ਮੀਂਹ ਕਾਰਨ ਵੱਖ-ਵੱਖ ਪਿੰਡਾਂ ’ਚ ਮਕਾਨਾਂ ਦੀਆਂ ਛੱਤਾਂ ਡਿੱਗੀਆਂ
ਇਸ ਇਲਾਕੇ ਅੰਦਰ ਲਗਾਤਾਰ ਪਏ ਮੀਂਹ ਕਾਰਨ ਸ਼ੇਖਪੁਰਾ, ਨੱਤ, ਗੁਰੂਸਰ ਜਗਾ ਆਦਿ ਪਿੰਡਾਂ ਵਿੱਚ ਮਕਾਨਾਂ ਦੀਆਂ ਛੱਤਾਂ ਡਿੱਗਣ ਕਾਰਨ ਲੋਕਾਂ ਦਾ ਭਾਰੀ ਨੁਕਸਾਨ ਹੋਇਆ ਹੈ। ਪਿੰਡ ਸ਼ੇਖਪੁਰਾ ਵਿੱਚ ਪ੍ਰਗਟ ਸਿੰਘ ਪੁੱਤਰ ਬਲਦੇਵ ਸਿੰਘ ਦਾ ਮਕਾਨ ਡਿੱਗਣ ਕਾਰਨ ਘਰ ਦਾ ਸਾਰਾ ਸਾਮਾਨ ਨੁਕਸਾਨਿਆ ਗਿਆ ਹੈ। ਇਸੇ ਹੀ ਪਿੰਡ ਦੇ ਮਲਕੀਤ ਸਿੰਘ ਅਤੇ ਵਿਧਵਾ ਗੋਲੋ ਕੌਰ ਦੇ ਕਮਰਿਆਂ ਦੀ ਛੱਤ ਵੀ ਮੀਂਹ ਕਾਰਨ ਡਿੱਗ ਗਈ। ਇਨ੍ਹਾਂ ਵਿੱਚੋਂ ਬਹੁਤੇ ਪਰਿਵਾਰ ਮਜ਼ਦੂਰੀ ਕਰ ਕੇ ਗੁਜ਼ਾਰਾ ਕਰਦੇ ਹਨ। ਪਿੰਡਾਂ ਦੇ ਮੋਹਤਬਰਾਂ ਅਤੇ ਸਰਪੰਚਾਂ ਨੇ ਸਰਕਾਰ ਤੋਂ ਪੀੜਤ ਪਰਿਵਾਰਾਂ ਦੀ ਮਾਲੀ ਮਦਦ ਦੀ ਮੰਗ ਕੀਤੀ ਹੈ। ਇਸੇ ਤਰ੍ਹਾਂ ਪਿੰਡ ਨੱਤ ਦੇ ਕਿਸਾਨ ਜਗਸੀਰ ਸਿੰਘ ਦੇ ਪਸ਼ੂਆਂ ਵਾਲੇ ਮਕਾਨ ਦੀ ਛੱਤ ਡਿੱਗ ਗਈ। ਇਸ ਦੌਰਾਨ ਪਸ਼ੂਆਂ ਦੇ ਜਾਨੀ ਨੁਕਸਾਨ ਤੋਂ ਬਚਾਅ ਰਿਹਾ। ਪਿੰਡ ਗੁਰੂਸਰ ਜਗਾ ਵਿੱਚ ਇੰਦਰਜੀਤ ਸਿੰਘ ਦਾ ਪਸ਼ੂਆਂ ਵਾਲਾ ਸ਼ੈੱਡ ਡਿੱਗਣ ਕਾਰਨ ਇੱਕ ਮੱਝ ਦੀ ਮੌਤ ਹੋ ਗਈ।
ਗੁਰੂਹਰਸਹਾਏ (ਅਸ਼ੋਕ ਸੀਕਰੀ): ਪਿੰਡ ਚੱਕ ਕੰਧੇ ਸ਼ਾਹ ਵਿੱਚ ਮੀਂਹ ਕਾਰਨ ਅਜੀਤ ਸਿੰਘ ਦੇ ਮਕਾਨ ਦੀ ਛੱਤ ਡਿੱਗ ਗਈ। ਪੀੜਤ ਨੇ ਦੱਸਿਆ ਕਿ ਛੱਤ ਤੇ ਮਲਬੇ ਅਤੇ ਮੀਂਹ ਦੇ ਪਾਣੀ ਕਾਰਨ ਉਸ ਦਾ ਸਾਰਾ ਸਾਮਾਨ ਖ਼ਰਾਬ ਹੋ ਗਿਆ ਹੈ। ਇਸ ਕਾਰਨ ਪਰਿਵਾਰ ਦਾ ਗੁਜ਼ਾਰਾ ਮੁਸ਼ਕਲ ਹੋ ਗਿਆ ਹੈ। ਅਜੀਤ ਸਿੰਘ ਨੇ ਦੱਸਿਆ ਕਿ ਉਹ 100 ਫ਼ੀਸਦੀ ਅਪਾਹਜ ਹੈ ਤੇ ਉਸ ਦੀ ਪਤਨੀ 65 ਫ਼ੀਸਦੀ ਅਪਾਹਜ ਹੈ। ਉਸ ਦੇ ਬੱਚੇ ਛੋਟੇ ਹਨ ਜੋ ਹਾਲੇ ਪੜ੍ਹਾਈ ਕਰ ਰਹੇ ਹਨ। ਅਜੀਤ ਸਿੰਘ ਨੇ ਦੱਸਿਆ ਕਿ ਉਨ੍ਹਾਂ ਕੋਲ ਕਮਾਈ ਦਾ ਕੋਈ ਸਾਧਨ ਨਹੀਂ ਹੈ। ਉਸ ਨੇ ਸਰਕਾਰ ਤੇ ਪ੍ਰਸ਼ਾਸਨ ਤੋਂ ਮੰਗ ਕੀਤੀ ਹੈ ਕਿ ਉਸ ਨੂੰ ਪੱਕਾ ਮਕਾਨ ਬਣਾਉਣ ਲਈ ਮਾਲੀ ਸਹਾਇਤਾ ਦਿੱਤੀ ਜਾਵੇ।
ਤਪਾ ਮੰਡੀ (ਸੀ ਮਾਰਕੰਡਾ): ਤਪਾ ਦੇ ਗੁਰੂ ਗੋਬਿੰਦ ਸਿੰਘ ਨਗਰ ’ਚ ਗ਼ਰੀਬ ਪਰਿਵਾਰ ਦੇ ਮਕਾਨ ਦੀ ਛੱਤ ਡਿੱਗ ਗਈ। ਘਰ ਦੇ ਮਾਲਕ ਮੱਖਣ ਸਿੰਘ ਨੇ ਦੱਸਿਆ ਕਿ ਇਲਾਕੇ ਵਿੱਚ ਪਏ ਭਰਵੇਂ ਮੀਂਹ ਕਾਰਨ ਉਸ ਦੇ ਮਕਾਨ ਦੀਆਂ ਕੰਧਾਂ ਅਤੇ ਛੱਤ ਨੂੰ ਨੁਕਸਾਨ ਪੁੱਜਿਆ ਸੀ। ਹੁਣ ਭਾਵੇਂ ਦੋ ਦਿਨਾਂ ਤੋਂ ਮੌਸਮ ਸਾਫ਼ ਸੀ ਪਰ ਕੰਧਾਂ ਨੂੰ ਹੋਏ ਨੁਕਸਾਨ ਕਾਰਨ ਉਸ ਦੇ ਮਕਾਨ ਦੀ ਛੱਤ ਡਿੱਗ ਗਈ। ਇਸ ਕਾਰਨ ਮਲਬੇ ਹੇਠ ਆਉਣ ਕਾਰਨ ਉਨ੍ਹਾਂ ਦਾ ਘਰੇਲੂ ਸਾਮਾਨ ਨੁਕਸਾਨਿਆ ਗਿਆ ਹੈ। ਮਜ਼ਦੂਰ ਮੁਕਤੀ ਮੋਰਚਾ ਦੇ ਆਗੂ ਨਾਨਕ ਸਿੰਘ ਨੇ ਸਰਕਾਰ ਤੋਂ ਪੀੜਤ ਪਰਿਵਾਰ ਲਈ ਮੁਆਵਜ਼ੇ ਦੀ ਮੰਗ ਕੀਤੀ ਹੈ।