ਬਠਿੰਡਾ ’ਚ ਸੀਪੀਆਈ ਦੀ 25ਵੀਂ ਕਾਂਗਰਸ ਨੂੰ ਸਮਰਪਿਤ ਸੈਮੀਨਾਰ
ਮਨੋਜ ਸ਼ਰਮਾ
ਭਾਰਤੀ ਕਮਿਊਨਿਸਟ ਪਾਰਟੀ ਦੀ 25ਵੀਂ ਕਾਂਗਰਸ ਨੂੰ ਸਮਰਪਿਤ ਸੈਮੀਨਾਰ ਅੱਜ ਇੱਥੇ ਟੀਚਰਜ਼ ਹੋਮ ਵਿੱਚ ਹੋਇਆ, ਜਿਸ ਦੇ ਮੁੱਖ ਬੁਲਾਰੇ ‘ਪੰਜਾਬੀ ਟ੍ਰਿਬਿਊਨ’ ਦੇ ਸਾਬਕਾ ਸੰਪਾਦਕ ਤੇ ਉੱਘੇ ਵਿਦਵਾਨ ਡਾ. ਸਵਰਾਜਬੀਰ ਸਨ। ਸੈਮੀਨਾਰ ’ਚ ਮੁੱਖ ਸੂਤਰਧਾਰ ਵਜੋਂ ਡਾ. ਸੁਮੇਲ ਸਿੰਘ ਸਿੱਧੂ ਨੇ ਸ਼ਿਰਕਤ ਕੀਤੀ
ਸਮਾਗਮ ਦੇ ਪ੍ਰਧਾਨਗੀ ਮੰਡਲ ’ਚ ਸੀਪੀਆਈ ਦੇ ਕੌਮੀ ਕੌਂਸਲ ਦੇ ਮੈਂਬਰ ਤੇ ਸਾਬਕਾ ਵਿਧਾਇਕ ਕਾਮਰੇਡ ਹਰਦੇਵ ਅਰਸ਼ੀ, ਜ਼ਿਲ੍ਹਾ ਸਕੱਤਰ ਬਠਿੰਡਾ ਕਾਮਰੇਡ ਬਲਕਰਨ ਸਿੰਘ ਬਰਾੜ, ਜ਼ਿਲ੍ਹਾ ਸਕੱਤਰ ਮਾਨਸਾ ਕਾਮਰੇਡ ਕ੍ਰਿਸ਼ਨ ਚੌਹਾਨ, ਜ਼ਿਲ੍ਹਾ ਸਕੱਤਰ ਫ਼ਰੀਦਕੋਟ ਕਾਮਰੇਡ ਅਸ਼ੋਕ ਕੌਸ਼ਲ ਅਤੇ ਜ਼ਿਲ੍ਹਾ ਸਕੱਤਰ ਬਰਨਾਲਾ ਕਾਮਰੇਡ ਖੁਸ਼ੀਆ ਸਿੰਘ ਵੀ ਹਾਜ਼ਰ ਸਨ।
ਡਾ. ਸੁਮੇਲ ਸਿੰਘ ਸਿੱਧੂ ਨੇ ਪ੍ਰੋਗਰਾਮ ਦਾ ਆਗ਼ਾਜ਼ ਕਰਦਿਆਂ ਪੰਜਾਬ ਦੇ ਬੁਨਿਆਦੀ ਮਸਲਿਆਂ ਦਾ ਸਬੰਧ ਪੰਜਾਬ, ਪੰਜਾਬੀ ਅਤੇ ਪੰਜਾਬੀਅਤ ਨਾਲ ਜੋੜਦਿਆਂ ਭੂਮਿਕਾ ਬੰਨ੍ਹੀ। ਸੈਮੀਨਾਰ ਦੇ ਮੁੱਖ ਵਕਤਾ ਡਾ. ਸਵਰਾਜਬੀਰ ਨੇ ਕਿਹਾ ਕਿ ਪੰਜਾਬ ਦੇ ਬੁਨਿਆਦੀ ਮਸਲੇ ਤਾਂ ਹੀ ਹੱਲ ਹੋਣਗੇ, ਜੇ ਪੰਜਾਬ, ਪੰਜਾਬੀ ਤੇ ਪੰਜਾਬੀਅਤ ਨੂੰ ਅਸੀਂ ਮੁੜ ਤੋਂ ਸੁਰਜੀਤ ਕਰਾਂਗੇ।
ਉਨ੍ਹਾਂ ਕਿਹਾ ਕਿ ਬਾਬਾ ਫ਼ਰੀਦ, ਗੁਰੂ ਨਾਨਕ ਦੇਵ ਤੋਂ ਸ਼ਰਧਾ ਰਾਮ ਫ਼ਿਲੌਰੀ, ਫ਼ਿਰੋਜ਼ਦੀਨ ਸ਼ਰਫ਼ ਤੱਕ ਅਦੀਬਾਂ ਨੇ ਪੰਜਾਬੀ ਮਾਂ ਬੋਲੀ ਦੇ ਬੁਨਿਆਦੀ ਸੰਕਲਪ ਨੂੰ ਕਾਇਮ ਕੀਤਾ। ਅੱਜ ਪੰਜਾਬੀਆਂ ਸਾਹਮਣੇ ਬੇਰੁਜ਼ਗਾਰੀ, ਪਰਵਾਸ, ਨਸ਼ੇ, ਭ੍ਰਿਸ਼ਟਾਚਾਰ, ਖੇਤੀ ਸੰਕਟ, ਗਰੀਬੀ ਵਰਗੇ ਅਨੇਕਾਂ ਮਸਲੇ ਹਨ। ਉਨ੍ਹਾਂ ਕਿਹਾ ਕਿ ਇਨ੍ਹਾਂ ਮਸਲਿਆਂ ਦੇ ਰੂਬਰੂ ਹੋਣ ਲਈ ਸਾਨੂੰ ਪੰਜਾਬੀ ਪਛਾਣ ਨੂੰ ਕਾਇਮ ਰੱਖ ਕੇ ਲੜਨਾ ਪਵੇਗਾ। ਸੈਂਕੜੇ ਦਰਸ਼ਕਾਂ ਵਾਲੇ ਇਸ ਪ੍ਰੋਗਰਾਮ ਦਾ ਆਰੰਭ ਸਾਬਕਾ ਵਿਧਾਇਕ ਕਾਮਰੇਡ ਹਰਦੇਵ ਅਰਸ਼ੀ ਦੇ ਸਵਾਗਤੀ ਸ਼ਬਦਾਂ ਨਾਲ ਹੋਇਆ ਜਦਕਿ ਅਖੀਰ ਵਿੱਚ ਕਾਮਰੇਡ ਬਲਕਰਨ ਸਿੰਘ ਬਰਾੜ ਨੇ ਸਭ ਮਹਿਮਾਨਾਂ ਦਾ ਧੰਨਵਾਦ ਕੀਤਾ।
ਇਸ ਮੌਕੇ ਜਸਵੀਰ ਸਿੰਘ ਆਕਲੀਆ, ਜਸਪਾਲ ਮਨਖੇੜਾ, ਲਛਮਣ ਸਿੰਘ ਮਲੂਕਾ, ਮੱਖਣ ਸਿੰਘ ਗੁਰੂਸਰ, ਮਿੱਠੂ ਸਿੰਘ ਘੁੱਦਾ, ਡਾ. ਬਲਦੇਵ ਸਿੰਘ ਗਰੇਵਾਲ, ਕਾਮਰੇਡ ਜਰਨੈਲ ਸਿੰਘ ਭਾਈਰੂਪਾ, ਰਣਬੀਰ ਰਾਣਾ, ਡਾ. ਨੀਤੂ ਅਰੋੜਾ, ਪ੍ਰੋਫੈਸਰ ਸ਼ੁਭਪ੍ਰੇਮ ਬਰਾੜ ਆਦਿ ਹਾਜ਼ਰ ਸਨ।