ਅਕਾਲੀ ਦਲ ਦੀ ਭਰਤੀ ਲਈ ਸੰਗਤ ਦਾ ਵੱਡਾ ਯੋਗਦਾਨ: ਇਯਾਲੀ
ਮਹਿੰਦਰ ਸਿੰਘ ਰੱਤੀਆਂ
ਮੋਗਾ, 13 ਜੁਲਾਈ
ਅਕਾਲ ਤਖ਼ਤ ਵੱਲੋਂ ਸ਼੍ਰੋਮਣੀ ਅਕਾਲੀ ਦਲ ਦੀ ਭਰਤੀ ਲਈ ਬਣਾਈ ਪੰਜ ਮੈਂਬਰੀ ਕਮੇਟੀ ਦੇ ਆਗੂ ਤੇ ਵਿਧਾਇਕ ਮਨਪ੍ਰੀਤ ਸਿੰਘ ਇਯਾਲੀ ਦੀ ਅਗਵਾਈ ਹੇਠ ਅਕਾਲ ਤਖ਼ਤ ਦੇ ਹੁਕਮਾਂ ਅਨੁਸਾਰ ਵਾਤਾਵਰਨ ਸੰਭਾਲ ਮੁਹਿੰਮ ਦੀ ਇੱਥੇ ਸਰਕਲ ਮਹਿਣਾ ਅਧੀਨ ਪਿੰਡ ਕਪੂਰੇ ਤੋਂ ਸ਼ੁਰੂਆਤ ਕੀਤੀ ਗਈ। ਇਸ ਮੌਕੇ ਸ੍ਰੀ ਇਯਾਲੀ ਨੇ ਕਿਹਾ ਕਿ ਅਕਾਲ ਤਖ਼ਤ ਦੀ ਫ਼ਸੀਲ ਤੋਂ ਬਣੀ ਪੰਜ ਮੈਂਬਰੀ ਕਮੇਟੀ ਨੂੰ ਸੰਗਤ ਵੱਡਾ ਹੁੰਗਾਰਾ ਦੇ ਰਹੀ ਹੈ। ਉਨ੍ਹਾਂ ਦੱਸਿਆ ਕਿ ਹੁਣ ਤੱਕ ਉਨ੍ਹਾਂ ਕੋਲ ਪੁੱਜੀ ਸੂਚੀ ਮੁਤਾਬਕ ਪੰਜਾਬ ਵਿਚ 12 ਲੱਖ ਤੋਂ ਵੱਧ ਮੈਂਬਰ ਬਣ ਚੁੱਕੇ ਹਨ। ਉਨ੍ਹਾਂ ਕਿਹਾ ਕਿ ਮੈਂਬਰਸ਼ਿਪ ਭਰਤੀ ਦਾ ਕੰਮ ਜਾਰੀ ਹੈ ਅਤੇ ਹੋਰ ਰੋਜ਼ਾਨਾ ਸੂਚੀ ਉਨ੍ਹਾਂ ਕੋਲ ਆ ਰਹੀ ਹੈ।
ਵਿਧਾਇਕ ਮਨਪ੍ਰੀਤ ਸਿੰਘ ਇਯਾਲੀ ਅਤੇ ਬਰਜਿੰਦਰ ਸਿੰਘ ਮੱਖਣ ਬਰਾੜ ਨੇ ਸੰਗਤ ਨੂੰ ਹਰੇ-ਭਰੇ ਪੰਜਾਬ ਵੱਲ ਕਦਮ ਵਧਾਉਂਦਿਆਂ ਵਾਤਾਵਰਨ ਸੰਭਾਲ ਲਈ ਉਤਸ਼ਾਹਿਤ ਕੀਤਾ।
ਉਨ੍ਹਾਂ ਕਿਹਾ,‘ਅਕਾਲ ਤਖ਼ਤ ਸਾਡੇ ਲਈ ਸਿਰਮੌਰ ਹੈ ਤੇ ਸਾਰੀ ਸਿੱਖ ਕੌਮ ਇੱਥੋਂ ਜਾਰੀ ਹੋਏ ਹੁਕਮ ਨੂੰ ਸਵੀਕਾਰ ਕਰਦੀ ਹੈ।’ ਉਨ੍ਹਾਂ ਸਾਰਿਆਂ ਨੂੰ ਵਾਤਾਵਰਨ ਦੀ ਬਿਹਤਰੀ ਵਾਸਤੇ ਇੱਕ-ਇੱਕ ਬੂਟਾ ਲਾਉਣ ਦਾ ਸੱਦਾ ਦਿੱਤਾ। ਉਨ੍ਹਾਂ ਕਿਹਾ ਕਿ ਅਕਾਲ ਤਖ਼ਤ ਵੱਲੋਂ ਵਾਤਾਵਰਨ ਦੀ ਸੰਭਾਲ ਬਾਰੇ ਦਿੱਤੇ ਹੁਕਮ ਸਾਡੀ ਧਾਰਮਿਕ, ਸਮਾਜਿਕ ਤੇ ਆਗਾਮੀ ਪੀੜ੍ਹੀਆਂ ਲਈ ਜ਼ਿੰਮੇਵਾਰੀ ਨੂੰ ਯਾਦ ਕਰਾਉਂਦੇ ਹਨ। ਇਸ ਮੌਕੇ ਰਾਜਿੰਦਰ ਸਿੰਘ ਕਪੂਰੇ, ਬਲਦੇਵ ਸਿੰਘ ਮਾਣੂਕੇ, ਗੁਰਜੰਟ ਸਿੰਘ ਭੁੱਟੋ, ਕੁਲਦੀਪ ਸਿੰਘ ਏਡੀਓ ਐਡਵੋਕੇਟ ਰਣਜੀਤ ਸਿੰਘ ਧਾਲੀਵਾਲ, ਦਵਿੰਦਰ ਸਿੰਘ ਰਣੀਆ, ਬਲਜੀਤ ਸਿੰਘ ਜਸ ਮੰਗੇ ਵਾਲਾ, ਭਗਵਾਨ ਸਿੰਘ ਅਟਾਰੀ, ਹਰਭੁਪਿੰਦਰ ਸਿੰਘ ਲਾਡੀ ਬੁੱਟਰ ਸਣੇ ਵੱਡੀ ਗਿਣਤੀ ਅਕਾਲੀ ਆਗੂ ਮੌਜੂਦ ਸਨ।