ਕਾਰੋਬਾਰੀ ਦੇ ਘਰੋਂ ਨੌਕਰ 45 ਤੋਲੇ ਸੋਨਾ ਤੇ ਲੱਖਾਂ ਰੁਪਏ ਨਾਲ ਫ਼ਰਾਰ
ਟ੍ਰਿਬਿਊਨ ਨਿਊਜ਼ ਸਰਵਿਸ
ਲੁਧਿਆਣਾ, 7 ਜੁਲਾਈ
ਸਨਅਤੀ ਸ਼ਹਿਰ ਦੇ ਕਾਰੋਬਾਰੀ ਦੇ ਘਰੋਂ ਨੇਪਾਲੀ ਨੌਕਰ ਆਪਣੇ ਸਾਥੀਆਂ ਨਾਲ ਮਿਲ 45 ਤੋਲੇ ਸੋਨਾ ਤੇ 8 ਲੱਖ ਰੁਪਏ ਨਕਦ ਲੈ ਕੇ ਫ਼ਰਾਰ ਹੋ ਗਿਆ। ਸਮਾਗਮ ’ਤੇ ਗਏ ਕਾਰੋਬਾਰੀ ਦੇ ਪਰਿਵਾਰ ਵਾਲੇ ਜਦੋਂ ਘਰ ਵਾਪਸ ਪਰਤੇ ਤਾਂ ਘਰ ਦੇ ਕਮਰਿਆਂ ਦੇ ਤਾਲੇ ਟੁੱਟੇ ਪਏ ਸਨ ਤੇ ਨੌਕਰ ਗਾਇਬ ਸੀ। ਥਾਣਾ ਡਿਵੀਜ਼ਨ ਨੰਬਰ 8 ਦੀ ਪੁਲੀਸ ਨੇ ਊਧਮ ਸਿੰਘ ਨਗਰ ਇਲਾਕੇ ਵਿੱਚ ਰਹਿਣ ਵਾਲੇ ਕਾਰੋਬਾਰੀ ਪਾਰੁਲ ਜੈਨ ਦੀ ਸ਼ਿਕਾਇਤ ’ਤੇ ਨੇਪਾਲੀ ਨੌਕਰ ਸੰਨੀ ਅਤੇ ਤਿੰਨ ਹੋਰਾਂ ਵਿਰੁੱਧ ਕੇਸ ਦਰਜ ਕਰਕੇ ਕਾਰਵਾਈ ਸ਼ੁਰੂ ਕਰ ਦਿੱਤੀ ਹੈ।
ਪਾਰੁਲ ਜੈਨ ਵੱਲੋਂ ਪੁਲੀਸ ਕੋਲ ਦਰਜ ਕਰਵਾਈ ਗਈ ਸ਼ਿਕਾਇਤ ਅਨੁਸਾਰ ਦੋ ਦਿਨ ਪਹਿਲਾਂ ਉਸ ਦੀ ਭੈਣ ਦਾ ਜਨਮ ਦਿਨ ਸੀ। ਉਹ ਪਰਿਵਾਰ ਨਾਲ ਆਪਣੀ ਭੈਣ ਦੇ ਘਰ ਗਿਆ ਹੋਇਆ ਸੀ। ਨੇਪਾਲੀ ਨੌਕਰ ਸੰਨੀ ਘਰ ਵਿੱਚ ਇਕੱਲਾ ਸੀ। ਇਸ ਦੌਰਾਨ ਉਸ ਦੇ ਤਿੰਨ ਸਾਥੀ ਆਏ ਅਤੇ ਕਮਰੇ ਦਾ ਤਾਲਾ ਤੋੜ ਕੇ ਅੰਦਰੋਂ ਅੱਠ ਲੱਖ ਰੁਪਏ ਨਕਦ ਅਤੇ 45 ਤੋਲੇ ਸੋਨੇ ਦੇ ਗਹਿਣੇ ਚੋਰੀ ਕਰਕੇ ਫ਼ਰਾਰ ਹੋ ਗਏ। ਸਮਾਗਮ ਮਗਰੋਂ ਜਦੋਂ ਉਹ ਘਰ ਪਹੁੰਚੇ ਤਾਂ ਉਨ੍ਹਾਂ ਨੂੰ ਘਟਨਾ ਦਾ ਪਤਾ ਲੱਗਿਆ। ਉਨ੍ਹਾਂ ਤੁਰੰਤ ਪੁਲੀਸ ਨੂੰ ਸੂਚਿਤ ਕੀਤਾ। ਜਦੋਂ ਪੁਲੀਸ ਨੇ ਸੀਸੀਟੀਵੀ ਫੁਟੇਜ ਦੀ ਜਾਂਚ ਕੀਤੀ ਤਾਂ ਪਤਾ ਲੱਗਿਆ ਕਿ ਚੋਰੀ ਵੇਲੇ ਸੰਨੀ ਦੇ ਨਾਲ ਤਿੰਨ ਵਿਅਕਤੀ ਹੋਰ ਸਨ। ਜਾਂਚ ਅਧਿਕਾਰੀ ਏਐੱਸਆਈ ਸੁਨੀਲ ਕੁਮਾਰ ਨੇ ਕਿਹਾ ਕਿ ਮੁਲਜ਼ਮਾਂ ਦਾ ਹਾਲੇ ਤੱਕ ਪਤਾ ਨਹੀਂ ਲੱਗ ਸਕਿਆ। ਕੁਝ ਜਾਣਕਾਰੀ ਮਿਲੀ ਹੈ। ਜਲਦੀ ਹੀ ਮੁਲਜ਼ਮਾਂ ਨੂੰ ਕਾਬੂ ਕਰ ਲਿਆ ਜਾਵੇਗਾ।