ਫ਼ਰੀਦਕੋਟ ’ਚ ਬੇਅਦਬੀ ਦੀ ਘਟਨਾ; 2 ਔਰਤਾਂ ਗ੍ਰਿਫ਼ਤਾਰ
ਜਲਾਲੇਆਣਾ ਪਿੰਡ ਦੇ ਗੁਰਦੁਆਰਾ ਸਾਹਿਬ ਵਿੱਚ ਆਪਸੀ ਝਗੜੇ ਦੌਰਾਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪੰਨੇ ਪਾੜਨ ਦੀ ਬੇਅਦਬੀ ਦੀ ਘਟਨਾ ਵਾਪਰਨ ਦੇ ਕੁਝ ਘੰਟਿਆਂ ਬਾਅਦ ਹੀ ਦੋ ਔਰਤਾਂ ਨੂੰ ਗ੍ਰਿਫ਼ਤਾਰ ਕਰ ਲਿਆ ਗਿਆ। ਕੋਟਕਪੂਰਾ ਦੇ ਡੀਐਸਪੀ ਸੰਜੀਵ ਕੁਮਾਰ ਨੇ...
ਜਲਾਲੇਆਣਾ ਪਿੰਡ ਦੇ ਗੁਰਦੁਆਰਾ ਸਾਹਿਬ ਵਿੱਚ ਆਪਸੀ ਝਗੜੇ ਦੌਰਾਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪੰਨੇ ਪਾੜਨ ਦੀ ਬੇਅਦਬੀ ਦੀ ਘਟਨਾ ਵਾਪਰਨ ਦੇ ਕੁਝ ਘੰਟਿਆਂ ਬਾਅਦ ਹੀ ਦੋ ਔਰਤਾਂ ਨੂੰ ਗ੍ਰਿਫ਼ਤਾਰ ਕਰ ਲਿਆ ਗਿਆ।
ਕੋਟਕਪੂਰਾ ਦੇ ਡੀਐਸਪੀ ਸੰਜੀਵ ਕੁਮਾਰ ਨੇ ਦੱਸਿਆ ਕਿ ਗ੍ਰਿਫ਼ਤਾਰ ਕੀਤੀਆਂ ਔਰਤਾਂ ਦੀ ਪਛਾਣ ਜਲਾਲੇਆਣਾ ਵਾਸੀ ਜਗਰਾਜ ਸਿੰਘ ਦੀ ਪਤਨੀ ਕੁਲਦੀਪ ਕੌਰ ਅਤੇ ਹਰਪਾਲ ਸਿੰਘ ਦੀ ਪਤਨੀ ਵੀਰਾਂ ਕੌਰ ਵਜੋਂ ਹੋਈ ਹੈ।
ਪੁਲੀਸ ਨੂੰ ਸੂਚਨਾ ਮਿਲੀ ਸੀ ਕਿ ਦੋਵੇਂ ਔਰਤਾਂ ਨਿੱਜੀ ਮੁੱਦਿਆਂ ’ਤੇ ਤਿੱਖੀ ਬਹਿਸ ਕਰ ਰਹੀਆਂ ਸਨ ਅਤੇ ਝਗੜੇ ਦੌਰਾਨ ਗੁਰਦੁਆਰਾ ਸਾਹਿਬ ਦੇ ਅੰਦਰ ਦਾਖ਼ਲ ਹੋ ਗਈਆਂ। ਗੁੱਸੇ ਵਿੱਚ ਆ ਕੇ, ਉਨ੍ਹਾਂ ਨੇ ਕਥਿਤ ਤੌਰ ’ਤੇ ਪਾਲਕੀ ਸਾਹਿਬ ’ਤੇ ਹੱਥ ਮਾਰਿਆ, ਜਿਸ ਕਾਰਨ ਉੱਪਰ ਰੱਖਿਆ ਰੁਮਾਲਾ ਸਾਹਿਬ ਅਤੇ ਖ਼ਾਲਸਾ ਬਰਛਾ (ਨੇਜ਼ਾ) ਹੇਠਾਂ ਫਰਸ਼ ’ਤੇ ਡਿੱਗ ਪਿਆ। ਇਸ ਦੌਰਾਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪੰਜ ਪਵਿੱਤਰ ਅੰਗ (ਪੰਨੇ) ਸ਼ਹੀਦ ਹੋ ਗਏ।
ਗੁਰਦੁਆਰਾ ਸਾਹਿਬ ਵਿੱਚ ਮੌਜੂਦ ਜਗਵਿੰਦਰ ਸਿੰਘ ਦੇ ਬਿਆਨਾਂ ਦੇ ਆਧਾਰ ’ਤੇ ਸਦਰ ਕੋਟਕਪੂਰਾ ਥਾਣੇ ਵਿੱਚ ਐਫਆਈਆਰ ਦਰਜ ਕੀਤੀ ਗਈ। ਪੁਲੀਸ ਨੇ ਕੁਝ ਹੀ ਘੰਟਿਆਂ ਵਿੱਚ ਦੋਵਾਂ ਦੋਸ਼ੀਆਂ ਨੂੰ ਗ੍ਰਿਫ਼ਤਾਰ ਕਰ ਲਿਆ। ਮੁੱਢਲੀ ਪੁੱਛਗਿੱਛ ਦੌਰਾਨ ਇਹ ਸਾਹਮਣੇ ਆਇਆ ਕਿ ਇਹ ਘਟਨਾ ਨਿੱਜੀ ਮਾਮਲਿਆਂ 'ਤੇ ਬਹਿਸ ਕਰਦੇ ਸਮੇਂ ਅਚਾਨਕ ਗੁੱਸੇ ਦੇ ਫੁੱਟਣ ਕਾਰਨ ਅਣਜਾਣੇ ਵਿੱਚ ਵਾਪਰੀ।
ਡੀਐਸਪੀ ਨੇ ਦੱਸਿਆ ਕਿ ਮਾਮਲੇ ਦੀ ਸੰਵੇਦਨਸ਼ੀਲਤਾ ਕਾਰਨ ਪੁਲੀਸ ਨੇ ਇਸ ਨੂੰ ਪੂਰੀ ਗੰਭੀਰਤਾ ਨਾਲ ਲਿਆ। ਦੋਵੇਂ ਔਰਤਾਂ ਹੁਣ ਪੁਲੀਸ ਹਿਰਾਸਤ ਵਿੱਚ ਹਨ ਅਤੇ ਅਗਲੇਰੀ ਜਾਂਚ ਜਾਰੀ ਹੈ। ਉਨ੍ਹਾਂ ਨੂੰ ਅੱਗੇ ਦੀ ਪੁੱਛਗਿੱਛ ਲਈ ਰਿਮਾਂਡ ਲੈਣ ਵਾਸਤੇ ਅਦਾਲਤ ਵਿੱਚ ਪੇਸ਼ ਕੀਤਾ ਜਾਵੇਗਾ।

