ਚੋਣ ਅਧਿਕਾਰੀ ਵੱਲੋਂ ਪ੍ਰਬੰਧਾਂ ਦੀ ਸਮੀਖਿਆ
ਵਿਧਾਨ ਸਭਾ ਹਲਕਾ 21-ਤਰਨ ਤਾਰਨ ਦੀ 11 ਨਵੰਬਰ ਨੂੰ ਹੋ ਰਹੀ ਜ਼ਿਮਨੀ ਚੋਣ ਦੇ ਪ੍ਰਬੰਧਾਂ ਦੀ ਸਮੀਖਿਆ ਕਰਨ ਲਈ ਜ਼ਿਲ੍ਹਾ ਚੋਣ ਅਧਿਕਾਰੀ-ਕਮ-ਡਿਪਟੀ ਕਮਿਸ਼ਨਰ ਤਰਨ ਤਾਰਨ ਰਾਹੁਲ ਨੇ ਅੱਜ ਜ਼ਿਲ੍ਹਾ ਪ੍ਰਬੰਧਕੀ ਕੰਪਲੈਕਸ ਦੇ ਕਾਨਫਰੰਸ ਹਾਲ ਵਿੱਚ ਸਮੂਹ ਨੋਡਲ ਅਧਿਕਾਰੀਆਂ ਨਾਲ ਮੀਟਿੰਗ ਕੀਤੀ। ਇਸ ਮੌਕੇ ਵਧੀਕ ਡਿਪਟੀ ਕਮਿਸ਼ਨਰ (ਜਨਰਲ) ਰਾਜਦੀਪ ਸਿੰਘ ਬਰਾੜ, ਰਿਟਰਨਿੰਗ ਅਧਿਕਾਰੀ ਗੁਰਮੀਤ ਸਿੰਘ, ਸਹਾਇਕ ਕਮਿਸ਼ਨਰ ਕਰਨਵੀਰ ਸਿੰਘ, ਚੋਣ ਤਹਿਸੀਲਦਾਰ ਅਰਮਿੰਦਰਪਾਲ ਸਿੰਘ ਸਣੇ ਵੱਖ-ਵੱਖ ਟੀਮਾਂ ਦੇ ਨੋਡਲ ਅਫ਼ਸਰ ਤੇ ਹੋਰ ਅਧਿਕਾਰੀ ਹਾਜ਼ਰ ਸਨ।
ਉਨ੍ਹਾਂ ਕਿਹਾ ਕਿ ਅੱਜ ਚੋਣ ਪ੍ਰਚਾਰ ਬੰਦ ਹੋ ਗਿਆ ਹੈ। ਜ਼ਿਲ੍ਹਾ ਚੋਣ ਅਧਿਕਾਰੀ ਨੇ ਕਿਹਾ ਕਿ ਸਰਹੱਦੀ ਜ਼ਿਲ੍ਹਾ ਤਰਨ ਤਾਰਨ ਦੀ ਸੰਵੇਦਨਸ਼ੀਲਤਾ ਨੂੰ ਧਿਆਨ ਵਿੱਚ ਰੱਖਦਿਆਂ ਸੁਰੱਖਿਆ ਦੇ ਪੁਖਤਾ ਪ੍ਰਬੰਧ ਕੀਤੇ ਗਏ ਹਨ। ਇਸ ਤਹਿਤ ਕੇਂਦਰੀ ਹਥਿਆਰਬੰਦ ਪੁਲੀਸ ਬਲਾਂ ਦੀਆਂ 12 ਕੰਪਨੀਆਂ ਤਾਇਨਾਤ ਕੀਤੀਆਂ ਗਈਆਂ ਹਨ ਤੇ ਸਾਰੇ 222 ਪੋਲਿੰਗ ਸਟੇਸ਼ਨਾਂ ਦੇ ਸਮੁੱਚੇ 114 ਪੋਲਿੰਗ ਸਟੇਸ਼ਨ ਸਥਾਨਾਂ ’ਤੇ ਕੇਂਦਰੀ ਬਲਾਂ ਦੇ ਜਵਾਨ ਤਾਇਨਾਤ ਰਹਿਣਗੇ। ਸਾਰੇ ਸੰਵੇਦਨਸ਼ੀਲ ਪੋਲਿੰਗ ਸਟੇਸ਼ਨਾਂ ’ਤੇ 46 ਮਾਈਕ੍ਰੋ ਆਬਜ਼ਰਵਰ ਵੀ ਲਗਾਏ ਗਏ ਹਨ। ਉਨ੍ਹਾਂ ਵੋਟਰਾਂ ਨੂੰ 11 ਨਵੰਬਰ ਨੂੰ ਸਵੇਰੇ ਸੱਤ ਵਜੇ ਤੋਂ ਸ਼ਾਮ ਛੇ ਵਜੇ ਤੱਕ ਆਪਣੀ ਵੋਟ ਦੇ ਅਧਿਕਾਰ ਦੀ ਵਰਤੋਂ ਦੀ ਅਪੀਲ ਕੀਤੀ ਹੈ। ਵਿਧਾਨ ਸਭਾ ਹਲਕਾ 021-ਤਰਨ ਤਾਰਨ ਵਿੱਚ ਵੋਟਰਾਂ ਦੀ ਕੁੱਲ ਗਿਣਤੀ 1,92,838 ਹੈ। ਇਸ ਵਿੱਚ 1,00,933 ਪੁਰਸ਼ ਵੋਟਰ, 91,897 ਮਹਿਲਾ ਵੋਟਰ ਅਤੇ ਅੱਠ ਤੀਜੇ ਲਿੰਗ ਦੇ ਵੋਟਰ ਸ਼ਾਮਲ ਹਨ। ਕੁੱਲ ਸਰਵਿਸ ਵੋਟਰ 1,357 ਜਦੋਂਕਿ 85 ਸਾਲ ਦੀ ਉਮਰ ਤੋਂ ਵੱਧ ਵਾਲੇ ਕੁੱਲ ਵੋਟਰਾਂ ਦੀ ਗਿਣਤੀ 1,657 ਹੈ। ਇਸ ਦੇ ਨਾਲ ਹੀ 18 ਤੋਂ 19 ਸਾਲ ਦੀ ਉਮਰ ਵਾਲੇ ਵੋਟਰਾਂ ਦੀ ਕੁੱਲ ਗਿਣਤੀ 3,333 ਹੈ|
