ਐਸਡੀਐਮ ਦਫ਼ਤਰ ਧਰਮਕੋਟ ਵਿਖੇ ਹੰਗਾਮਾ
ਕੋਟ ਈਸੇ ਖਾਂ ਦੇ ਜਿੰਮ ਸੰਚਾਲਕ ਅਤੇ ਨਸ਼ਾ ਵਿਰੋਧੀ ਮੁਹਿੰਮ ਦੇ ਆਗੂ ਕੁਲਵਿੰਦਰ ਮਾਨ ਅਤੇ ‘ਆਪ’ ਆਗੂ ਬਿਕਰਮ ਬਿੱਲਾ ਵਿਚਾਲੇ ਤਕਰਾਰ ਦੇ ਚੱਲਦਿਆਂ ਅੱਜ ਇੱਥੇ ਐਸਡੀਐਮ ਦਫ਼ਤਰ ਵਿਖੇ ਹੰਗਾਮਾ ਹੋ ਗਿਆ।
ਜਾਣਕਾਰੀ ਮੁਤਾਬਕ ਲੰਘੇ ਕਈ ਦਿਨਾਂ ਤੋਂ ਸੋਸ਼ਲ ਮੀਡੀਆ ਉਪਰ ਦੋਵਾਂ ਵਿਚਾਲੇ ਬਹਿਸਬਾਜ਼ੀ ਚੱਲ ਰਹੀ ਸੀ। ਪੁਲੀਸਵੱਲੋਂ 11 ਅਗਸਤ ਨੂੰ ਦੋਹਾਂ ਵਿਰੁੱਧ ਅਮਨ ਕਾਨੂੰਨ ਦੇ ਪੈਦਾ ਹੋਣ ਵਾਲੇ ਖਦਸੇ਼ ਦੇ ਮੱਦੇਨਜ਼ਰ ਧਾਰਾ 107/51 ਤਹਿਤ ਮਾਮਲਾ ਦਰਜ ਕੀਤਾ ਸੀ।
ਅੱਜ ਕੁਲਵਿੰਦਰ ਮਾਨ ਆਪਣੀ ਜ਼ਮਾਨਤ ਕਰਵਾਉਣ ਲਈ ਉਪ ਮੰਡਲ ਸਿਵਲ ਅਧਿਕਾਰੀ ਦੇ ਦਫ਼ਤਰ ਪੁੱਜਾ ਹੋਇਆ ਸੀ। ਜਦੋਂ ਉਹ ਕੋਰਟ ਰੂਮ ਅੰਦਰ ਪੇਸ਼ ਹੋਣ ਗਿਆ ਤਾਂ ਬਾਹਰ ਖੜ੍ਹੇ ਉਸ ਦੇ ਨਿੱਜੀ ਗੰਨਮੈਨ ਸਮੇਤ 2 ਹੋਰ ਲੋਕਾਂ ਨੂੰ ਪੁਲੀਸਆਪਣੀ ਹਿਰਾਸਤ ਵਿੱਚ ਲੈਕੇ ਅਣਦੱਸੀ ਜਗ੍ਹਾਂ ਉਪਰ ਚਲੀ ਗਈ।ਇਸਦਾ ਪਤਾ ਚੱਲਦਾ ਹੀ ਕੁਲਵਿੰਦਰ ਮਾਨ ਕੋਰਟ ਰੂਮ ਤੋਂ ਬਾਹਰ ਆ ਗਿਆ ਅਤੇ ਹੰਗਾਮਾ ਕੀਤਾ ਅਤੇ ਆਪਣੇ ਸਾਥੀਆਂ ਦੀ ਪੁਲੀਸਪਾਸੋ ਰਿਹਾਈ ਮੰਗੀ।
ਮਾਮਲਾ ਵੱਧਦਾ ਦੇਖਕੇ ਪੁਲੀਸ ਨੇ ਉਸਦੇ ਸਾਥੀਆਂ ਨੂੰ ਰਿਹਾਅ ਕਰ ਦਿੱਤਾ । ਕੁਲਵਿੰਦਰ ਮਾਨ ਦਾ ਕਹਿਣਾ ਸੀ ਅਤੇ ਪਹਿਲਾਂ ਤਾਂ ਕੋਟ ਈਸੇ ਖਾਂ ਪੁਲੀਸ ਨੇ ਗਲਤ ਮਾਮਲਾ ਦਰਜ ਕੀਤਾ ਹੈ। ਅੱਜ ਪੁਲੀਸ ‘ਆਪ’ ਆਗੂ ਨਾਲ ਮਿਲਕੇ ਜ਼ਮਾਨਤ ਭਰਵਾਉਣ ਆਏ ਉਸਦੇ ਸਾਥੀਆਂ ਨੂੰ ਇਸ ਲਈ ਕਾਬੂ ਕੀਤਾ ਗਿਆ ਤਾਂ ਜੋ ਜ਼ਮਾਨਤ ਨਾ ਭਰੀ ਜਾ ਸਕੇ।
ਦੂਸਰੇ ਪਾਸੇ ਥਾਣਾ ਕੋਟ ਈਸੇ ਖਾਂ ਦੇ ਮੁੱਖੀ ਗੁਰਵਿੰਦਰ ਸਿੰਘ ਭੁੱਲਰ ਦਾ ਕਹਿਣਾ ਸੀ ਕਿ ਉਨ੍ਹਾਂ ਸ਼ਹਿਰ ਅੰਦਰ ਵਿਗੜਦੇ ਮਾਹੌਲ ਨੂੰ ਕਾਬੂ ਕਰਨ ਲਈ ਸੋਸ਼ਲ ਮੀਡੀਆ ਰਾਹੀਂ ਉਲਝ ਰਹੇ ਦੋਹਾਂ ਵਿਅਕਤੀਆਂ ਵਿਰੁੱਧ ਮਾਮਲਾ ਦਰਜ ਕੀਤਾ ਸੀ। ਪੁਲੀਸ ਦਾ ਕਹਿਣਾ ਸੀ ਕਿ ਸ਼ੱਕ ਦੇ ਆਧਾਰ ਉੱਤੇ ਉਪ ਮੰਡਲ ਮੈਜਿਸਟਰੇਟ ਦੇ ਦਫਤਰ ਦੇ ਬਾਹਰੋਂ ਤਿੰਨ ਵਿਅਕਤੀ ਹਿਰਾਸਤ ਵਿੱਚ ਲਏ ਗਏ ਸਨ ਜਿਨ੍ਹਾਂ ਨੂੰ ਪੁੱਛ ਪੜਤਾਲ ਤੋਂ ਬਾਅਦ ਛੱਡ ਦਿੱਤਾ ਗਿਆ।