ਸੀਚੇਵਾਲ ਨੇ ਬੁੱਢੇ ਦਰਿਆ ਦਾ ਜਾਇਜ਼ਾ ਲਿਆ
ਡੇਅਰੀ ਕੰਪਲੈਕਸ ਵਿੱਚ ਦੋ ਡਾਇੰਗਾਂ ਫਡ਼ੀਆਂ; ਲੋਕਾਂ ਨੇ ਕਬਜ਼ਿਆਂ ਦਾ ਮੁੱਦਾ ਚੁੱਕਿਆ
ਗਗਨਦੀਪ ਅਰੋੜਾ
ਇਥੇ ਬੁੱਢੇ ਦਰਿਆ ’ਚ ਪ੍ਰਦੂਸ਼ਣ ਦਾ ਮੁੱਦਾ ਭਖਿਆ ਹੋਇਆ ਹੈ। ਅੱਜ ਬੁੱਢੇ ਦਰਿਆ ਦੇ ਪਾਣੀ ਵਿੱਚ ਵੱਡੇ ਸੁਧਾਰ ਹੋਣ ਦਾ ਦਾਅਵਾ ਕਰਦਿਆਂ ਰਾਜ ਸਭਾ ਮੈਂਬਰ ਸੰਤ ਬਲਬੀਰ ਸਿੰਘ ਸੀਚੇਵਾਲ ਨੇ ਕਿਹਾ ਕਿ ਪਹਿਲਾਂ ਦੇ ਮੁਕਾਬਲੇ ਦਰਿਆ ਵਿੱਚ ਬਦਬੂ ਘੱਟ ਹੋਈ ਹੈ। ਹੈਬੋਵਾਲ ਜਿੱਥੇ ਪਹਿਲਾਂ ਬੁੱਢੇ ਦਰਿਆ ਦੇ ਪਾਣੀ ਦਾ ਟੀਡੀਐੱਸ ਦੋ ਹਜ਼ਾਰ ਤੋਂ ਵੱਧ ਆਉਂਦਾ ਸੀ ਉੱਥੇ ਅੱਜ ਇਸ ਦਾ ਪਾਣੀ ਦਾ ਟੀਡੀਐੱਸ 852 ਦੇ ਕਰੀਬ ਆਇਆ।
ਇਸ ਦੌਰਾਨ ਉਨ੍ਹਾਂ ਨੇ ਹੈਬੋਵਾਲ ਡੇਅਰੀ ਕੰਪਲੈਕਸ ਵਿੱਚ ਚੋਰੀ ਚੱਲਦੀਆਂ ਦੋ ਡਾਇੰਗਾਂ ਫੜੀਆਂ। ਪੰਜਾਬ ਪ੍ਰਦੂਸ਼ਣ ਕੰਟਰੋਲ ਬੋਰਡ ਦੇ ਐਕਸੀਅਨ ਨੇ ਦੱਸਿਆ ਕਿ ਇਹ ਡਾਇੰਗਾਂ ਬਾਹਰੋਂ ਦੇਖਣ ਤੋਂ ਤਾਂ ਇਸ ਤਰ੍ਹਾਂ ਲੱਗਦੀਆਂ ਸਨ ਜਿਵੇਂ ਡੇਅਰੀਆਂ ਹੋਣ ਪਰ ਜਦੋਂ ਸੰਤ ਸੀਚੇਵਾਲ ਦੇ ਟੀਮ ਮੈਂਬਰਾਂ ਵੱਲੋਂ ਡਾਇੰਗਾਂ ਹੋਣ ਦਾ ਖੁਲਾਸਾ ਕੀਤਾ ਗਿਆ ਤਾਂ ਬੋਰਡ ਦੇ ਅਧਿਕਾਰੀਆਂ ਨੇ ਤੁਰੰਤ ਕਾਰਵਾਈ ਕਰਦਿਆਂ ਇਨ੍ਹਾਂ ਨੂੰ ਬੰਦ ਕਰਨ ਦੀ ਸਿਫ਼ਾਰਸ਼ ਕਰ ਦਿੱਤੀ ਹੈ।
ਜਾਣਕਾਰੀ ਅਨੁਸਾਰ ਸੰਤ ਬਲਬੀਰ ਸਿੰਘ ਸੀਚੇਵਾਲ ਵੱਲੋਂ ਅੱਜ ਤਾਜਪੁਰ ਡੇਅਰੀ ਕੰਪਲੈਕਸ ਤੋਂ ਲੈ ਕੇ ਹੈਬੋਵਾਲ ਡੇਅਰੀ ਕੰਪਲੈਕਸ ਤੱਕ ਬੁੱਢੇ ਦਰਿਆ ਦਾ ਦੌਰਾ ਕੀਤਾ ਗਿਆ। ਉਨ੍ਹਾਂ ਅੰਮ੍ਰਿਤ ਧਰਮ ਕੰਢਾ, ਸ਼ਿਵਪੁਰੀ, ਗਾਊਘਾਟ, ਰੇਲਵੇ ਲਾਈਨ ਤੋਂ ਹੈਬੋਵਾਲ ਤੱਕ ਦਰਿਆ ਦਾ ਜਾਇਜ਼ਾ ਲਿਆ। ਇਸ ਮੌਕੇ ਲੋਕਾਂ ਨੇ ਬੁੱਢੇ ਦਰਿਆ ’ਤੇ ਨਾਜਾਇਜ਼ ਕਬਜ਼ਿਆਂ ਦਾ ਮੁੱਦਾ ਚੁੱਕਿਆ। ਲੋਕਾਂ ਵੱਲੋਂ ਦਰਿਆ ਨੇੜੇ ਮੈਡੀਕਲ ਵੇਸਟ ਸੁੱਟਣ ਦਾ ਮਾਮਲਾ ਸਾਹਮਣੇ ਲਿਆਉਣ ’ਤੇ ਪ੍ਰਦੂਸ਼ਣ ਕੰਟਰੋਲ ਬੋਰਡ ਨੇ ਤੁਰੰਤ ਮੈਡੀਕਲ ਵੇਸਟ ਨੂੰ ਚੁੱਕਵਾਇਆ।
ਹੈਬੋਵਾਲ ਡੇਅਰੀ ਕੰਪਲੈਕਸ ਨੇੜੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਸੰਤ ਸੀਚੇਵਾਲ ਨੇ ਦੱਸਿਆ ਕਿ ਪਿਛਲੇ ਸਾਲ 22 ਦਸੰਬਰ ਤੋਂ ਬੁੱਢੇ ਦਰਿਆ ਵਿੱਚ ਗੰਦਾ ਪਾਣੀ ਪੈਣ ਤੋਂ ਰੋਕਣ ਲਈ ਵਿਸ਼ੇਸ਼ ਮੁਹਿੰਮ ਚਲਾਈ ਸੀ। ਮੁਹਿੰਮ ਤਹਿਤ ਹੁਣ ਤੱਕ ਪੇਂਡੂ ਖੇਤਰ ਦੀਆਂ 79 ਡੇਅਰੀਆਂ ਦਾ ਗੋਹਾ ਅਤੇ ਮਲਮੂਤਰ ਬੰਦ ਕਰਵਾਇਆ ਗਿਆ ਹੈ। ਨਗਰ ਨਿਗਮ ਦਾ ਵੱਖ-ਵੱਖ ਥਾਵਾਂ ਤੋਂ ਦਰਿਆ ਵਿੱਚ ਪੈ ਰਿਹਾ 160 ਐੱਮ ਐੱਲ ਡੀ ਦੇ ਕਰੀਬ ਗੰਦਾ ਪਾਣੀ ਬੰਦ ਕਰਵਾਉਣ ਵਿੱਚ ਕਾਮਯਾਬੀ ਮਿਲੀ ਹੈ। ਨਿਗਮ ਕਮਿਸ਼ਨਰ ਨੇ 27 ਨਵੰਬਰ ਦੀ ਮੀਟਿੰਗ ਵਿੱਚ ਭਰੋਸਾ ਦਿੱਤਾ ਸੀ ਕਿ ਬੁੱਢੇ ਦਰਿਆ ਵਿੱਚ ਪੈ ਰਿਹਾ ਗੰਦਾ ਪਾਣੀ 10 ਦਸੰਬਰ ਤੱਕ ਬੰਦ ਕਰ ਦਿੱਤਾ ਜਾਵੇਗਾ। ਉਨ੍ਹਾਂ ਦੱਸਿਆ ਕਿ ਡਾਇੰਗਾਂ ਦੇ ਜਿਹੜੇ ਸਾਂਝੇ ਟਰੀਟਮੈਂਟ ਪਲਾਂਟ ਲੱਗੇ ਹੋਏ ਹਨ। ਇਨ੍ਹਾਂ ਦਾ ਕੇਸ ਅਦਾਲਤ ਵਿੱਚ ਹੈ ਪਰ ਇਨ੍ਹਾਂ ਪਲਾਂਟਾ ਦਾ ਪਾਣੀ ਮਾਪਦੰਡਾਂ ’ਤੇ ਖਰਾ ਨਹੀਂ ਉਤਰ ਰਿਹਾ।

