ਆਰ.ਐਸ.ਐਸ ਭਾਰਤ ਨੂੰ ਹਿੰਦੂ ਰਾਸ਼ਟਰ ਨਹੀਂ ਬਣਾ ਸਕੇਗੀ: ਗਿਆਨੀ ਹਰਪ੍ਰੀਤ ਸਿੰਘ
ਟੌਹੜਾ ਚੈਰੀਟੇਬਲ ਟਰੱਸਟ ਵੱਲੋਂ ਸ਼ਹੀਦੀ ਸ਼ਤਾਬਦੀ ਨੂੰ ਸਮਰਪਿਤ ਸੈਮੀਨਾਰ
ਸ੍ਰੀ ਅਕਾਲ ਤਖਤ ਸਾਹਿਬ ਦੇ ਸਾਬਕਾ ਜਥੇਦਾਰ ਅਤੇ ਸ਼੍ਰੋਮਣੀ ਅਕਾਲੀ ਦਲ (ਪੁਨਰ ਸੁਰਜੀਤ) ਦੇ ਪ੍ਰਧਾਨ ਗਿਆਨੀ ਹਰਪ੍ਰੀਤ ਸਿੰਘ ਨੇ ਕਿਹਾ ਕਿ ਆਰ.ਐਸ.ਐਸ ਕਿਸੇ ਵੀ ਸੂਰਤ ’ਚ ਭਾਰਤ ਨੂੰ ਹਿੰਦੂ ਰਾਸ਼ਟਰ ਨਹੀਂ ਬਣਾ ਸਕੇਗੀ ਕਿਉਂਕਿ ਅਤਿ ਸ਼ਕਤੀਸ਼ਾਲੀ ਰਾਜਾ ਹੋਣ ਦੇ ਬਾਵਜੂਦ ਧਰਮ ਪਰਿਵਰਤਨ ਵਰਗੀਆਂ ਘਾਤਕ ਗਤੀਵਿਧੀਆਂ ਦੇ ਮਾਮਲੇ ’ਚ ਤਾਂ ਔਰੰਗਜ਼ੇਬ ਦੇ ਮਨਸੂਬੇ ਵੀ ਖੁੰਢੇ ਹੋ ਕੇ ਰਹਿ ਗਏ ਸਨ ਹਾਲਾਂਕਿ ਆਰਐਸਐਸ ਤਾਂ ਉਸ ਦੇ ਮੁਕਾਬਲੇ ਤੁੱਛ ਜਿਹਾ ਸੰਗਠਨ ਹੈ ਜਿਸ ਕਰਕੇ ਇਸ ਨੂੰ ਇਸ ਪਾਸੇ ਸਮਾਂ ਨਸ਼ਟ ਨਹੀਂ ਕਰਨਾ ਚਾਹੀਦਾ। ਉਨ੍ਹਾਂ ਅੱਜ ਇਥੇ ਸ੍ਰੀ ਹਰਪਾਲ ਟਿਵਾਣਾ ਆਡੀਟੋਰੀਅਮ ਵਿਖੇ ਗੁਰਚਰਨ ਸਿੰਘ ਟੌਹੜਾ ਚੈਰੀਟੇਬਲ ਟਰੱਸਟ ਵੱਲੋਂ ਪ੍ਰਧਾਨ ਸਤਵਿੰਦਰ ਸਿੰਘ ਟੌਹੜਾ ਮੈਂਬਰ ਸ਼੍ਰੋਮਣੀ ਕਮੇਟੀ ਦੀ ਅਗਵਾਈ ਹੇਠਾਂ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਦੀ 350 ਸਾਲਾ ਸ਼ਹੀਦੀ ਦਿਵਸ ਨੂੰ ਸਮਰਪਿਤ ਕਰਵਾਏ ਗਏ ਇੱਕ ਸੈਮੀਨਾਰ ’ਚ ਮੁੱਖ ਮਹਿਮਾਨ ਵਜੋਂ ਸ਼ਿਰਕਤ ਕੀਤੀ। ਉਨ੍ਹਾਂ ਗੁਰੂ ਸਾਹਿਬ ਦੀਆਂ ਸਿੱਖਿਆਵਾਂ ਨੂੰ ਆਪਣੇ ਜੀਵਨ ਅੰਦਰ ਧਾਰਨ ਕਰਨ ਲਈ ਪ੍ਰੇਰਿਆ।
ਇਸ ਮੌਕੇ ਜਸਟਿਸ ਰਣਜੀਤ ਸਿੰਘ ਰਿਟਾ. ਚੇਅਰਮੈਨ ਮਨੁੱਖੀ ਅਧਿਕਾਰ ਸੰਗਠਨ, ਪ੍ਰੋ. ਸਰਬਜਿੰਦਰ ਸਿੰਘ ਵਾਈਸ ਚਾਂਸਲਰ, ਸਾਬਕਾ ਮੰਤਰੀ ਸੁਰਜੀਤ ਸਿੰਘ ਰੱਖੜਾ ਆਦਿ ਵੀ ਮੌਜੂਦ ਸਨ। ਸੈਮੀਨਾਰ ਦੇ ਮੁੱਖ ਬੁਲਾਰੇ ਵਾਈਸ ਚਾਂਸਲਰ ਡਾ. (ਪ੍ਰੋ.) ਸਰਬਜਿੰਦਰ ਸਿੰਘ ਨੇ ਬਾਕੀ ਧਰਮਾ ਨਾਲੋਂ ਸਿੱਖੀ ਵਿਚ ਸ਼ਹਾਦਤ ਦਾ ਵੱਖਰਾ ਸੰਕਲਪ ਹੋਣ ਦੀ ਗੱਲ ਕਰਦਿਆਂ ਕਿਹਾ ਕਿ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਦੀ ਸ਼ਹਾਦਤ ਦੁਨੀਆ ਦੀ ਇੱਕ ਵਿਲੱਖਣ ਸ਼ਹਾਦਤ ਹੈ ਜਿਨ੍ਹਾਂ ਨੇ ਦੂਸਰੇ ਧਰਮ ਨੂੰ ਬਚਾਉਣ ਲਈ ਮਨੁੱਖੀ ਅਧਿਕਾਰਾਂ ਦੀ ਖਾਤਿਰ ਆਪਣੀ ਸ਼ਹਾਦਤ ਦਿੱਤੀ। ਸਿੱਖਾਂ ਨੂੰ ਗੁਰੂ ਸਾਹਿਬ ਦੇ ਜੀਵਨ ਤੋ ਸੇਧ ਲੈ ਕੇ ਸਿਰ ਜੋੜ ਕੇ ਕੌਮ ਦੀ ਚੜ੍ਹਦੀ ਕਲਾ ਲਈ ਕੰਮ ਕਰਨ ਦੀ ਲੋੜ ਹੈ।
ਇਸ ਮੌਕੇ ਜਸਟਿਸ ਰਣਜੀਤ ਸਿੰਘ, ਸਤਵਿੰਦਰ ਸਿੰਘ ਟੌਹੜਾ ਅਤੇ ਰਣਧੀਰ ਸਿੰਘ ਸਮੂਰਾਂ ਆਦਿ ਨੇ ਵੀ ਸ਼ਿਰਕਤ ਕੀਤੀ। ਜਿਸ ਦੌਰਾਨ ਸਾਬਕਾ ਮੰਤਰੀ ਸੁਰਜੀਤ ਸਿੰਘ ਰੱਖੜਾ ਨੂੰ ਸਨਮਾਨਤ ਵੀ ਕੀਤਾ ਗਿਆ।

