ਬਾਦਲ ’ਚ ਅੱਜ ਹੋਵੇਗਾ ਸਦਭਾਵਨਾ ਦਿਵਸ ਸਮਾਗਮ
ਸਾਬਕਾ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਦੇ ਬੁੱਤ ਦਾ ਕੀਤਾ ਜਾਵੇਗਾ ਉਦਘਾਟਨ; ਸੁਖਬੀਰ ਨੇ ਤਿਆਰੀਆਂ ਦਾ ਜਾਇਜ਼ਾ ਲਿਆ
ਪੰਜਾਬ ਦੇ ਸਾਬਕਾ ਮੁੱਖ ਮੰਤਰੀ ਮਰਹੂਮ ਪ੍ਰਕਾਸ਼ ਸਿੰਘ ਬਾਦਲ ਦੇ 98ਵਾਂ ਜਨਮ ਦਿਨ 8 ਦਸੰਬਰ ਨੂੰ ਮਨਾਇਆ ਜਾਵੇਗਾ, ਜਿਸ ਮੌਕੇ ਪਿੰਡ ਬਾਦਲ ’ਚ ਯਾਦਗਾਰੀ ਸਮਾਰਕ ’ਚ ਸਥਾਪਤ ਉਨ੍ਹਾਂ ਦੇ ਬੁੱਤ ਦਾ ਉਦਘਾਟਨ ਹੋਵੇਗਾ। ਬੁੱਤ ਦੇ ਨਾਲ ਹੀ ਸ਼੍ਰੋਮਣੀ ਅਕਾਲੀ ਦਲ ਦਾ 70 ਫੁੱਟ ਉੱਚਾ ਤੇ ਦਸ ਫੁੱਟ ਦਾ ਝੰਡਾ ਲਾਇਆ ਗਿਆ ਹੈ। ਇਹ ਬੁੱਤ ਅੰਤਿਮ ਸੰਸਕਾਰ ਵਾਲੇ ਥੜ੍ਹੇ ’ਤੇ ਲਗਾਇਆ ਜਾ ਰਿਹਾ ਹੈ ਜਿਸ ਦਾ ਉਦਘਾਟਨ ਅਕਾਲੀ ਆਗੂ ਬਲਵਿੰਦਰ ਸਿੰਘ ਭੂੰਦੜ (ਸਾਬਕਾ ਰਾਜ ਸਭਾ ਮੈਂਬਰ) ਅਦਾ ਕਰਨਗੇ। ਪਿੱਤਲ ਧਾਤੂ ਦਾ 12 ਫੁੱਟ ਉੱਚਾ ਅਤੇ 14 ਕੁਇੰਟਲ ਵਜ਼ਨੀ ਬੁੱਤ ਮਿਹਨਤਕਸ਼ ਪਰਿਵਾਰ ਵਿੱਚੋਂ ਮੂਰਤੀਕਾਰ ਗੁਰਪ੍ਰੀਤ ਧੂਰੀ ਨੇ ਬਣਾਇਆ ਹੈ। ਧਾਰਮਿਕ ਸਮਾਗਮ ਪ੍ਰਕਾਸ਼ ਸਿੰਘ ਬਾਦਲ ਨਮਿਤ ਅਰਦਾਸ ਮਗਰੋਂ ਉਨ੍ਹਾਂ ਦੇ ਪ੍ਰੇਰਨਾਮਈ ਜੀਵਨ ’ਤੇ ਤਕਰੀਰਾਂ ਹੋਣਗੀਆਂ।
ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ‘ਸਦਭਾਵਨਾ ਦਿਵਸ’ ਵਜੋਂ ਮਨਾਏ ਜਾ ਰਹੇ ਇਸ ਸਮਾਗਮ ਨੂੰ ਯਾਦਗਾਰੀ ਬਣਾਉਣ ਲਈ ਤਿਆਰੀਆਂ ਦੀ ਨਿਗਰਾਨੀ ਕਰ ਰਹੇ ਹਨ। ਸਮਾਰਕ ਦੀ ਸਜਾਵਟ ਲਈ ਉਚੇਚੇ ਤੌਰ ’ਤੇ ਮਲੇਰਕੋਟਲਾ ਤੋਂ ਗੁਲਦਾਉਦੀ ਦੇ ਰੰਗ-ਬਿਰੰਗੇ ਬੂਟੇ ਮੰਗਵਾਏ ਗਏ ਹਨ। ਸੁਖਬੀਰ ਸਿੰਘ ਬਾਦਲ ਨੇ ਕਿਹਾ ਕਿ ਇਹ ਸਮਾਰਕ ਪਾਰਟੀ ਵੱਲੋਂ ਪ੍ਰਕਾਸ਼ ਸਿੰਘ ਬਾਦਲ ਨੂੰ ਸੱਚੀ ਸ਼ਰਧਾਂਜਲੀ ਹੋਵੇਗੀ ਜੋ ਵਿਸ਼ਾਲ ਬੁੱਤ ਸਮਾਰਕ ਦੇ ਕੇਂਦਰ ਬਿੰਦੂ ਦੀ ਸ਼ੁਰੂਆਤ ਹੈ। ਕਰੀਬ ਸਾਲ-ਡੇਢ ਸਾਲ ਵਿੱਚ ਇਸ ਦੇ ਆਲੇ-ਦੁਆਲੇ ‘ਵਿਰਾਸਤ-ਏ-ਖਾਲਸਾ’ ਸਮਾਰਕ ਦੀ ਤਰਜ਼ ’ਤੇ ਯਾਦਗਾਰ ਵਿਕਸਤ ਕੀਤੀ ਜਾਵੇਗੀ।

