ਸਿਲੈਕਟ ਕਮੇਟੀ ਵੱਲੋਂ ਧਾਰਮਿਕ ਵਿਸ਼ਿਆਂ ਦੇ ਮਾਹਿਰਾਂ ਨਾਲ ਮੀਟਿੰਗ
ਪੰਜਾਬ ਸਰਕਾਰ ਵੱਲੋਂ ਸੂਬੇ ਵਿੱਚ ਧਾਰਮਿਕ ਗ੍ਰੰਥਾਂ ਦੀ ਬੇਅਦਬੀ ਦੀਆਂ ਘਟਨਾਵਾਂ ਨੂੰ ਰੋਕਣ ਲਈ ‘ਪੰਜਾਬ ਪਵਿੱਤਰ ਧਾਰਮਿਕ ਗ੍ਰੰਥਾ ਦੇ ਵਿਰੁੱਧ ਅਪਰਾਧਾਂ ਦੀ ਰੋਕਥਾਮ ਬਿੱਲ 2025’ ਦਾ ਖਰੜਾ ਤਿਆਰ ਕਰਨ ਲਈ ਸਿਲੈਕਟ ਕਮੇਟੀ ਬਣਾਈ ਗਈ ਹੈ। ਅੱਜ ਇਸ ਸਿਲੈਕਟ ਕਮੇਟੀ ਨੇ ਧਾਰਮਿਕ ਗ੍ਰੰਥਾਂ ਦੀ ਬੇਅਦਬੀ ਨਾਲ ਸਬੰਧਤ ਵਿਸ਼ਾ ਮਾਹਿਰਾਂ ਨਾਲ ਮੀਟਿੰਗ ਕੀਤੀ। ਇਸ ਦੌਰਾਨ ਕਮੇਟੀ ਵੱਲੋਂ ਵਿਸ਼ਾ ਮਾਹਿਰਾਂ ਦੇ ਵਿਚਾਰ ਲਏ ਗਏ। ਇਸ ਦੌਰਾਨ ਗੁਰੂ ਨਾਨਕ ਦੇਵ ਯੂਨੀਵਰਸਿਟੀ ਅੰਮ੍ਰਿਤਸਰ ਦੇ ਵੱਖ-ਵੱਖ ਧਰਮਾਂ ਨਾਲ ਸਬੰਧਤ ਧਾਰਮਿਕ ਸਟੱਡੀਜ਼ ਦੇ ਮਾਹਿਰ ਅਤੇ ਸਿੱਖ ਸਟੱਡੀਜ਼ ਚੇਅਰ ਦੇ ਮੁਖੀ ਪ੍ਰੋ. ਅਮਰਜੀਤ ਸਿੰਘ, ਉਰਦੂ ਪਰਸ਼ਿਅਨ ਵਿਭਾਗ ਦੇ ਡਾ. ਸਾਈਦ ਰਾਇਹਾਨ ਹਸਨ ਰਿਜ਼ਵੀ, ਹਿੰਦੀ ਵਿਭਾਗ ਦੇ ਮੁਖੀ ਪ੍ਰੋ. ਸੁਨੀਲ ਕੁਮਾਰ, ਲਾਅ ਵਿਭਾਗ ਦੇ ਪ੍ਰੋ. ਪਵਨ ਕੁਮਾਰ, ਆਰਕੀਟੈਕਚਰ ਵਿਭਾਗ ਦੇ ਡਾ. ਪਿੰਟੂ ਐਮਰਸਨ, ਅਤੇ ਰਾਜਨੀਤਕ ਸ਼ਾਸਤਰ ਵਿਭਾਗ ਦੇ ਮੁਖੀ ਪ੍ਰੋ. ਸਤਨਾਮ ਸਿੰਘ ਦਿਉਲ ਹਾਜ਼ਰ ਹੋਏ। ਉਨ੍ਹਾਂ ਨੇ ਕਮੇਟੀ ਨਾਲ ਵਿਚਾਰ ਵਟਾਂਦਰਾ ਕਰਦਿਆਂ ਆਪਣੇ ਕੀਮਤੀ ਮਸ਼ਵਰੇ ਸਾਂਝੇ ਕੀਤੇ। ਵਿਧਾਨ ਸਭਾ ਵੱਲੋਂ ਬਣਾਈ ਸਿਲੈਕਟ ਕਮੇਟੀ ਵੱਲੋਂ ਅਗਲੀ ਮੀਟਿੰਗ 26 ਅਗਸਤ 2025 ਨੂੰ ਰੱਖੀ ਗਈ ਹੈ। ਇਸ ਮੀਟਿੰਗ ਵਿੱਚ ਬਾਰ ਐਸੋਸੀਏਸ਼ਨ ਦੇ ਪ੍ਰਧਾਨ, ਬਾਰ ਕਾਊੇਂਸਿਲ ਦੇ ਚੇਅਰਮੈਨ ਅਤੇ ਪੰਜਾਬ ਤੇ ਹਰਿਆਣਾ ਹਾਈ ਕਰੋਟ ਨੂੰ ਵੀ ਆਪਣੇ ਸੁਝਾਅ ਦੇਣ ਲਈ ਬੇਨਤੀ ਕੀਤੀ ਗਈ ਹੈ। ਕਮੇਟੀ ਨੇ ਇਸੇ ਤਰੀਕੇ ਨਾਲ ਪੰਜਾਬ ਅਤੇ ਹਰਿਆਣਾ ਹਾਈ ਕੋਰਟ ਦੇ ਸੇਵਾਮੁਕਤ ਜੱਜਾਂ ਨੂੰ ਆਪਣੇ ਵਿਚਾਰ ਅਤੇ ਸੁਝਾਅ ਲਿਖਤੀ ਤੌਰ ’ਤੇ ਦੇਣ ਲਈ ਵੀ ਬੇਨਤੀ ਕੀਤੀ ਹੈ। ਇਸ ਤੋਂ ਇਲਾਵਾ ਸਿਲੈਕਟ ਕਮੇਟੀ ਕੋਲ਼ ਈ-ਮੇਲ, ਪੱਤਰ ਅਤੇ ਹੋਰ ਢੰਗ ਤਰੀਕਿਆਂ ਨਾਲ ਵੀ ਵੱਡੀ ਗਿਣਤੀ ਵਿੱਚ ਲੋਕਾਂ ਦੇ ਸੁਝਾਅ ਪਹੁੰਚ ਰਹੇ ਹਨ।