ਦੇਸ਼ ’ਚ ਧਰਮ ਨਿਰਪੱਖ ਸਿਆਸਤ ਨੂੰ ਅੱਗੇ ਲਿਆਂਦਾ ਜਾਵੇਗਾ: ਅਮਰਜੀਤ ਕੌਰ
ਭਾਰਤੀ ਕਮਿਊਨਿਸਟ ਪਾਰਟੀ (ਸੀ ਪੀ ਆਈ) ਵੱਲੋਂ 25ਵੀਂ ਕੌਮੀ ਕਾਨਫਰੰਸ ਚੰਡੀਗੜ੍ਹ ਵਿੱਚ 21 ਤੋਂ 25 ਸਤੰਬਰ ਤੱਕ ਕੀਤੀ ਜਾਵੇਗੀ। ਇਸ ਦੀ ਸ਼ੁਰੂਆਤ 21 ਸਤੰਬਰ ਨੂੰ ਮੁਹਾਲੀ ਵਿੱਚ ਰੈਲੀ ਕਰ ਕੇ ਕੀਤੀ ਜਾਵੇਗੀ। ਅਗਲੇ ਚਾਰ ਦਿਨ ਚੰਡੀਗੜ੍ਹ ਸਥਿਤ ਕਿਸਾਨ ਭਵਨ ਵਿੱਚ ਸਮਾਗਮ ਕੀਤੇ ਜਾਣਗੇ।
ਸੀਪੀਆਈ ਦੀ ਕੌਮੀ ਸਕੱਤਰ ਅਮਰਜੀਤ ਕੌਰ, ਰਿਸੈਪਸ਼ਨ ਕਮੇਟੀ ਤੇ ਸੀਪੀਆਈ ਪੰਜਾਬ ਦੇ ਜਨਰਲ ਸਕੱਤਰ ਬੰਤ ਸਿੰਘ ਬਰਾੜ, ਰਿਸੈਪਸ਼ਨ ਕਮੇਟੀ ਦੇ ਚੇਅਰਮੈਨ ਡਾ. ਸਵਰਾਜਬੀਰ ਨੇ ਕਿਹਾ ਕਿ ਸੀਪੀਆਈ ਦੇ ਮਹਾਂਸੰਮੇਲਨ ਵਿੱਚ ਦੇਸ਼ ਭਰ ਤੋਂ 800 ਦੇ ਕਰੀਬ ਡੈਲੀਗੇਟ ਸ਼ਮੂਲੀਅਤ ਕਰਨਗੇ। ਇਨ੍ਹਾਂ ਵੱਲੋਂ ਕੇਂਦਰ ਤੇ ਰਾਜਾਂ ਦੇ ਅਧਿਕਾਰਾਂ ਦੀ ਕਮਜ਼ੋਰੀ, ਸੰਵਿਧਾਨਕ ਸੰਸਥਾਵਾਂ ਦੀ ਘਾਟ, ਕਾਲੇ ਸਨਅਤੀ ਕਾਨੂੰਨ, ਹਮਲਾਵਰ ਜੰਗਾਂ, ਕੌਮੀ ਸੁਰੱਖਿਆ ਵਿੱਚ ਜ਼ਿੰਮੇਵਾਰੀ ਅਤੇ ਪੰਜਾਬ ਤੇ ਉੱਤਰੀ ਭਾਰਤ ਵਿੱਚ ਹੜ੍ਹਾਂ ਕਾਰਨ ਹੋਈ ਤਬਾਹੀ ਵਰਗੇ ਮੁੱਦਿਆ ’ਤੇ ਗੱਲਬਾਤ ਕੀਤੀ ਜਾਵੇਗੀ। ਸੀਪੀਆਈ ਦੀ ਕੌਮੀ ਸਕੱਤਰ ਅਮਰਜੀਤ ਕੌਰ ਕਿਹਾ ਕਿ ਭਾਜਪਾ ਵੱਲੋਂ ਦੇਸ਼ ਵਿੱਚ ਧਰਮ, ਜਾਤ ਅਤੇ ਪੈਸੇ ਦੀ ਰਾਜਨੀਤੀ ਕੀਤੀ ਜਾ ਰਹੀ ਹੈ। ਇਸੇ ਕਰ ਕੇ ਸਿਆਸਤ ਵਿੱਚੋਂ ਲੋਕਾਂ ਦੇ ਅਸਲ ਮੁੱਦੇ ਗਾਇਬ ਹੁੰਦੇ ਜਾ ਰਹੇ ਹਨ। ਸੀਪੀਆਈ ਵੱਲੋਂ ਮਹਾਂਸੰਮੇਲਨ ਦੌਰਾਨ ਦੇਸ਼ ਵਿੱਚ ਧਰਮ-ਨਿਰਪੱਖ ਸਿਆਸਤ ਨੂੰ ਅੱਗੇ ਲਿਆਉਣ ਬਾਰੇ ਚਰਚਾ ਕੀਤੀ ਜਾਵੇਗੀ।
ਪ੍ਰਧਾਨ ਮੰਤਰੀ ਨੇ ਹੜ੍ਹਾਂ ਮਾਰੇ ਪੰਜਾਬ ਨਾਲ ਮਜ਼ਾਕ ਕੀਤਾ: ਬਰਾੜ
ਸੀਪੀਆਈ ਪੰਜਾਬ ਦੇ ਜਨਰਲ ਸਕੱਤਰ ਬੰਤ ਸਿੰਘ ਬਰਾੜ ਨੇ ਕਿਹਾ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਵੱਲੋਂ ਵੀ ਹੜ੍ਹ ਪੀੜਤਾਂ ਦੀ ਮਦਦ ਕਰਨ ਦੀ ਥਾਂ ਸਿਰਫ਼ 1600 ਕਰੋੜ ਰੁਪਏ ਜਾਰੀ ਕਰ ਕੇ ਹੜ੍ਹ ਪੀੜਤਾਂ ਨਾਲ ਮਜ਼ਾਕ ਕੀਤਾ ਗਿਆ ਹੈ। ਉਨ੍ਹਾਂ ਕਿਹਾ ਕਿ ਸੂਬਾ ਸਰਕਾਰ ਲੋਕਾਂ ਨੂੰ ਸਹੀ ਢੰਗ ਨਾਲ ਰਾਹਤ ਪਹੁੰਚਾਉਣ ਵਿੱਚ ਨਾਕਾਮ ਰਹੀ ਹੈ।