ਸਾਕਾ ਨੀਲਾ ਤਾਰਾ: ਘੱਲੂਘਾਰਾ ਹਫ਼ਤੇ ਦੀ ਸ਼ੁਰੂਆਤ ਅੱਜ ਤੋਂ
ਜਗਤਾਰ ਸਿੰਘ ਲਾਂਬਾ
ਅੰਮ੍ਰਿਤਸਰ, 31 ਮਈ
ਛੇ ਜੂਨ 1984 ਸਾਕਾ ਨੀਲਾ ਤਾਰਾ ਫੌਜੀ ਹਮਲੇ ਦੀ ਯਾਦ ਵਿੱਚ ਘੱਲੂਘਾਰਾ ਹਫ਼ਤਾ ਪਹਿਲੀ ਜੂਨ ਤੋਂ ਸ਼ੁਰੂ ਹੋ ਰਿਹਾ ਹੈ। ਇਸ ਸਬੰਧ ਵਿੱਚ ਸਿੱਖ ਜਥੇਬੰਦੀਆਂ ਵੱਲੋਂ ਵੱਖ-ਵੱਖ ਪ੍ਰੋਗਰਾਮ ਉਲੀਕੇ ਗਏ ਹਨ। ਉਧਰ, ਇਸ ਸਬੰਧੀ ਸਰਕਾਰ ਵੱਲੋਂ ਸੁਰੱਖਿਆ ਦੇ ਪੁਖਤਾ ਪ੍ਰਬੰਧ ਕਰਨ ਦੀ ਯੋਜਨਾ ਬਣਾਈ ਗਈ ਹੈ। ਲਗਪਗ 41 ਸਾਲ ਪਹਿਲਾਂ ਵਾਪਰੇ ਸਾਕਾ ਨੀਲਾ ਤਾਰਾ ਫੌਜੀ ਹਮਲੇ ਵਿੱਚ ਮਾਰੇ ਗਏ ਸਮੂਹ ਸਿੱਖਾਂ ਦੀ ਯਾਦ ਵਿੱਚ ਸ਼੍ਰੋਮਣੀ ਕਮੇਟੀ ਵੱਲੋਂ ਹਰ ਸਾਲ ਅਕਾਲ ਤਖ਼ਤ ਵਿਖੇ ਘੱਲੂਘਾਰਾ ਦਿਵਸ ਮਨਾਇਆ ਜਾਂਦਾ ਹੈ। ਇਸ ਮੌਕੇ ਸਮੂਹ ਸ਼ਹੀਦਾਂ ਨਮਿਤ ਅਖੰਡ ਪਾਠ ਦੇ ਭੋਗ ਪਾਏ ਜਾਂਦੇ ਹਨ ਅਤੇ ਅਰਦਾਸ ਕੀਤੀ ਜਾਂਦੀ ਹੈ।
ਹਵਾਰਾ ਕਮੇਟੀ ਵੱਲੋਂ ਬੱਬਰ ਖਾਲਸਾ ਜਥੇਬੰਦੀ ਦੇ ਭਾਈ ਮਹਿੰਗਾ ਸਿੰਘ ਦੀ ਯਾਦ ਵਿੱਚ ਪਹਿਲੀ ਜੂਨ ਨੂੰ ਗੁਰਦੁਆਰਾ ਬਾਬਾ ਅਟੱਲ ਰਾਏ ਵਿਖੇ ਅਖੰਡ ਪਾਠ ਦੇ ਭੋਗ ਪਾਏ ਜਾਣਗੇ। ਇਸ ਦੌਰਾਨ ਸ਼੍ੋਮਣੀ ਕਮੇਟੀ ਵੱਲੋਂ ਚਾਰ ਜੂਨ ਨੂੰ ਅਕਾਲ ਤਖ਼ਤ ਵਿਖੇ ਅਖੰਡ ਪਾਠ ਆਰੰਭ ਕੀਤੇ ਜਾਣਗੇ, ਜਿਸ ਦੇ ਭੋਗ 6 ਜੂਨ ਨੂੰ ਪਾਏ ਜਾਣਗੇ ਅਤੇ ਅਰਦਾਸ ਮਗਰੋਂ ਸ਼ਹੀਦਾਂ ਦੇ ਪਰਿਵਾਰਾਂ ਨੂੰ ਸਨਮਾਨਿਤ ਕੀਤਾ ਜਾਵੇਗਾ। ਇਸ ਦੌਰਾਨ ਦਮਦਮੀ ਟਕਸਾਲ ਵੱਲੋਂ ਚੌਕ ਮਹਿਤਾ ਸਥਿਤ ਗੁਰਦੁਆਰਾ ਗੁਰਦਰਸ਼ਨ ਪ੍ਰਕਾਸ਼ ਵਿਖੇ ਸ਼ਹੀਦੀ ਸਮਾਗਮ ਕੀਤਾ ਜਾਵੇਗਾ। ਗਰਮ ਖਿਆਲੀ ਸਿੱਖ ਜਥੇਬੰਦੀ ਦਲ ਖਾਲਸਾ ਵੱਲੋਂ ਪੰਜ ਜੂਨ ਦੀ ਸ਼ਾਮ ਨੂੰ ਘੱਲੂਘਾਰਾ ਮਾਰਚ ਕੱਢਣ ਦਾ ਐਲਾਨ ਕੀਤਾ ਗਿਆ ਹੈ। 6 ਜੂਨ ਨੂੰ ਜਥੇਬੰਦੀ ਵੱਲੋਂ ਅੰਮ੍ਰਿਤਸਰ ਬੰਦ ਦਾ ਸੱਦਾ ਦਿੱਤਾ ਹੋਇਆ ਹੈ।
ਉਧਰ ਸਰਕਾਰ ਵੱਲੋਂ ਸ਼ਹਿਰ ਵਿੱਚ ਲਗਪਗ 6000 ਸੁਰੱਖਿਆ ਕਰਮਚਾਰੀ ਤਾਇਨਾਤ ਕੀਤੇ ਜਾਣਗੇ। ਪੁਲੀਸ ਕਮਿਸ਼ਨਰ ਗੁਰਪ੍ਰੀਤ ਸਿੰਘ ਭੁੱਲਰ ਨੇ ਦੱਸਿਆ ਕਿ ਲਗਪਗ 3000 ਸੁਰੱਖਿਆ ਕਰਮਚਾਰੀ ਵੱਖ-ਵੱਖ ਜ਼ਿਲ੍ਹਿਆਂ ਤੋਂ ਸੱਦੇ ਜਾਣਗੇ।