ਰੋਡਵੇਜ਼ ਤੇ ਪੀਆਰਟੀਸੀ ਮੁਲਾਜ਼ਮਾਂ ਵੱਲੋਂ ਹੜਤਾਲ ਦੀ ਚਿਤਾਵਨੀ
ਪੰਜਾਬ ਰੋਡਵੇਜ਼, ਪਨਬਸ ਅਤੇ ਪੀਆਰਟੀਸੀ ਕੰਟਰੈਕਟ ਵਰਕਰਜ਼ ਯੂਨੀਅਨ ਦੇ ਨੁਮਾਇੰਦਿਆਂ ਦੇ ਮੁੜ ਚੱਕਾ ਜਾਮ ਕਰਨ ਦੀ ਚਿਤਵਾਨੀ ਦਿੱਤੀ ਹੈ। ਯੂਨੀਅਨ ਦੇ ਸੂਬਾਈ ਜਨਰਲ ਸਕੱਤਰ ਸ਼ਮਸ਼ੇਰ ਸਿੰਘ, ਨੇ ਦੱਸਿਆ ਕਿ ਮੁੱਖ ਮੰਤਰੀ ਪੰਜਾਬ ਨਾਲ 28 ਜੁਲਾਈ ਨੂੰ ਮੀਟਿੰਗ ਦਾ ਸਮਾਂ ਤੈਅ ਹੋਇਆ ਹੈ। ਉਨ੍ਹਾਂ ਕਿਹਾ, “ਪਿਛਲੀਆਂ ਹੋਈਆਂ ਮੀਟਿੰਗਾਂ ਵਿੱਚ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਸਾਡੇ ਨਾਲ ਕਈ ਵਾਅਦੇ ਕੀਤੇ ਨੇ। ਸਾਡੀਆਂ ਮੁੱਖ ਮੰਗਾਂ ਕਿਲੋਮੀਟਰ ਬੱਸਾਂ ਦੀ ਸਕੀਮ ਨੂੰ ਨਾ ਚਲਾਉਣ, ਕੰਟਰੈਕਟ ਬੇਸ ਵਰਕਰਾਂ ਨੂੰ ਭਰਤੀ ਨਾ ਕਰਨ ਅਤੇ ਕੱਚੇ ਮੁਲਾਜ਼ਮਾਂ ਨੂੰ ਪੱਕੇ ਕਰਨ ਦੀਆਂ ਹਨ ਜਿਸ ਨੂੰ ਲੈ ਕੇ ਅਸੀਂ ਪਹਿਲਾਂ ਵੀ ਸਰਕਾਰ ਦੇ ਨਾਲ ਗੱਲਬਾਤ ਕੀਤੀ, ਪਰ ਸਰਕਾਰ ਨੇ ਸਾਨੂੰ ਵਾਅਦਾ ਦੇ ਕੇ ਟਾਲ਼ ਦਿੱਤਾ।” ਉਨ੍ਹਾਂ ਕਿਹਾ, “ਕਈ ਵਾਰ ਧਰਨੇ ਪ੍ਰਦਰਸ਼ਨ ਲਗਾਉਣ ਬਾਵਜੂਦ ਸਰਕਾਰ ਨੇ ਸਾਡੀ ਇੱਕ ਨਾ ਸੁਣੀ।” ਯੂਨੀਅਨ ਦੇ ਪ੍ਰਧਾਨ ਨੇ ਕਿਹਾ ਕਿ ਆਉਣ ਵਾਲੇ ਸਮੇਂ ਵਿੱਚ ਜੇਕਰ ਮੁੱਖ ਮੰਤਰੀ ਭਗਵੰਤ ਮਾਨ ਨੇ ਉਨ੍ਹਾਂ ਮੰਗਾਂ ਨੂੰ ਨਾ ਮੰਨਿਆ ਤਾਂ ਆਉਣ ਵਾਲੀ 28 ਜੁਲਾਈ ਨੂੰ ਪੀਆਰਟੀਸੀ ਅਤੇ ਪਨਬਸ ਕੰਟਰੈਕਟ ਵਰਕਰ ਯੂਨੀਅਨ ਦੇ ਸਾਰੇ ਵਰਕਰਾਂ ਵੱਲੋਂ ਪੂਰੇ ਪੰਜਾਬ ਵਿੱਚ ਚੱਕਾ ਜਾਮ ਕੀਤਾ ਜਾਵੇਗਾ, ਜਿਸ ਦੀ ਜ਼ਿੰਮੇਵਾਰ ਪੰਜਾਬ ਸਰਕਾਰ ਹੋਵੇਗੀ। ਉਨ੍ਹਾਂ ਕਿਹਾ ਕਿ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨਾਲ ਉਨ੍ਹਾਂ ਦੀਆਂ ਪਹਿਲਾਂ ਹੋਈਆਂ ਮੀਟਿੰਗਾਂ ਵਿੱਚ ਮੁੱਖ ਮੰਤਰੀ ਨੇ ਮੰਗਾਂ ਮੰਨੀਆਂ ਅਤੇ ਉਨ੍ਹਾਂ ਨੂੰ ਲਾਗੂ ਕਰਨ ਦੀ ਵੀ ਗੱਲ ਕਹੀ ਪਰ ਇਸ ’ਤੇ ਸਰਕਾਰ ਨੇ ਅਜੇ ਤੱਕ ਕੋਈ ਅਮਲ ਨਹੀਂ ਕੀਤਾ।