ਬਿੱਲ ਸਕੀਮ ’ਚ ਬੇਨੇਮੀਆਂ ਕਾਰਨ 9 ਕਰੋੜ ਰੁਪਏ ਦੇ ਜੁਰਮਾਨੇ
ਆਤਿਸ਼ ਗੁਪਤਾ
ਪੰਜਾਬ ਸਰਕਾਰ ਦੀ ਸੂਬੇ ਵਿੱਚ ਟੈਕਸ ਚੋਰੀ ਨੂੰ ਰੋਕਣ ਅਤੇ ਲੋਕਾਂ ਨੂੰ ਬਿੱਲ ਮੰਗਣ ਲਈ ਉਤਸ਼ਾਹਿਤ ਕਰਨ ਲਈ ਸ਼ੁਰੂ ਕੀਤੀ ‘ਬਿੱਲ ਲਿਆਓ, ਇਨਾਮ ਪਾਓ’ ਸਕੀਮ ਦੇ ਕਾਰਗਰ ਨਤੀਜੇ ਸਾਹਮਣੇ ਆ ਰਹੇ ਹਨ। ਸੂਬਾ ਸਰਕਾਰ ਵੱਲੋਂ ਸਤੰਬਰ 2023 ਵਿੱਚ ਸ਼ੁਰੂ ਕੀਤੀ ਇਸ ਮੁਹਿੰਮ ਤਹਿਤ ਬਿੱਲਾਂ ਵਿੱਚ ਬੇਨੇਮੀਆਂ ਕਰਨ ਵਾਲੇ ਵੱਡੀ ਗਿਣਤੀ ਵਪਾਰੀਆਂ ਵਿਰੁੱਧ ਬਣਦੀ ਕਾਰਵਾਈ ਕਰ ਕੇ ਕਰੋੜਾਂ ਰੁਪਏ ਦੇ ਜੁਰਮਾਨੇ ਵਸੂਲੇ ਜਾ ਰਹੇ ਹਨ। ਸੂਬਾ ਸਰਕਾਰ ਨੇ ਸਤੰਬਰ 2023 ਤੋਂ ਹੁਣ ਤੱਕ ਪੰਜਾਬ ਵਿੱਚ ਬਿੱਲ ਜਾਰੀ ਕਰਨ ਵਿੱਚ ਬੇਨੇਮੀਆਂ ਦੇ ਦੋਸ਼ੀ ਪਾਏ ਗਏ ਅਦਾਰਿਆਂ ਵਿਰੁੱਧ 9,07,06,102 ਰੁਪਏ ਦੇ ਜੁਰਮਾਨੇ ਲਾਏ ਹਨ। ਇਹ ਪ੍ਰਗਟਾਵਾ ਪੰਜਾਬ ਦੇ ਵਿੱਤ, ਯੋਜਨਾ, ਆਬਕਾਰੀ ਅਤੇ ਕਰ ਮੰਤਰੀ ਐਡਵੋਕੇਟ ਹਰਪਾਲ ਸਿੰਘ ਚੀਮਾ ਨੇ ਕਰਦਿਆਂ ਕਿਹਾ ਕਿ ਇਸ ਜੁਰਮਾਨੇ ਵਿੱਚੋਂ 7,30,92,230 ਰੁਪਏ ਵਸੂਲ ਕੀਤੇ ਜਾ ਚੁੱਕੇ ਹਨ, ਜਦੋਂ ਕਿ ਬਾਕੀ ਜੁਰਮਾਨੇ ਵਸੂਲਣ ਲਈ ਚਾਰਾਜੋਈ ਕੀਤੀ ਜਾ ਰਹੀ ਹੈ।
ਉਨ੍ਹਾਂ ਕਿਹਾ ਕਿ ਇਸ ਸਕੀਮ ਸਦਕਾ 135 ਨਵੀਆਂ ਰਜਿਸਟਰੇਸ਼ਨਾਂ ਹੋਣ ਨਾਲ ਕਰ ਉਗਰਾਹੀ ਵੀ ਵਧੀ ਹੈ।
ਸ੍ਰੀ ਚੀਮਾ ਨੇ ਕਿਹਾ ਕਿ ‘ਬਿੱਲ ਲਿਆਓ, ਇਨਾਮ ਪਾਓ’ ਸਕੀਮ ਤਹਿਤ ਲੋਕਾਂ ਵੱਲੋਂ ‘ਮੇਰਾ ਬਿੱਲ ਐੱਪ’ ’ਤੇ ਸਤੰਬਰ 2023 ਤੋਂ ਜੁਲਾਈ 2025 ਤੱਕ 1,76,832 ਬਿੱਲ ਅਪਲੋਡ ਕੀਤੇ ਗਏ ਹਨ। ਇਸ ਵਿੱਚੋਂ ਡਰਾਅ ਰਾਹੀਂ 5,644 ਜੇਤੂਆਂ ਨੂੰ 3,35,80,215 ਰੁਪਏ ਦੇ ਇਨਾਮ ਦਿੱਤੇ ਗਏ ਹਨ। ਉਨ੍ਹਾਂ ਕਿਹਾ ਕਿ 7 ਅਗਸਤ ਨੂੰ ਪਟਿਆਲਾ ਵਿੱਚ ਕਰ ਤੇ ਆਬਕਾਰੀ ਵਿਭਾਗ ਦੇ ਮੁੱਖ ਦਫ਼ਤਰ ਵਿਚ ਜੁਲਾਈ 2025 ਲਈ ਕੱਢੇ ਗਏ ਲੱਕੀ ਡਰਾਅ ਲਈ ਜੁਲਾਈ ਮਹੀਨੇ ਵਿੱਚ ‘ਮੇਰਾ ਬਿੱਲ’ ਐਪ ’ਤੇ 6,345 ਬਿੱਲ ਅਪਲੋਡ ਕੀਤੇ ਗਏ, ਜਿਸ ਵਿੱਚੋਂ 257 ਜੇਤੂਆਂ ਨੇ ਕੁੱਲ 15,30,015 ਰੁਪਏ ਦੀ ਇਨਾਮੀ ਰਾਸ਼ੀ ਜਿੱਤੀ।
ਹਰ ਬਿੱਲ ਦੀ ਜਾਂਚ ਕੀਤੀ ਜਾਂਦੀ ਹੈ: ਵਿੱਤ ਮੰਤਰੀ
ਪੰਜਾਬ ਦੇ ਵਿੱਤ ਮੰਤਰੀ ਨੇ ਲੋਕਾਂ ਨੂੰ ਖਰੀਦ ਕਰਨ ’ਤੇ ਬਿੱਲ ਮੰਗ ਕੇ “ਬਿੱਲ ਲਿਆਓ ਇਨਾਮ ਪਾਓ” ਸਕੀਮ ਵਿੱਚ ਸਰਗਰਮੀ ਨਾਲ ਸ਼ਾਮਲ ਹੋਣ ਦੀ ਅਪੀਲ ਕੀਤੀ। ਉਨ੍ਹਾਂ ਕਿਹਾ ਕਿ ਵਿਭਾਗ ਵੱਲੋਂ ਹਰ ਅਪਲੋਡ ਕੀਤੇ ਗਏ ਬਿੱਲ ਦੀ ਜਾਂਚ ਕੀਤੀ ਜਾਂਦੀ ਹੈ। ਇਸ ਦੌਰਾਨ ਗਲਤ ਬਿੱਲ ਜਾਰੀ ਕਰਨ ਵਾਲਿਆਂ ’ਤੇ ਬਣਦੀ ਕਾਰਵਾਈ ਕੀਤੀ ਜਾਂਦੀ ਹੈ। ਉਨ੍ਹਾਂ ਕਿਹਾ ਕਿ ਪੈਟਰੋਲੀਅਮ ਉਤਪਾਦਾਂ (ਕੱਚਾ ਤੇਲ, ਪੈਟਰੋਲ, ਡੀਜ਼ਲ, ਏਵੀਏਸ਼ਨ ਟਰਬਾਈਨ ਫਿਊਲ ਅਤੇ ਕੁਦਰਤੀ ਗੈਸ ਸਮੇਤ), ਸ਼ਰਾਬ, ਰਾਜ ਤੋਂ ਬਾਹਰ ਦੀ ਖਰੀਦਦਾਰੀ ਅਤੇ ਬਿਜ਼ਨਸ ਤੋਂ ਬਿਜ਼ਨਸ (ਬੀ 2 ਬੀ) ਲੈਣ-ਦੇਣ ਨਾਲ ਸਬੰਧਤ ਬਿੱਲਾਂ ਨੂੰ ਯੋਜਨਾ ਤੋਂ ਬਾਹਰ ਰੱਖਿਆ ਗਿਆ ਹੈ।