸਵੇਰੇ ਡੈਮ ਦੇ ਸਪਿਲਵੇਅ ਦੇ ਸਾਰੇ ਸੱਤ ਫਲੱਡ ਗੇਟ ਖੋਲ੍ਹ ਦਿੱਤੇ ਅਤੇ ਇਹ ਸਾਰਾ ਪਾਣੀ ਮਾਧੋਪੁਰ ਹੈਡ ਵਰਕਸ ਰਾਹੀਂ ਰਾਵੀ ਦਰਿਆ ਵਿੱਚ ਪੁੱਜਣਾ ਸ਼ੁਰੂ ਹੋ ਗਿਆ। ਪਾਣੀ ਛੱਡਣ ਨਾਲ ਰਾਜਪੁਰਾ ਪਿੰਡ ਲਾਗੇ ਇੱਕ ਗੁੱਜਰ ਪਰਿਵਾਰ ਪਾਣੀ ਵਿੱਚ ਘਿਰ ਗਿਆ। ਪਾਣੀ ਵਿੱਚ ਘਿਰ ਗਏ ਗੁੱਜਰ ਪਰਿਵਾਰ ਦੇ ਚਾਰ ਮੈਂਬਰਾਂ ਵਿੱਚ ਇੱਕ ਬਜ਼ੁਰਗ ਸ਼ਨੀ ਮੁਹੰਮਦ, ਦੋ ਔਰਤਾਂ ਰੇਸ਼ਮਾ ਤੇ ਬੀਨਾ ਅਤੇ ਇੱਕ ਦੋ ਸਾਲ ਦਾ ਬੱਚਾ ਸੁਲਤਾਨ ਅਲੀ ਸ਼ਾਮਲ ਹੈ। ਇਨ੍ਹਾਂ ਨੂੰ 6 ਘੰਟਿਆਂ ਬਾਅਦ ਐਨਡੀਆਰਐਫ ਦੀ ਟੀਮ ਨੇ ਕਿਸ਼ਤੀ ਰਾਹੀਂ ਸਰੁੱਖਿਅਤ ਬਾਹਰ ਕੱਢ ਲਿਆਂਦਾ। ਇਸੇ ਤਰ੍ਹਾਂ ਦਰਿਆ ਦਾ ਪਾਣੀ ਵਧ ਜਾਣ ਨਾਲ ਸਰਹੱਦੀ ਖੇਤਰ ਦੇ ਤਾਸ਼ ਪਿੰਡ ਵਿੱਚ ਤਿੰਨ ਪਰਿਵਾਰਾਂ ਦੇ ਡੇਰੇ ਪਾਣੀ ਵਿੱਚ ਘਿਰ ਜਾਣ ਨਾਲ 15 ਪਰਿਵਾਰਕ ਮੈਂਬਰਾਂ ਨੇ ਛੱਤਾਂ ’ਤੇ ਚੜ੍ਹ ਕੇ ਜਾਨ ਬਚਾਈ ਅਤੇ ਤੜਕੇ 5 ਵਜੇ ਤੋਂ ਫਸੇ ਹੋਏ ਇਨ੍ਹਾਂ ਮੈਂਬਰਾਂ ਨੂੰ ਸਵੇਰੇ 11 ਵਜੇ ਕੱਢਿਆ ਗਿਆ। ਇਨ੍ਹਾਂ ਨੂੰ ਨਰੋਟ ਜੈਮਲ ਸਿੰਘ ਦੇ ਥਾਣਾ ਮੁਖੀ ਵਿਜੇ ਕੁਮਾਰ ਨੇ ਮੌਕੇ ਉੱਪਰ ਪੁੱਜ ਕੇ ਅਤੇ ਪਿੰਡ ਵਾਸੀਆਂ ਦੀ ਮੱਦਦ ਨਾਲ ਇੱਕ ਕਿਸ਼ਤੀ ਲਿਆ ਕੇ ਸਰੁੱਖਿਅਤ ਬਾਹਰ ਕੱਢਿਆ ਗਿਆ। ਇਸ ਦੇ ਇਲਾਵਾ ਧਾਰ ਬਲਾਕ ਦੇ ਨੀਮ ਪਹਾੜੀ ਖੇਤਰ ਦੇ ਪਿੰਡ ਢਾਂਗੂ ਸਰਾਂ ਦਾ ਇੱਕ ਛੇ ਸਾਲ ਦਾ ਬੱਚਾ ਸਾਹਿਲ ਖੱਡ ਵਿੱਚ ਪਾਣੀ ਦੇਖਣ ਲੱਗਾ ਤਾਂ ਮਿੱਟੀ ਖਿਸਕ ਜਾਣ ਨਾਲ ਉਹ ਵੀ ਡੁੱਬ ਗਿਆ ਅਤੇ 500 ਮੀਟਰ ਅੱਗੇ ਜਾ ਕੇ ਝਾੜੀਆਂ ਵਿੱਚ ਫਸ ਗਿਆ। ਉਸ ਦੀ ਮੌਕੇ ’ਤੇ ਹੀ ਮੌਤ ਹੋ ਗਈ।
ਰਣਜੀਤ ਸਾਗਰ ਡੈਮ ਤੋਂ ਪ੍ਰਾਪਤ ਜਾਣਕਾਰੀ ਅਨੁਸਾਰ ਅੱਜ ਝੀਲ ਵਿੱਚ ਪਾਣੀ ਦਾ ਪੱਧਰ 526.998 ਮੀਟਰ ਤੱਕ ਪੁੱਜ ਗਿਆ ਜਦ ਕਿ ਖਤਰੇ ਦਾ ਨਿਸ਼ਾਨ 527.91 ਮੀਟਰ ਹੈ। ਇਸ ਤੇ ਪ੍ਰਸ਼ਾਸਨ ਨੇ ਸੱਤ ਦੇ ਸੱਤ ਗੇਟ ਖੋਲ੍ਹ ਕੇ 77,000 ਕਿਊਸਿਕ ਪਾਣੀ ਛੱਡਣਾ ਸ਼ੁਰੂ ਕਰ ਦਿੱਤਾ ਅਤੇ ਚਾਰੇ ਯੂਨਿਟ ਚਲਾ ਕੇ 600 ਮੈਗਾਵਾਟ ਬਿਜਲੀ ਪੈਦਾ ਕਰਨੀ ਸ਼ੁਰੂ ਕਰ ਦਿੱਤੀ। ਮਾਧੋਪੁਰ ਹੈਡ ਵਰਕਸ ਦੇ ਐਸਡੀਓ ਅਰੁਣ ਕੁਮਾਰ ਨੇ ਦੱਸਿਆ ਕਿ ਦੁਪਹਿਰੇ ਇਕ ਵਜੇ 71, 000 ਕਿਊਸਿਕ ਪਾਣੀ ਪਾਕਿਸਤਾਨ ਦੀ ਤਰਫ ਛੱਡਿਆ ਜਾ ਰਿਹਾ ਹੈ। ਇਹ ਸਾਰਾ ਪਾਣੀ ਅੱਗੇ ਜਾ ਕੇ ਮਕੌੜਾ ਪੱਤਣ ’ਤੇ ਪੁੱਜ ਕੇ ਡੇਰਾ ਬਾਬਾ ਨਾਨਕ ਅਤੇ ਅੰਮ੍ਰਿਤਸਰ ਜ਼ਿਲ੍ਹੇ ਵਿੱਚ ਜਾ ਰਿਹਾ ਹੈ। ਵਾਟਰ ਰਿਸੋਰਸਜ਼ ਵਿਭਾਗ ਦੇ ਇੱਕ ਅਧਿਕਾਰੀ ਅਨੁਸਾਰ ਜੈਨਪੁਰ ਪੋਸਟ ਵਿਖੇ 3 ਲੱਖ ਤੋਂ ਵੱਧ ਪਾਣੀ ਦਰਜ ਕੀਤਾ ਗਿਆ।
ਉਧਰ ਕੈਬਨਿਟ ਮੰਤਰੀ ਲਾਲ ਚੰਦ ਕਟਾਰੂਚੱਕ ਨੇ ਅੱਜ ਵੀ ਕਥਲੌਰ ਪੁਲ ਅਤੇ ਹੋਰ ਪਿੰਡਾਂ ਦਾ ਦੌਰਾ ਕਰਕੇ ਹੜ੍ਹ ਦੀ ਸਥਿਤੀ ਦਾ ਜਾਇਜ਼ਾ ਲਿਆ। ਉਨ੍ਹਾਂ ਲੋਕਾਂ ਨੂੰ ਕਿਹਾ ਕਿ ਕਿਸੇ ਵੀ ਤਰ੍ਹਾਂ ਘਬਰਾਉਣ ਦੀ ਜ਼ਰੂਰਤ ਨਹੀਂ। ਪੰਜਾਬ ਦੀ ਭਗਵੰਤ ਮਾਨ ਸਰਕਾਰ ਉਨ੍ਹਾਂ ਦੇ ਪੂਰੀ ਤਰ੍ਹਾਂ ਨਾਲ ਹੈ ਅਤੇ ਖਰਾਬ ਹੋਈਆਂ ਫਸਲਾਂ ਅਤੇ ਹੋਰ ਸਮਾਨ ਦਾ ਸਾਰਾ ਮੁਆਵਜ਼ਾ ਦਿੱਤਾ ਜਾਵੇਗਾ।