PU Bandh: ਵਿਦਿਆਰਥੀਆਂ ਦੀ ਹਮਾਇਤ ’ਚ ਯੂਨੀਵਰਸਿਟੀ ਪੁੱਜੇ ਕਿਸਾਨ; ਸੈਨੇਟ ਚੋਣਾਂ ਦੇ ਨੋਟੀਫਿਕੇਸ਼ਨ ਤਕ ’ਵਰਸਟੀ ’ਚ ਧਰਨਾ ਦੇਣਗੇ ਕਿਸਾਨ
ਮੁਹਾਲੀ ਬੈਰੀਕੇਡ ਤੋੜ ਕੇ ਯੂਨੀਵਰਸਿਟੀ ਵੱਲ ਰਵਾਨਾ ਹੋਏ ਸਨ ਕਿਸਾਨ; ਸਿਆਸੀ ਹਸਤੀਆਂ ਧਰਨੇ ਵਾਲੀ ਥਾਂ ਪਹੁੰਚੀਆਂ
ਪੁਲੀਸ ਨੇ ਮਗਰੋਂ ਕੁਝ ਪ੍ਰਦਰਸ਼ਨਕਾਰੀਆਂ ਨੂੰ ਹਿਰਾਸਤ ਵਿਚ ਲੈ ਲਿਆ ਤੇ ਬੱਸਾਂ ਵਿਚ ਬਿਠਾ ਕੇ ਲੈ ਗਏ। ਚੰਡੀਗੜ੍ਹ ਦੀ ਐੱਸਐੱਸਪੀ ਕੰਵਰਦੀਪ ਕੌਰ ਵੀ ਮੌਕੇ ’ਤੇ ਪੁੱਜ ਗਏ ਹਨ। ਉਨ੍ਹਾਂ ਨੇ ਪ੍ਰਦਰਸ਼ਨਕਾਰੀਆਂ ਨਾਲ ਗੱਲਬਾਤ ਵੀ ਕੀਤੀ। ਐੱਸਐੱਸਪੀ ਨੇ ਕਿਹਾ ਕਿ ਉਹ ਵਿਦਿਆਰਥੀਆਂ ਨੂੰ ਯੂਨੀਵਰਸਿਟੀ ਵਿਚ ਆਉਣ ਤੋਂ ਨਹੀਂ ਰੋਕ ਰਹੇ, ਪਰ ਕਿਸੇ ਬਾਹਰੀ ਵਿਅਕਤੀ ਨੂੰ ਕੈਂਪਸ ’ਚ ਦਾਖ਼ਲੇ ਲਈ ਇਜਾਜ਼ਤ ਲੈਣੀ ਹੋਵੇਗੀ।
ਪੰਜਾਬ ਯੂਨੀਵਰਸਿਟੀ ਕੈਂਪਸ ਸਟੂਡੈਂਟਸ ਕੌਂਸਲ (PUCSC) ਦੇ ਉਪ-ਪ੍ਰਧਾਨ ਅਸ਼ਮੀਤ ਸਿੰਘ ਨੇ ਕਿਹਾ ਕਿ ਸ਼ਾਂਤਮਈ ਵਿਰੋਧ ਪ੍ਰਦਰਸ਼ਨ ਲਈ ਤਿਆਰੀਆਂ ਕਰ ਲਈਆਂ ਗਈਆਂ ਹਨ। ਵਿਦਿਆਰਥੀ ਆਗੂ ਅਭਿਸ਼ੇਕ ਡਾਗਰ ਨੇ ਪੁਸ਼ਟੀ ਕੀਤੀ ਕਿ ਸੈਨੇਟ ਚੋਣਾਂ ਦੇ ਸ਼ਡਿਊਲ ਦਾ ਐਲਾਨ ਹੋਣ ਤੱਕ ਅੰਦੋਲਨ ਜਾਰੀ ਰਹੇਗਾ।
ਇਸ ਦੌਰਾਨ ਕਈ ਸਿਆਸੀ ਹਸਤੀਆਂ ਨੇ ਧਰਨਾ ਸਥਾਨ ਦਾ ਦੌਰਾ ਕੀਤਾ, ਜਿਨ੍ਹਾਂ ਵਿੱਚ ਪੰਜਾਬ ਦੇ ਖੇਤੀਬਾੜੀ ਮੰਤਰੀ ਗੁਰਮੀਤ ਸਿੰਘ ਖੁੱਡੀਆਂ ਅਤੇ ਕਾਂਗਰਸੀ ਆਗੂ ਪ੍ਰਤਾਪ ਸਿੰਘ ਬਾਜਵਾ ਅਤੇ ਰਾਣਾ ਗੁਰਜੀਤ ਸਿੰਘ, ਮਲਵਿੰਦਰ ਸਿੰਘ ਕੰਗ ਸ਼ਾਮਲ ਹਨ। ਇਸ ਵਿਰੋਧ ਪ੍ਰਦਰਸ਼ਨ ਨੂੰ ਪਾਰਟੀਆਂ, ਕਿਸਾਨ ਸੰਗਠਨਾਂ ਅਤੇ ਕਲਾਕਾਰਾਂ ਦੇ ਆਗੂਆਂ ਵੱਲੋਂ ਵੀ ਸਮਰਥਨ ਮਿਲਿਆ ਹੈ।
ਇਸ ਤੋਂ ਪਹਿਲਾਂ ਚੰਡੀਗੜ੍ਹ ਪੁਲੀਸ ਵੱਲੋਂ 'PU Bandh’ ਦੇ ਸੱਦੇ ਦੇ ਮੱਦੇਨਜ਼ਰ ਪੰਜਾਬ ਯੂਨੀਵਰਸਿਟੀ ਕੈਂਪਸ ਵੱਲ ਜਾਣ ਵਾਲੀਆਂ ਸਾਰੀਆਂ ਸੜਕਾਂ ’ਤੇ ਸਖ਼ਤ ਨਿਗਰਾਨੀ ਰੱਖੀ ਜਾ ਰਹੀ ਸੀ।
ਯੂਨੀਵਰਸਿਟੀ ਕੈਂਪਸ ਦੇ ਗੇਟਾਂ ’ਤੇ ਚੰਡੀਗੜ੍ਹ ਪੁਲੀਸ ਅਤੇ ਰਿਜ਼ਰਵ ਫੋਰਸਾਂ ਵੱਲੋਂ ਭਾਰੀ ਸੁਰੱਖਿਆ ਅਮਲਾ ਤਾਇਨਾਤ ਕੀਤਾ ਗਿਆ ਸੀ। ਗੇਟਾਂ ਨੂੰ ਵਾਧੂ ਬੈਰੀਕੇਡਿੰਗ ਤੇ ਬੱਸਾਂ ਖੜ੍ਹਾ ਕੇ ਬੰਦ ਕਰ ਦਿੱਤਾ ਗਿਆ।
ਗੇਟ ਨੰ.1 ਅੰਸ਼ਕ ਤੌਰ ’ਤੇ ਖੁੱਲ੍ਹਾਂ ਸੀ ਜਦੋਂਕਿ ਬਾਕੀ ਸਾਰੇ ਗੇਟ ਪੂਰੀ ਤਰ੍ਹਾਂ ਬੰਦ ਕਰ ਦਿੱਤੇ ਗਏ। ਯੂਨੀਵਰਸਿਟੀ ਵਿਚ ਰਹਿੰਦੇ ਲੋਕਾਂ ਨੂੰ ਵੀ ਅੰਦਰ ਹੀ ਸੀਮਤ ਕਰ ਦਿੱਤਾ ਗਿਆ ਹੈ। ਦੁਪਹਿਰ 1 ਵਜੇ ਤੱਕ ਇਹੀ ਹਾਲਾਤ ਬਣੇ ਰਹਿਣ ਦੀ ਉਮੀਦ ਹੈ।

