ਸਕੂਲੀ ਵਿਦਿਆਰਥਣਾਂ ਨੇ ਮੁੱਖ ਮੰਤਰੀ ਸੈਣੀ ਨੂੰ ਰੱਖੜੀ ਬੰਨ੍ਹੀ
ਰੱਖੜੀ ਦੇ ਤਿਉਹਾਰ ਮੌਕੇ ਪੰਚਕੂਲਾ ਦੇ ਸਰਕਾਰੀ ਸਕੂਲਾਂ ਦੀਆਂ ਵਿਦਿਆਰਥਣਾਂ ਨੇ ਚੰਡੀਗੜ੍ਹ ਵਿੱਚ ਸਥਿਤ ਹਰਿਆਣਾ ਦੇ ਮੁੱਖ ਮੰਤਰੀ ਨਾਇਬ ਸਿੰਘ ਸੈਣੀ ਦੀ ਰਿਹਾਇਸ਼ ਸੰਤ ਕਬੀਰ ਕੁਟੀਰ ’ਤੇ ਪੁੱਜ ਕੇ ਉਨ੍ਹਾਂ ਨੂੰ ਰੱਖੜੀਆਂ ਬੰਨ੍ਹੀਆਂ। ਇਸ ਮੌਕੇ ਮੁੱਖ ਮੰਤਰੀ ਸ੍ਰੀ ਸੈਣੀ ਨੇ ਸਰਕਾਰੀ ਸਕੂਲ ਦੀਆਂ ਵਿਦਿਆਰਥਣਾਂ ਦੇ ਪਿਆਰ ਅਤੇ ਸਤਿਕਾਰ ਲਈ ਉਨ੍ਹਾਂ ਦਾ ਧੰਨਵਾਦ ਕੀਤਾ। ਇਸ ਦੇ ਨਾਲ ਹੀ ਉਨ੍ਹਾਂ ਦੀ ਪੜ੍ਹਾਈ, ਖੇਡਾਂ ਤੇ ਭਵਿੱਖ ਦੀਆਂ ਯੋਜਨਾਵਾਂ ਸਬੰਧੀ ਗੱਲਬਾਤ ਵੀ ਕੀਤੀ। ਉਨ੍ਹਾਂ ਵਿਦਿਆਰਥਣਾਂ ਨੂੰ ਅੱਗੇ ਵਧਣ ਅਤੇ ਸਮਾਜ ਵਿੱਚ ਆਪਣੀ ਪਛਾਣ ਬਣਾਉਣ ਲਈ ਪ੍ਰੇਰਿਤ ਕੀਤਾ। ਇਸ ਮੌਕੇ ਹਰਿਆਣਾ ਰਾਜ ਬਾਲ ਭਲਾਈ ਪਰਿਸ਼ਦ ਦੀ ਮੀਤ ਪ੍ਰਧਾਨ ਤੇ ਮੁੱਖ ਮੰਤਰੀ ਦੀ ਪਤਨੀ ਸ੍ਰੀਮਤੀ ਸੁਮਨ ਸੈਣੀ ਵੀ ਮੌਜੂਦ ਸਨ।
ਮੁੱਖ ਮੰਤਰੀ ਨਾਇਬ ਸਿੰਘ ਸੈਣੀ ਨੇ ਕਿਹਾ ਕਿ ਰੱਖੜੀ ਸਿਰਫ਼ ਭਰਾ-ਭੈਣ ਦਾ ਤਿਉਹਾਰ ਨਹੀਂ ਸਗੋਂ ਇਹ ਪ੍ਰੇਮ, ਤਿਆਗ ਅਤੇ ਸੁਰੱਖਿਆ ਦੀ ਭਾਵਨਾ ਦਾ ਪ੍ਰਤੀਕ ਹੈ। ਅਜਿਹੇ ਮੌਕੇ ਸਾਨੂੰ ਆਪਣੇ ਸਭਿਆਚਾਰ ਤੇ ਰਵਾਇਤਾਂ ਨਾਲ ਜੋੜਦੇ ਹਨ ਅਤੇ ਸਮਾਜ ਵਿੱਚ ਭਾਈਚਾਰੇ ਤੇ ਸਦਭਾਵਨਾ ਦੀ ਭਾਵਨਾ ਨੂੰ ਮਜ਼ਬੂਤ ਕਰਦੇ ਹਨ। ਉਨ੍ਹਾਂ ਕਿਹਾ ਕਿ ਬੱਚਿਆਂ ਦੀ ਮਾਸੂਮ ਮੁਸਕਾਨ ਅਤੇ ਪਿਆਰ ਉਨ੍ਹਾਂ ਨੂੰ ਨਵੀਂ ਊਰਜਾ ਅਤੇ ਉਤਸ਼ਾਹ ਦਿੰਦੇ ਹਨ, ਜਿਸ ਨਾਲ ਉਹ ਸੂਬੇ ਦੇ ਵਿਕਾਸ ਅਤੇ ਬੱਚਿਆਂ ਦੇ ਉੱਜਵਲ ਭਵਿੱਖ ਲਈ ਹੋਰ ਵੱਧ ਮਿਹਨਤ ਕਰਨ ਲਈ ਪ੍ਰੇਰਿਤ ਹੁੰਦੇ ਹਨ। ਇਸ ਮੌਕੇ ਮੁੱਖ ਮੰਤਰੀ ਨੇ ਸਾਰੀਆਂ ਵਿਦਿਆਰਥਣਾਂ ਨੂੰ ਤੋਹਫ਼ੇ ਵੀ ਭੇਟ ਕੀਤੇ।