Revenue Officers Strike: ਤਹਿਸੀਲਦਾਰਾਂ ਵੱਲੋਂ ਰਜਿਸਟਰੀਆਂ ਦਾ ਕੰਮ ਠੱਪ, ਅਦਾਲਤੀ ਕੰਮ ਜਾਰੀ
ਹੜਤਾਲ ਨਹੀਂ, ਸਿਰਫ ਰਜਿਸਟਰੀਆਂ ਦਾ ਕੰਮ ਰੋਕਿਆ ਹੈ: ਤਹਿਸੀਲਦਾਰ; ਰਜਿਸਟਰੀਆਂ ਨਾ ਹੋਣ ਕਾਰਨ ਆਮ ਲੋਕ ਅਤੇ ਪ੍ਰਾਪਰਟੀ ਦੇ ਧੰਦੇ ਨਾਲ ਜੁੜੇ ਲੋਕ ਪ੍ਰੇਸ਼ਾਨ; ਸਰਕਾਰ ਤੋਂ ਕੀਤੀ ਪੁਖ਼ਤਾ ਪ੍ਰਬੰਧਾਂ ਦੀ ਮੰਗ
ਗੁਰਸੇਵਕ ਸਿੰਘ ਪ੍ਰੀਤ
ਸ੍ਰੀ ਮੁਕਤਸਰ ਸਾਹਿਬ, 4 ਮਾਰਚ
Revenue Officers Strike: ਤਹਿਸੀਲਦਾਰਾਂ ਦੀ ਜਥੇਬੰਦੀ ਵੱਲੋਂ ਰਜਿਸਟਰੀਆਂ ਦਾ ਕੰਮ ਨਾ ਕਰਕੇ ਚੌਕਸੀ ਵਿਭਾਗ ਖਿਲਾਫ ਵਿੱਢੇ ਰੋਸ ਤਹਿਤ ਮੁਕਤਸਰ ਜ਼ਿਲ੍ਹੇ ਦੀਆਂ ਤਹਿਸੀਲਾਂ ਵਿੱਚ ਅੱਜ ਦੂਜੇ ਦਿਨ ਵੀ ਜ਼ਮੀਨਾਂ ਦੀਆਂ ਰਜਿਸਟਰੀਆਂ ਦਾ ਕੰਮ ਠੱਪ ਰਿਹਾ। ਇਸ ਦੌਰਾਨ ਰਜਿਸਟਰੀਆਂ ਕਰਾਉਣ ਲਈ ਜਿਨ੍ਹਾਂ ਇਕਰਾਰਨਾਮਿਆਂ ਦੀ ਮਿਆਦ ਖ਼ਤਮ ਹੋ ਗਈ ਹੈ, ਉਨ੍ਹਾਂ ਲਈ ਭਾਰੀ ਦਿੱਕਤ ਪੈਦਾ ਹੋ ਗਈ ਹੈ।
ਜਿਨ੍ਹਾਂ ਨੇ ਜ਼ਮੀਨ ਵੇਚ ਕੇ ਬੱਚਿਆਂ ਦਾ ਵਿਆਹ ਆਦਿ ਜਾਂ ਕੋਈ ਹੋਰ ਕੰਮ ਕਰਨਾ ਸੀ, ਉਨ੍ਹਾਂ ਦੀਆਂ ਰਜਿਸਟਰੀਆਂ ਨਾ ਹੋਣ ਕਰ ਕੇ ਉਹ ਵੀ ਪ੍ਰੇਸ਼ਾਨ ਹੋ ਗਏ ਹਨ। ਪ੍ਰਾਪਰਟੀ ਦੇ ਧੰਦੇ ਨਾਲ ਜੁੜੇ ਲੋਕਾਂ ਨੇ ਦੱਸਿਆ ਕਿ ਉਨ੍ਹਾਂ ਦੇ ਕਈ ਸੌਦੇ ਖਰਾਬ ਹੋ ਗਏ ਹਨ।
ਉਨ੍ਹਾਂ ਕਿਹਾ ਕਿ ਤਹਿਸੀਲਦਾਰਾਂ ਵੱਲੋਂ ਇਸ ਤਰ੍ਹਾਂ ਰਜਿਸਟਰੀਆਂ ਦਾ ਕੰਮ ਰੋਕਣਾ ਬਹੁਤ ਗਲਤ ਹੈ, ਸਰਕਾਰ ਨੂੰ ਪੁਖ਼ਤਾ ਪ੍ਰਬੰਧ ਕਰਨਾ ਚਾਹੀਦਾ ਹੈ।
ਇਸ ਦੌਰਾਨ ਮੁਕਤਸਰ ਤਹਿਸੀਲ ਦਫਤਰ ਵਿੱਚ ਜਾ ਕੇ ਪਤਾ ਲੱਗਿਆ ਕਿ ਤਹਿਸੀਲਦਾਰ ਅਤੇ ਨਾਇਬ ਤਹਿਸੀਲਦਾਰ ਆਪੋ-ਆਪਣੇ ਦਫਤਰਾਂ ’ਚ ਬੈਠੇ ਸਨ ਅਤੇ ਉਨ੍ਹਾਂ ਰਜਿਸਟਰੀਆਂ ਤੋਂ ਬਿਨਾਂ ਹੋਰ ਕੰਮ ਕੀਤੇ। ਅਦਾਲਤ ਵੀ ਲਾਈ।
ਇਸ ਮੌਕੇ ਤਹਿਸੀਲਦਾਰ ਜਤਿੰਦਰਪਾਲ ਸਿੰਘ ਨੇ ਦੱਸਿਆ ਕਿ ਇਹ ਹੜਤਾਲ ਨਹੀਂ ਹੈ, ਸਿਰਫ ਰਜਿਸਟਰੀਆਂ ਦੇ ਕੰਮ ਦਾ ਬਾਈਕਾਟ ਕੀਤਾ ਗਿਆ ਹੈ। ਉਨ੍ਹਾਂ ਕਿਹਾ ਕਿ ਚੌਕਸੀ ਵਿਭਾਗ ਵੱਲੋਂ ਬਿਨਾਂ ਪ੍ਰਵਾਨਗੀਆਂ ਤੋਂ ਦਫਤਰਾਂ ’ਚ ਛਾਪੇ ਮਾਰ ਕੇ ਮਾਲ ਅਧਿਕਾਰੀਆਂ ਦੇ ਅਕਸ ਨੂੰ ਦਾਗ਼ਦਾਰ ਕਰਨ ਦੀ ਕੋਸ਼ਿਸ਼ ਕੀਤੀ ਗਈ ਹੈ, ਜਿਸ ਕਰਕੇ ਸੂਬਾ ਪੱਧਰ ’ਤੇ ਰਜਿਸਟਰੀਆਂ ਦਾ ਕੰਮ ਰੋਕ ਕੇ ਤਹਿਸੀਲਦਾਰ ਐਸੋਸੀਏਸ਼ਨ ਵੱਲੋਂ ਰੋਸ ਜ਼ਾਹਰ ਕੀਤਾ ਜਾ ਰਿਹਾ ਹੈ।