ਸੰਜੀਵ ਹਾਂਡਾ
ਫ਼ਿਰੋਜ਼ਪੁਰ,28 ਜੂਨ
ਗੁਰੂਹਰਸਹਾਏ ਦੇ ਪਿੰਡ ਤਰਿੱਡਾ ਦੇ ਨੌਜਵਾਨ ਸਰਪੰਚ ਜਸ਼ਨਪ੍ਰੀਤ ਬਾਵਾ ਦੀ ਆਤਮਹੱਤਿਆ ਦੇ ਮਾਮਲੇ ਵਿੱਚ ਇੱਕ ਵੱਡਾ ਮੋੜ ਆਇਆ ਹੈ। ਸਿੱਟ ਦੀ ਰਿਪੋਰਟ ਤੋਂ ਬਾਅਦ ਹਲਕਾ ਵਿਧਾਇਕ ਫੌਜਾ ਸਿੰਘ ਸਰਾਰੀ ਅਤੇ ਉਨ੍ਹਾਂ ਦੇ ਪੀ.ਏ. ਬਚਿੱਤਰ ਸਿੰਘ ਲਾਡੀ ਨੂੰ ਕਲੀਨ ਚਿੱਟ ਦੇ ਦਿੱਤੀ ਗਈ ਹੈ। ਇਸ ਦੇ ਨਾਲ ਹੀ ਜਸ਼ਨਪ੍ਰੀਤ ਦੇ ਪਿਤਾ ਅਤੇ ਕੁਝ ਹੋਰ ਗਵਾਹਾਂ ਦੇ ਬਿਆਨਾਂ ਦੇ ਆਧਾਰ ’ਤੇ ਪੁਲੀਸ ਨੇ ਹੁਣ ਪੰਜ ਹੋਰ ਵਿਅਕਤੀਆਂ ਖ਼ਿਲਾਫ਼ ਆਤਮਹੱਤਿਆ ਲਈ ਉਕਸਾਉਣ ਦਾ ਕੇਸ ਦਰਜ ਕਰ ਲਿਆ ਹੈ।
ਮਾਮਲੇ ਵਿੱਚ ਨਵਾਂ ਮੋੜ ਸਾਹਮਣੇ ਆਉਣ ’ਤੇ ਐਕਸ਼ਨ ਕਮੇਟੀ ਦੇ ਆਗੂਆਂ ਵਿੱਚ ਭਾਰੀ ਰੋਸ ਹੈ, ਉਹ ਇਸ ਨੂੰ ਵਿਧਾਇਕ ਦੇ ਦਬਾਅ ਹੇਠ ਕੀਤੀ ਗਈ ਕਾਰਵਾਈ ਕਰਾਰ ਦੇ ਰਹੇ ਹਨ। ਦੂਜੇ ਪਾਸੇ ਕੁੱਝ ਲੋਕ ਜਸ਼ਨਪ੍ਰੀਤ ਦੇ ਪਰਿਵਾਰ ਨੂੰ ਹੀ ਇਸ ਸਥਿਤੀ ਲਈ ਜ਼ਿੰਮੇਵਾਰ ਠਹਿਰਾ ਰਹੇ ਹਨ।
ਜ਼ਿਕਰਯੋਗ ਹੈ ਕਿ 31 ਮਈ ਨੂੰ ਸਰਪੰਚ ਜਸ਼ਨਪ੍ਰੀਤ ਨੇ ਘਰ ਵਿੱਚ ਆਪਣੀ ਲਾਇਸੰਸੀ ਪਿਸਤੌਲ ਨਾਲ ਗੋਲੀ ਮਾਰ ਕੇ ਖੁਦਕੁਸ਼ੀ ਕਰ ਲਈ ਸੀ। ਘਟਨਾ ਤੋਂ ਅਗਲੇ ਦਿਨ ਜਸ਼ਨ ਦੇ ਪਿਤਾ ਤਰਸੇਮ ਲਾਲ ਨੇ ਪੁਲੀਸ ਨੂੰ ਬਿਆਨ ਦਿੱਤਾ ਸੀ ਕਿ ਉਨ੍ਹਾਂ ਨੂੰ ਕਿਸੇ ’ਤੇ ਕੋਈ ਸ਼ੱਕ ਨਹੀਂ ਅਤੇ ਉਹ ਕੋਈ ਕਾਰਵਾਈ ਨਹੀਂ ਚਾਹੁੰਦੇ। ਜਿਸ ਤੋਂ ਬਾਅਦ ਪੁਲੀਸ ਵੱਲੋਂ 174 ਤਹਿਤ ਕਾਰਵਾਈ ਕਰਕੇ ਫਾਈਲ ਬੰਦ ਕਰ ਦਿੱਤੀ ਸੀ ਅਤੇ ਪਰਿਵਾਰ ਦੀ ਬੇਨਤੀ ’ਤੇ ਪੋਸਟਮਾਰਟਮ ਵੀ ਨਹੀਂ ਕਰਵਾਇਆ ਗਿਆ।
ਪਰ ਸਸਕਾਰ ਤੋਂ ਬਾਅਦ 5 ਜੂਨ ਨੂੰ ਤਰਸੇਮ ਲਾਲ ਵੱਲੋਂ ਇੱਕ ਦਰਖਾਸਤ ਦਿੱਤੀ ਗਈ, ਜਿਸ ਵਿੱਚ ਉਨ੍ਹਾਂ ਨੇ ਵਿਧਾਇਕ ਫੌਜਾ ਸਿੰਘ ਸਰਾਰੀ ਅਤੇ ਉਨ੍ਹਾਂ ਦੇ ਪੀ.ਏ. ਬਚਿੱਤਰ ਸਿੰਘ ਲਾਡੀ ਨੂੰ ਜਸ਼ਨਪ੍ਰੀਤ ਦੀ ਮੌਤ ਲਈ ਸਿੱਧੇ ਤੌਰ ’ਤੇ ਜ਼ਿੰਮੇਵਾਰ ਠਹਿਰਾਇਆ। ਵਿਧਾਇਕ ਦਾ ਨਾਮ ਆਉਣ ਨਾਲ ਇਹ ਮਾਮਲਾ ਮੁੜ ਸੁਰਖੀਆਂ ਵਿਚ ਆ ਗਿਆ। ਆਮ ਆਦਮੀ ਪਾਰਟੀ ਦੇ ਸਾਬਕਾ ਆਗੂ ਦੀਪਕ ਸ਼ਰਮਾ ਨੇ ਵਿਧਾਇਕ ਖ਼ਿਲਾਫ਼ ਕਾਰਵਾਈ ਲਈ ਮੋਰਚਾ ਖੋਲ੍ਹਿਆ ਅਤੇ ਕਈ ਜਥੇਬੰਦੀਆਂ ਨੇ ਪਰਿਵਾਰ ਦੇ ਹੱਕ ਵਿੱਚ ਖੜ੍ਹ ਕੇ ਐਕਸ਼ਨ ਕਮੇਟੀ ਦਾ ਗਠਨ ਕੀਤਾ। ਇਸ ਦਬਾਅ ਹੇਠ ਪੁਲੀਸ ਨੂੰ ਸਿੱਟ ਦਾ ਗਠਨ ਕਰਨਾ ਪਿਆ ਸੀ।
ਸਿੱਟ ਦੀ ਜਾਂਚ ਵਿੱਚ ਹੈਰਾਨ ਕਰਨ ਵਾਲੇ ਤੱਥ ਸਾਹਮਣੇ ਆਏ ਹਨ। ਜਾਣਕਾਰੀ ਅਨੁਸਾਰ ਤਰਸੇਮ ਲਾਲ ਨੇ ਸਿੱਟ ਸਾਹਮਣੇ ਬਿਆਨ ਦਿੱਤਾ ਕਿ ਉਸ ਨੇ ਵਿਧਾਇਕ ਅਤੇ ਉਨ੍ਹਾਂ ਦੇ ਪੀ.ਏ. ਖ਼ਿਲਾਫ਼ ਦਿੱਤੇ ਬਿਆਨ ਕੁਝ ਲੋਕਾਂ ਵੱਲੋਂ ਭੜਕਾਉਣ ਕਰਕੇ ਦਿੱਤੇ ਸਨ। ਉਨ੍ਹਾਂ ਕਿਹਾ ਕਿ ਉਸ ਸਮੇਂ ਉਹ ਸਦਮੇ ਵਿੱਚ ਸਨ ਅਤੇ ਉਨ੍ਹਾਂ ਦੀ ਮਾਨਸਿਕ ਹਾਲਤ ਠੀਕ ਨਹੀਂ ਸੀ। ਇੱਥੋਂ ਤੱਕ ਕਿ ਜਸ਼ਨਪ੍ਰੀਤ ਨੂੰ ਸਰਪੰਚ ਬਣਾਉਣ ਲਈ ਵਿਧਾਇਕ ਅਤੇ ਉਨ੍ਹਾਂ ਦੇ ਪੀ.ਏ. ਵੱਲੋਂ ਕਥਿਤ ਤੌਰ 'ਤੇ ਲਏ ਗਏ ਦਸ ਲੱਖ ਰੁਪਏ ਦੇ ਦੋਸ਼ਾਂ ਤੋਂ ਵੀ ਤਰਸੇਮ ਲਾਲ ਸਿੱਟ ਸਾਹਮਣੇ ਮੁੱਕਰ ਗਏ ਅਤੇ ਇਨ੍ਹਾਂ ਦੋਵਾਂ ਨੂੰ ਬੇਕਸੂਰ ਦੱਸਿਆ। ਸਿੱਟ ਨੇ ਤਰਸੇਮ ਲਾਲ ਦੀ ਪਤਨੀ ਸਮੇਤ ਸੱਤ ਹੋਰ ਲੋਕਾਂ ਦੇ ਬਿਆਨ ਵੀ ਦਰਜ ਕੀਤੇ ਹਨ।
ਇਸ ਮਾਮਲੇ ਸਬੰਧੀ ਹੁਣ ਜਿਨ੍ਹਾਂ ਪੰਜ ਮੁਲਜ਼ਮਾਂ ਖ਼ਿਲਾਫ਼ ਕੇਸ ਦਰਜ ਕੀਤਾ ਗਿਆ ਹੈ ਉਨ੍ਹਾਂ ਵਿੱਚ ਸੋਨਾ ਸਿੰਘ, ਕੁਲਦੀਪ ਸਿੰਘ, ਹਰਦੀਪ ਸਿੰਘ ਅਤੇ ਸੁਖਵਿੰਦਰ ਸਿੰਘ (ਸਾਰੇ ਪਿੰਡ ਤਰਿੱਡਾ), ਐੱਸ.ਕੇ.ਸੀ. ਕਲੋਨੀ ਗੁਰੂਹਰਸਹਾਏ ਵਾਸੀ ਕਰਨਬੀਰ ਸਿੰਘ ਢਿੱਲੋਂ ਸ਼ਾਮਲ ਹਨ। ਤਰਸੇਮ ਲਾਲ ਦਾ ਕਹਿਣਾ ਹੈ ਕਿ ਇਹ ਲੋਕ ਉਸ ਨੂੰ ਸਰਪੰਚੀ ਤੋਂ ਲਾਹ ਕੇ ਖੁਦ ਸਰਪੰਚੀ ਲੈਣ ਦੀਆਂ ਸਕੀਮਾਂ ਘੜ ਰਹੇ ਸਨ, ਜਿਸ ਤੋਂ ਪ੍ਰੇਸ਼ਾਨ ਹੋ ਕੇ ਜਸ਼ਨਪ੍ਰੀਤ ਨੇ ਆਤਮਹੱਤਿਆ ਕਰ ਲਈ। ਹਾਲੇ ਤੱਕ ਇਨ੍ਹਾਂ ਵਿੱਚੋਂ ਕਿਸੇ ਦੀ ਗ੍ਰਿਫਤਾਰੀ ਨਹੀਂ ਹੋਈ ਹੈ।
ਉਧਰ ਜਸ਼ਨਪ੍ਰੀਤ ਦੇ ਪਿਤਾ ਦਾ ਬਦਲੇ ਹੋਏ ਬਿਆਨ ਤੇ ਐਕਸ਼ਨ ਕਮੇਟੀ ਨੇ ਚਿੰਤਾ ਜ਼ਾਹਿਰ ਕੀਤੀ ਹੈ।