ਨਵੀਂ ਦਿੱਲੀ, 8 ਜੁਲਾਈ
ਇਸ ਵਰ੍ਹੇ ਸ਼ੁਰੂ ਹੋ ਰਹੇ ਅਗਾਮੀ ਵਿੱਦਿਅਕ ਸੈਸ਼ਨ ਲਈ 101 ਭਾਰਤੀ ਵਿਦਿਆਰਥੀਆਂ, ਜਿਨ੍ਹਾਂ ਵਿੱਚ 50 ਔਰਤਾਂ ਸ਼ਾਮਲ ਹਨ, ਨੂੰ ਯੂਰੋਪ ’ਚ ਦੋ ਸਾਲਾ ਮਾਸਟਰਜ਼ ਪ੍ਰੋਗਰਾਮ (ਪੋਸਟਗ੍ਰੈਜੂਏਟ ਪੜ੍ਹਾਈ) ਲਈ ਵੱਕਾਰੀ ‘ਇਰਾਸਮਸ+’ ਸਕਾਲਰਸ਼ਿਪ ਦਿੱਤੀ ਗਈ ਹੈ। ਅਧਿਕਾਰੀਆਂ ਨੇ ਇਹ ਜਾਣਕਾਰੀ ਦਿੱਤੀ। ਸਾਲ 1987 ਵਿੱਚ ਸ਼ੁਰੂ ਕੀਤਾ ਗਿਆ ਇਰਾਸਮਸ+ ਪ੍ਰੋਗਰਾਮ ਯੂਨੀਵਰਸਿਟੀ ਦੇ ਵਿਦਿਆਰਥੀਆਂ ਲਈ ਯੂਰੋਪੀਅਨ ਰਿਜਨ ਐਕਸ਼ਨ ਸਕੀਮ (ਯੂਰੋਪੀਅਨ ਰਿਜਨ ਐਕਸ਼ਨ ਸਕੀਮ ਫਾਰ ਮੋਬਿਲਟੀ ਫਾਰ ਯੂਨੀਵਰਸਿਟੀ ਸਟੂਡੈਂਟਸ) ਦਾ ਹਿੱਸਾ ਹੈ। ਇਹ ਕੌਮਾਂਤਰੀ ਗਤੀਸ਼ੀਲਤਾ ਤੇ ਸਿੱਖਿਆ ਅਦਾਨ-ਪ੍ਰਦਾਨ ਲਈ ਯੂਰੋਪੀਅਨ ਯੂਨੀਅਨ (ਈਯੂ) ਦੀ ਅਹਿਮ ਤਰਜੀਹ ਦਾ ਹਿੱਸਾ ਹੈ। ਇਹ ਵਿਦਿਆਰਥੀ ਭਾਰਤ ਦੇ 20 ਸੂਬਿਆਂ ਨਾਲ ਸਬੰਧਤ ਹਨ। ਭਾਰਤ ਵਿੱਚ ਈਯੂ ਦੇ ਡੈਲੀਗੇਟ ਨੇ ਸੋਮਵਾਰ ਨੂੰ ਇੱਕ ਬਿਆਨ ’ਚ ਕਿਹਾ, ‘‘50 ਵਿਦਿਆਰਥਣਾਂ ਸਣੇ 101 ਭਾਰਤੀ ਵਿਦਿਆਰਥੀਆਂ ਨੂੰ 2025 ਤੋਂ ਸ਼ੁਰੂ ਹੋਣ ਵਾਲੇ ਵਿੱਦਿਅਕ ਸੈਸ਼ਨ ਲਈ ਯੂਰੋਪ ’ਚ ਦੋ ਸਾਲਾ ਪੋਸਟਗ੍ਰੈਜੂਏਟ ਪੜ੍ਹਾਈ ਲਈ ਵੱਕਾਰੀ ਇਰਾਸਮਸ+ ਸਕਾਲਰਸ਼ਿਪ ਦਿੱਤੀ ਗਈ ਹੈ।’’ ਇਸ ਵਿੱਚ ਕਿਹਾ ਗਿਆ ਕਿ ਸਾਲ 2014 ਤੋਂ ਭਾਰਤ ਸਮੁੱਚੇ ਤੌਰ ’ਤੇ ਇਸ ਸਕਾਲਰਸ਼ਿਪ ਦਾ ਸਭ ਤੋਂ ਵੱਡਾ ਲਾਭਪਾਤਰ ਬਣਿਆ ਹੋਇਆ ਹੈ। ਇਹ ਕਦਮ ਈਯੂ ਨਾਲ ਭਾਰਤ ਦੀ ਮਜ਼ਬੂਤ ਤੇ ਵਿਸ਼ਾਲ ਸਿੱਖਿਆ ਭਾਈਵਾਲੀ ਨੂੰ ਉਭਾਰਦਾ ਹੈ। ਬਿਆਨ ਮੁਤਾਬਕ ‘ਇਰਾਸਮਸ+’ ਵਿਦਿਆਰਥੀ ਆਮ ਤੌਰ ’ਤੇ ਘੱਟੋ ਘੱਟ ਦੋ ਯੂਰੋਪੀ ਯੂਨੀਵਰਸਿਟੀਆਂ ’ਚ ਅਧਿਐਨ ਕਰਦੇ ਹਨ ਤੇ ਇੱਕ ਸਾਂਝੀ, ਦੋਹਰੀ ਜਾਂ ਮਲਟੀਪਲ ਡਿਗਰੀ ਹਾਸਲ ਕਰਦੇ ਹਨ। -ਪੀਟੀਆਈ