24 ਹਜ਼ਾਰ ਏਕੜ ਜ਼ਮੀਨ ਐਕੁਆਇਰ ਕਰਨ ਵਿਰੁੱਧ ਪਿੰਡਾਂ ’ਚ ਮਤੇ ਪਾਸ
ਜਸਬੀਰ ਸ਼ੇਤਰਾ
ਮੁੱਲਾਂਪੁਰ ਦਾਖਾ, 26 ਮਈ
ਜ਼ਿਲ੍ਹੇ ਦੇ ਮੁੱਲਾਂਪੁਰ ਨਾਲ ਲੱਗਦੇ ਕਈ ਪਿੰਡਾਂ ਦੀ ਹਜ਼ਾਰਾਂ ਏਕੜ ਜ਼ਮੀਨ ਐਕੁਆਇਰ ਕਰਨ ਵਿਰੁੱਧ ਪਿੰਡਾਂ ’ਚ ਮਤੇ ਪਾਸ ਹੋਣ ਲੱਗੇ ਹਨ। ਇਸ ਦੇ ਨਾਲ ਹੀ ਭਲਕੇ 27 ਮਈ ਨੂੰ ਗਲਾਡਾ ਦਫ਼ਤਰ ਅੱਗੇ ਲੱਗਣ ਵਾਲੇ ਧਰਨੇ ਲਈ ਲਾਮਬੰਦੀ ਕੀਤੀ ਗਈ। ਇਸ ਧਰਨੇ ਦੌਰਾਨ ਇਨ੍ਹਾਂ ਪਿੰਡਾਂ ਦੇ ਪ੍ਰਭਾਵਿਤ ਹੋਣ ਵਾਲੇ ਕਿਸਾਨ ਸਰਕਾਰ ਦੇ ਨਾਂ ਅਧਿਕਾਰੀਆਂ ਨੂੰ ਚਿਤਾਵਨੀ ਪੱਤਰ ਸੌਂਪਣਗੇ। ਅੱਜ ਨੇੜਲੇ ਪਿੰਡਾਂ ਭਨੋਹੜ, ਲਲਤੋਂ ਤੇ ਰੁੜਕਾ ਵਿੱਚ ਵੀ ਕਿਸਾਨ ਦੀਆਂ ਮੀਟਿੰਗਾਂ ਹੋਈਆਂ। 32 ਪਿੰਡਾਂ ਵਿੱਚ ਗਰਾਮ ਸਭਾਵਾਂ ਦੇ ਇਜਲਾਸ ਸੱਦ ਕੇ ਅਰਬਨ ਅਸਟੇਟ ਲਈ ਇਹ ਜ਼ਮੀਨ ਐਕੁਆਇਰ ਕਰਨ ਵਿਰੁੱਧ ਮਤੇ ਪਾਸ ਕਰਨ ਦੇ ਸੱਦੇ ਤਹਿਤ ਇਨ੍ਹਾਂ ਪਿੰਡਾਂ ਵਿੱਚ ਵੀ ਮਤੇ ਪਾਸ ਕੀਤੇ ਗਏ। ਭਾਰਤੀ ਕਿਸਾਨ ਯੂਨੀਅਨ ਏਕਤਾ (ਡਕੌਂਦਾ) ਦੇ ਆਗੂ ਜਗਰੂਪ ਸਿੰਘ ਹਸਨਪੁਰ ਨੇ ਦੱਸਿਆ ਕਿ ਜਥੇਬੰਦੀ ਦੀ ਟੀਮ ਵਿੱਚ ਸ਼ਾਮਲ ਸੂਬਾ ਮੀਤ ਪ੍ਰਧਾਨ ਅਮਨਦੀਪ ਸਿੰਘ ਲਲਤੋਂ, ਰਣਵੀਰ ਸਿੰਘ ਰੁੜਕਾ, ਰਜਿੰਦਰ ਸਿੰਘ ਰਾਜਾ ਭਨੋਹੜ ਆਦਿ ’ਤੇ ਆਧਾਰਿਤ ਟੀਮਾਂ ਨੇ ਸਮੁੱਚੇ ਪਿੰਡਾਂ ਵਿੱਚ ਗਰਾਮ ਸਭਾ ਦੇ ਇਜਲਾਸ ਪਿੰਡ ਵਾਸੀਆਂ ਅਤੇ ਪੰਚਾਇਤਾਂ ਰਾਹੀ ਸੱਦ ਕੇ ਲੈਂਡ ਪੂਲਿੰਗ ਐਕਟ ਰੱਦ ਕਰਨ ਦੇ ਮਤੇ ਪਾਸ ਕਰਵਾਏ ਗਏ। ਉਨ੍ਹਾਂ ਦੱਸਿਆ ਕਿ ਸਮੂਹ ਪਿੰਡਾਂ ਦੇ ਕਿਸਾਨਾਂ ਮਜ਼ਦੂਰਾਂ ਵਿੱਚ ਇਸ ਐਕਟ ਨੂੰ ਪੂਰੀ ਤਰ੍ਹਾਂ ਰੱਦ ਕਰਾਉਣ ਕਈ ਭਾਰੀ ਉਤਸ਼ਾਹ ਪਾਇਆ ਜਾ ਰਿਹਾ ਹੈ।
ਕਿਸਾਨ ਆਗੂ ਨੇ ਦੱਸਿਆ ਕਿ ਪਿੰਡਾਂ ਦੇ ਕਿਸਾਨਾਂ ਤੋਂ ਜ਼ਮੀਨਾਂ ਖੋਹਣ ਨਾਲ ਜਿੱਥੇ ਕਿਸਾਨ ਬੇਰੁਜ਼ਗਾਰ ਹੋਣਗੇ ਉਥੇ ਖੇਤ ਮਜ਼ਦੂਰ ਰੋਟੀ ਤੋਂ ਵੀ ਆਤੁਰ ਹੋ ਜਾਣਗੇ ਜਿਨ੍ਹਾਂ ਕੋਲ ਰੋਜ਼ੀ ਦਾ ਕੋਈ ਹੋਰ ਸਾਧਨ ਨਹੀਂ ਹੈ।