SBI ਧੋਖਾਧੜੀ ਮਾਮਲਾ: ਫਰੀਦਕੋਟ ਪੁਲੀਸ ਨੇ 14 ਕਰੋੜ ਰੁਪਏ ਧੋਖਾਧੜੀ ਮਾਮਲੇ ਵਿੱਚ ਮੁਲਜ਼ਮ ਦਾ ਸਾਥੀ ਕੀਤਾ ਗ੍ਰਿਫ਼ਤਾਰ
ਜ਼ਿਲ੍ਹੇ ਵਿੱਚ ਐੱਸਬੀਆਈ (SBI) ਦੀ ਸਾਦਿਕ ਸ਼ਾਖਾ ਵਿੱਚ ਧੋਖਾਧੜੀ ਦੇ ਮਾਮਲੇ ਵਿੱਚ ਫਰੀਦਕੋਟ ਪੁਲੀਸ ਨੇ ਦਾਅਵਾ ਕੀਤਾ ਕਿ ਬੈਂਕ ਦੇ ਕਲਰਕ ਅਮਿਤ ਢੀਂਗਰਾ ਦੇ ਕਰੀਬੀ ਸਾਥੀ ਅਭਿਸ਼ੇਕ ਕੁਮਾਰ ਗੁਪਤਾ ਨੂੰ ਗਾਜ਼ੀਆਬਾਦ ਦੇ ਉਸਦੇ ਫਲੈਟ ਤੋਂ ਗ੍ਰਿਫ਼ਤਾਰ ਕੀਤਾ ਹੈ।
ਜਾਂਚ ਤੋਂ ਪਤਾ ਲੱਗਿਆ ਹੈ ਕਿ ਢੀਂਗਰਾ ਨੇ ਲਗਭਗ 1.5 ਕਰੋੜ ਰੁਪਏ ਦੀ ਜਾਇਦਾਦ ਅਤੇ ਗਾਜ਼ੀਆਬਾਦ ਵਿੱਚ ਇੱਕ ਫਲੈਟ ਗੁਪਤਾ ਦੇ ਨਾਅ ‘ਤੇ ਟਰਾਂਸਫਰ ਕਰ ਦਿੱਤਾ ਹੈ। ਇਸ ਤੋਂ ਇਲਾਵਾ ਗੁਪਤਾ ਦੇ ਖਾਤੇ ਵਿੱਚ ਲਗਭਗ 10 ਲੱਖ ਰੁਪਏ ਨਕਦ ਜਮ੍ਹਾਂ ਕੀਤੇ ਗਏ ਸਨ ।
ਐੱਸਐੱਸਪੀ ਫਰੀਦਕੋਟ ਡਾ. ਪ੍ਰਗਿਆ ਜੈਨ ਨੇ ਕਿਹਾ ਕਿ ਗੁਪਤਾ ਦੀ ਗ੍ਰਿਫ਼ਤਾਰੀ ਦੇ ਨਾਲ ਹੁਣ ਲਗਭਗ 2.50 ਕਰੋੜ ਰੁਪਏ ਦੀ ਚੱਲ ਅਤੇ ਅਚੱਲ ਜਾਇਦਾਦ ਜ਼ਬਤ ਕਰ ਲਈ ਗਈ ਹੈ। ਜਾਂਚ ਵਿੱਚ ਹੋਰ ਦੋਸ਼ੀ ਵਿਅਕਤੀਆਂ ਨਾਲ ਸ਼ੁਰੂਆਤੀ ਵਿੱਤੀ ਸਬੰਧਾਂ ਦਾ ਵੀ ਖੁਲਾਸਾ ਹੋਇਆ ਹੈ, ਜਿਸਦੀ ਕੀਮਤ ਲਗਭਗ 2 ਕਰੋੜ ਰੁਪਏ ਹੈ। ਇਸ ਮਾਮਲੇ ਵਿੱਚ ਵਧੇਰੇ ਜਾਂਚ ਵੀ ਕੀਤੀ ਜਾ ਰਹੀ ਹੈ।
ਇਹ ਘੁਟਾਲਾ ਇਸ ਸਾਲ ਜੁਲਾਈ ਦੇ ਅਖੀਰ ਵਿੱਚ ਸਾਹਮਣੇ ਆਇਆ ਜਦੋਂ ਫਰੀਦਕੋਟ ਵਿੱਚ ਐਸਬੀਆਈ (SBI) ਦੀ ਸਾਦਿਕ ਸ਼ਾਖਾ ਵਿੱਚ ਫਿਕਸਡ ਡਿਪਾਜ਼ਿਟ ਅਤੇ ਕਿਸਾਨ ਕ੍ਰੈਡਿਟ ਲਿਮਟ ਖਾਤਿਆਂ ਵਿੱਚ ਅੰਤਰ ਨੇ ਧਿਆਨ ਖਿੱਚਿਆ। ਇਹ ਖੁਲਾਸਾ ਹੋਇਆ ਕਿ ਲੰਬੇ ਸਮੇਂ ਤੋਂ ਸੇਵਾ ਨਿਭਾ ਰਹੇ ਕਲਰਕ ਅਮਿਤ ਢੀਂਗਰਾ ਨੇ ਰਸੀਦਾਂ ਨੂੰ ਜਾਅਲੀ ਬਣਾ ਕੇ 30 ਤੋਂ ਵੱਧ ਖਾਤਿਆਂ ਤੋਂ 6 ਕਰੋੜ ਰੁਪਏ ਦੀ ਹੇਰਾਫੇਰੀ ਕੀਤੀ ਸੀ। ਧੋਖਾਧੜੀ ਦਾ ਪੈਮਾਨਾ ਬਾਅਦ ਵਿੱਚ ਵਧਿਆ ਰਿਪੋਰਟਾਂ ਦੇ ਨਾਲ ਕੁੱਲ 14 ਕਰੋੜ ਰੁਪਏ ਤੋਂ ਵੱਧ ਦੇ ਨੁਕਸਾਨ ਦਾ ਸੰਕੇਤ ਮਿਲਿਆ, ਜਿਸ ਨਾਲ ਲਗਭਗ 180 ਗਾਹਕ ਪ੍ਰਭਾਵਿਤ ਹੋਏ। 24 ਜੁਲਾਈ ਨੂੰ ਢੀਂਗਰਾ ਦੀ ਪਤਨੀ, ਰੁਪਿੰਦਰ ਕੌਰ ਦੇ ਖਾਤੇ ਵਿੱਚ 2.3 ਕਰੋੜ ਰੁਪਏ ਦੇ ਸ਼ੱਕੀ ਲੈਣ-ਦੇਣ ਦਾ ਪਤਾ ਲੱਗਣ ਤੋਂ ਬਾਅਦ ਗ੍ਰਿਫਤਾਰ ਕੀਤਾ ਗਿਆ ਸੀ। ਢੀਂਗਰਾ ਨੂੰ ਖੁਦ 30 ਜੁਲਾਈ ਨੂੰ ਮਥੁਰਾ ਦੇ ਵ੍ਰਿੰਦਾਵਨ ਵਿੱਚ ਇੱਕ ਹਫ਼ਤੇ ਤੋਂ ਵੱਧ ਸਮੇਂ ਤੱਕ ਚੱਲੀ ਤਲਾਸ਼ੀ ਤੋਂ ਬਾਅਦ ਗ੍ਰਿਫਤਾਰ ਕੀਤਾ ਗਿਆ ਸੀ।