ਸਾਦਿਕ ਬੈਂਕ ਘਪਲਾ: ਖ਼ਪਤਕਾਰਾਂ ਦੇ ਸਵਾ ਤਿੰਨ ਕਰੋੜ ਰੁਪਏ ਮੋੜੇ
ਇੱਥੇ ਐੱਸ ਬੀ ਆਈ ਬੈਂਕ ਘਪਲੇ ਵਿੱਚ ਬੈਂਕ ਪ੍ਰਬੰਧਕਾਂ ਵੱਲੋਂ ਖਾਤੇਦਾਰਾਂ ਦੇ ਕਰੀਬ ਸਵਾ ਤਿੰਨ ਕਰੋੜ ਰੁਪਏ ਵਾਪਸ ਕਰਨ ਦਾ ਦਾਅਵਾ ਕੀਤਾ ਗਿਆ ਹੈ। ਸਾਦਿਕ ਦੀ ਐੱਸ ਬੀ ਆਈ ਬੈਂਕ ਵਿੱਚ ਖਾਤਾਧਾਰਕਾਂ ਦੇ ਖਾਤਿਆਂ ਵਿੱਚੋਂ ਕਰੋੜਾਂ ਰੁਪਏ ਗ਼ਲਤ ਤਰੀਕੇ ਨਾਲ...
ਇੱਥੇ ਐੱਸ ਬੀ ਆਈ ਬੈਂਕ ਘਪਲੇ ਵਿੱਚ ਬੈਂਕ ਪ੍ਰਬੰਧਕਾਂ ਵੱਲੋਂ ਖਾਤੇਦਾਰਾਂ ਦੇ ਕਰੀਬ ਸਵਾ ਤਿੰਨ ਕਰੋੜ ਰੁਪਏ ਵਾਪਸ ਕਰਨ ਦਾ ਦਾਅਵਾ ਕੀਤਾ ਗਿਆ ਹੈ। ਸਾਦਿਕ ਦੀ ਐੱਸ ਬੀ ਆਈ ਬੈਂਕ ਵਿੱਚ ਖਾਤਾਧਾਰਕਾਂ ਦੇ ਖਾਤਿਆਂ ਵਿੱਚੋਂ ਕਰੋੜਾਂ ਰੁਪਏ ਗ਼ਲਤ ਤਰੀਕੇ ਨਾਲ ਕੱਢੇ ਗਏ ਸਨ। ਇਸ ਸਬੰਧੀ ਥਾਣਾ ਸਾਦਿਕ ਵਿੱਚ ਕੇਸ ਵੀ ਦਰਜ ਹੋਇਆ ਸੀ। ਮਗਰੋਂ ਖਾਤਾਧਾਰਕਾਂ ਅਤੇ ਕਿਸਾਨ ਜਥੇਬੰਦੀਆਂ ਨੇ ਬੈਂਕ ਅੱਗੇ ਪੱਕਾ ਮੋਰਚਾ ਲਾਇਆ ਸੀ ਅਤੇ ਖਾਤਾਧਾਰਕਾਂ ਦੇ ਪੈਸੇ ਵਾਪਸ ਕਰਨ ਦੀ ਮੰਗ ਕੀਤੀ ਸੀ। ਲੋਕਾਂ ਦੇ ਰੋਸ ਨੂੰ ਦੇਖਦਿਆਂ ਐੱਸ ਬੀ ਆਈ ਬੈਂਕ ਦੇ ਖੇਤਰੀ ਮੈਨੇਜਰ ਪ੍ਰਵੀਨ ਸੋਨੀ ਨੇ ਬੈਂਕ ਦਾ ਦੌਰਾ ਕਰ ਕੇ ਲਿਖਤੀ ਭਰੋਸਾ ਦਿੱਤਾ ਸੀ ਕਿ ਖਾਤਾਧਾਰਕਾਂ ਦੇ ਪੈਸੇ ਹਰ ਹਾਲ ਵਾਪਸ ਕਰਵਾਏ ਜਾਣਗੇ ਅਤੇ ਬੈਂਕ ਅਧਿਕਾਰੀਆਂ ਵੱਲੋਂ ਪੈਸੇ ਵਾਪਸ ਕਰਨ ਦੀ ਪ੍ਰਕਿਰਿਆ 18 ਅਗਸਤ ਤੋਂ ਸ਼ੁਰੂ ਕਰ ਦਿੱਤੀ ਗਈ ਸੀ।
ਖੇਤਰੀ ਮੈਨੇਜਰ ਪ੍ਰਵੀਨ ਸੋਨੀ ਨੇ ਦੱਸਿਆ ਕਿ ਉਨ੍ਹਾਂ ਕੋਲ 205 ਖ਼ਪਤਕਾਰਾਂ ਵੱਲੋਂ ਦਰਖ਼ਾਸਤਾਂ ਦਿੱਤੀਆਂ ਗਈਆਂ ਹਨ ਅਤੇ ਪੰਜਵੀਂ ਕਿਸ਼ਤ ਵਿੱਚ ਖ਼ਪਤਕਾਰਾਂ ਦੇ 2.15 ਕਰੋੜ ਰੁਪਏ ਵਾਪਸ ਕੀਤੇ ਗਏ ਹਨ। ਖੇਤਰੀ ਮੈਨੇਜਰ ਨੇ ਦੱਸਿਆ ਕਿ ਹੁਣ ਤੱਕ 53 ਖ਼ਪਤਕਾਰਾਂ ਨੂੰ ਕਰੀਬ ਸਵਾ ਤਿੰਨ ਕਰੋੜ ਰੁਪਏ ਵਾਪਸ ਕਰ ਦਿੱਤੇ ਗਏ ਹਨ। ਪ੍ਰਾਪਤ ਹੋਈਆਂ ਦਰਖਾਸਤਾਂ ਦੀ ਪੜਤਾਲ ਉਪਰੰਤ ਯੋਗ ਲਾਭਪਾਤਰੀਆਂ ਨੂੰ ਨਿਯਮਾਂ ਅਨੁਸਾਰ ਦੀਵਾਲੀ ਤੋਂ ਪਹਿਲਾਂ-ਪਹਿਲਾਂ ਸਣੇ ਵਿਆਜ ਪੈਸੇ ਵਾਪਸ ਕਰ ਦਿੱਤੇ ਜਾਣਗੇ।