ਸੰਜੀਵ ਹਾਂਡਾ
ਫ਼ਿਰੋਜ਼ਪੁਰ, 28 ਜੂਨ
ਭਾਰਤੀ ਰੇਲਵੇ ਵਿੱਚ ਔਰਤਾਂ ਦੀ ਸ਼ਮੂਲੀਅਤ ਦੇ ਨਵੇਂ ਦੌਰ ਦੀ ਸ਼ੁਰੂਆਤ ਕਰਦਿਆਂ ਫਿਰੋਜ਼ਪੁਰ ਮੰਡਲ ਨੇ ਅੱਜ ਮਹੱਤਵਪੂਰਨ ਪ੍ਰਾਪਤੀ ਹਾਸਲ ਕੀਤੀ ਹੈ। ਸ੍ਰੀਮਤੀ ਸੰਧਿਆ ਸ਼ਾਹ ਨੇ ਮੰਡਲ ਦੀ ਪਹਿਲੀ ਮਹਿਲਾ ਲੋਕੋ ਪਾਇਲਟ (ਮਾਲ ਗੱਡੀ) ਵਜੋਂ ਇਤਿਹਾਸ ਸਿਰਜਿਆ ਹੈ। ਅੱਜ, ਉਨ੍ਹਾਂ ਨੇ ਪੂਰੀ ਤਰ੍ਹਾਂ ਸੁਤੰਤਰ ਰੂਪ ਵਿੱਚ ਮਾਲ ਗੱਡੀ ਦਾ ਸੰਚਾਲਨ ਕੀਤਾ, ਜੋ ਰੇਲਵੇ ਭਰਤੀ ਬੋਰਡ ਤੋਂ ਸਹਾਇਕ ਲੋਕੋ ਪਾਇਲਟ ਵਜੋਂ ਚੁਣੇ ਜਾਣ ਤੋਂ ਬਾਅਦ ਫਿਰੋਜ਼ਪੁਰ ਮੰਡਲ ਵਿੱਚ ਲੋਕੋ ਪਾਇਲਟ (ਮਾਲ ਗੱਡੀ) ਦੇ ਅਹੁਦੇ ’ਤੇ ਤਰੱਕੀ ਪ੍ਰਾਪਤ ਕਰਨ ਵਾਲੀ ਪਹਿਲੀ ਮਹਿਲਾ ਰੇਲ ਕਰਮਚਾਰੀ ਬਣ ਗਈ ਹੈ। ਸੰਧਿਆ ਸ਼ਾਹ ਦੀ ਚੋਣ ਰੇਲਵੇ ਭਰਤੀ ਬੋਰਡ ਜੰਮੂ ਵੱਲੋਂ 2016 ਵਿੱਚ ਸਹਾਇਕ ਲੋਕੋ ਪਾਇਲਟ ਦੇ ਅਹੁਦੇ ਲਈ ਹੋਈ ਸੀ। ਟ੍ਰੇਨਿੰਗ ਮੁਕੰਮਲ ਕਰਨ ਤੋਂ ਬਾਅਦ ਉਨ੍ਹਾਂ ਨੂੰ ਉੱਤਰੀ ਰੇਲਵੇ ਦੇ ਫਿਰੋਜ਼ਪੁਰ ਮੰਡਲ ਦੇ ਲੁਧਿਆਣਾ ਮੁੱਖ ਦਫ਼ਤਰ ਵਿੱਚ ਨਿਯੁਕਤ ਕੀਤਾ ਗਿਆ ਸੀ। ਭਾਵੇਂ ਫਿਰੋਜ਼ਪੁਰ ਮੰਡਲ ਵਿੱਚ ਸੰਧਿਆ ਸ਼ਾਹ ਦੂਜੀਆਂ ਮਹਿਲਾ ਲੋਕੋ ਪਾਇਲਟ ਵੀ ਹਨ ਪਰ ਮਾਲ ਗੱਡੀ ਦਾ ਸੁਤੰਤਰ ਤੌਰ ’ਤੇ ਸੰਚਾਲਨ ਕਰਨ ਵਾਲੀ ਉਹ ਪਹਿਲੀ ਔਰਤ ਹਨ। ਅੱਜ ਉਨ੍ਹਾਂ ਦੀ ਡਿਊਟੀ ਦੌਰਾਨ ਉਨ੍ਹਾਂ ਨਾਲ ਇੱਕ ਹੋਰ ਮਹਿਲਾ ਸਹਾਇਕ ਲੋਕੋ ਪਾਇਲਟ ਆਰਤੀ ਅਤੇ ਮੁੱਖ ਲੋਕੋ ਇੰਸਪੈਕਟਰ ਹਰਮਿੰਦਰ ਸਿੰਘ ਵੀ ਮੌਜੂਦ ਸਨ। ਫਿਰੋਜ਼ਪੁਰ ਮੰਡਲ ਦੀ ਇਸ ਪ੍ਰਾਪਤੀ ’ਤੇ ਰੇਲਵੇ ਅਧਿਕਾਰੀਆਂ ਨੇ ਵੀ ਖੁਸ਼ੀ ਜ਼ਾਹਿਰ ਕੀਤੀ ਹੈ ਅਤੇ ਸੰਧਿਆ ਸ਼ਾਹ ਨੂੰ ਉਨ੍ਹਾਂ ਦੀ ਇਸ ਇਤਿਹਾਸਕ ਸਫ਼ਲਤਾ ਲਈ ਵਧਾਈ ਦਿੱਤੀ ਹੈ।