ਗੁਰੂਘਰ ’ਤੇ ਕਬਜ਼ੇ ਨੂੰ ਲੈ ਕੇ ਸੰਗਤ ਤੇ ਸ਼੍ਰੋਮਣੀ ਕਮੇਟੀ ਆਹਮੋ-ਸਾਹਮਣੇ
ਇਤਿਹਾਸਕ ਗੁਰਦੁਆਰਾ ਸਿੱਧਸਰ ਸਾਹਿਬ ਦੀ ਮਲਕੀਅਤ ਸਬੰਧੀ ਇਲਾਕੇ ਦੀ ਸੰਗਤ ਅਤੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦਰਮਿਆਨ ਚੱਲ ਰਿਹਾ ਵਿਵਾਦ ਉਸ ਵੇਲੇ ਹੋਰ ਵਧ ਗਿਆ ਜਦੋਂ ਦੋਵੇਂ ਧਿਰਾਂ ਮੁੜ ਆਹਮੋ-ਸਾਹਮਣੇ ਹੋ ਗਈਆਂ। ਸਵੇਰ ਤੋਂ ਹੀ ਗੁਰਦੁਆਰੇ ਦੇ ਆਲੇ ਦੁਆਲੇ ਭਾਰੀ ਪੁਲੀਸ ਫੋਰਸ ਤਾਇਨਾਤ ਕਰ ਦਿੱਤੀ ਗਈ। ਮਾਲ ਵਿਭਾਗ ਵੱਲੋਂ ਡਰੋਨ ਜ਼ਰੀਏ ਮਿਣਤੀ ਕੀਤੀ ਗਈ ਤੇ ਅਗਲੇ ਦਸ ਦਿਨਾਂ ਤੱਕ ਇਸ ਮਸਲੇ ਦਾ ਹੱਲ ਕੱਢਣ ਲਈ ਸਮਾਂ ਮੰਗਿਆ ਗਿਆ ਜਿਸ ਤੋਂ ਬਾਅਦ ਸਿਵਲ ਤੇ ਪੁਲੀਸ ਪ੍ਰਸ਼ਾਸਨ ਵਲੋਂ ਦੋਵੇਂ ਧਿਰਾਂ ਨੂੰ ਸਮਝਾਇਆ ਗਿਆ। ਸੰਗਤ ਨੇ ਇਤਰਾਜ਼ ਜਤਾਇਆ ਕਿ ਸ਼੍ਰੋਮਣੀ ਕਮੇਟੀ ਵਲੋਂ ਟਾਸਕ ਫੋਰਸ ਅਤੇ ਸੈਂਕੜਿਆਂ ਦੀ ਗਿਣਤੀ ਵਿੱਚ ਮੁਲਾਜ਼ਮ ਕਬਜ਼ਾ ਕਰਨ ਦੀ ਮਨਸ਼ਾ ਨਾਲ ਲਿਆਂਦੇ ਗਏ ਹਨ। ਇਸ ਤੋਂ ਬਾਅਦ ਸੰਗਤ ਨੇ ਸ਼੍ਰੋਮਣੀ ਕਮੇਟੀ ਖਿਲਾਫ ਰੋਸ ਪ੍ਰਗਟਾਇਆ।
ਸਮਾਜ ਸੇਵੀ ਅਵਤਾਰ ਸਿੰਘ ਜਰਗੜੀ ਤੇ ਪੰਚ ਜਸਵੰਤ ਸਿੰਘ ਬੱਬੂ ਸਿਹੌੜਾ ਨੇ ਕਿਹਾ ਕਿ ਖਸਰਾ ਨੰਬਰ 1558 ਗ੍ਰਾਮ ਪੰਚਾਇਤ ਸਿਹੌੜਾ ਦੇ ਨਾਂ ’ਤੇ ਹੈ, ਜਿਸ ਦੀ ਨਿਸ਼ਾਨਦੇਹੀ ਕਰਨ ਸਬੰਧੀ ਨਾਇਬ ਤਹਿਸੀਲਦਾਰ ਗੁਰਪ੍ਰੀਤ ਸਿੰਘ ਨੂੰ ਕਿਹਾ ਗਿਆ ਸੀ। ਉਨ੍ਹਾਂ ਕਿਹਾ ਕਿ ਖਸਰਾ ਨੰਬਰ 1558 ਉੱਪਰ ਹੀ ਗੁਰਦੁਆਰੇ ਦੀ ਇਮਾਰਤ ਤੇ ਲੰਗਰ ਹਾਲ ਆਦਿ ਬਣੇ ਹੋਏ ਹਨ ਤੇ ਇਸ ਜਗ੍ਹਾ ਨਾਲ ਸ਼੍ਰੋਮਣੀ ਕਮੇਟੀ ਦਾ ਕੋਈ ਸਬੰਧ ਨਹੀਂ ਹੈ। ਉਨ੍ਹਾਂ ਕਿਹਾ ਕਿ ਜ਼ਿਲ੍ਹਾ ਤੇ ਸੈਸ਼ਨ ਜੱਜ ਵੱਲੋਂ ਉੱਕਤ ਨੰਬਰਾਂ ਉੱਪਰ ਸਟੇਅ ਲਗਾ ਦਿੱਤੀ ਗਈ ਸੀ। ਇਸ ਮੌਕੇ ਐੱਸਐਚਓ ਮਲੌਦ ਚਰਨਜੀਤ ਸਿੰਘ, ਐੱਸਐਚਓ ਪਾਇਲ ਸੰਦੀਪ ਕੁਮਾਰ, ਐੱਸਐਚਓ ਦੋਰਾਹਾ ਆਕਾਸ਼ ਦੱਤ, ਚੌਕੀ ਇੰਚਾਰਜ ਸਿਆੜ ਚਰਨਜੀਤ ਸਿੰਘ, ਕਾਨੂੰਨਗੋ ਨੀਤੂ ਬਾਲਾ ਮੌਜੂਦ ਸਨ।