ਦੂਸ਼ਿਤ ਪਾਣੀ ਕਾਰਨ ਬਿਮਾਰ ਹੋਣ ਲੱਗੇ ਮਿਠੜੀ ਬੁੱਧਗਿਰ ਵਾਸੀ
ਇਕਬਾਲ ਸਿੰਘ ਸ਼ਾਂਤ
ਪਿੰਡ ਮਿਠੜੀ ਬੁੱਧਗਿਰ ਦੇ ਵਾਰਡ ਨੰਬਰ ਇੱਕ ਵਿੱਚ ਦਰਜਨਾਂ ਪਰਿਵਾਰ ਦਹਾਕੇ ਤੋਂ ਸਾਫ਼ ਪਾਣੀ ਨੂੰ ਤਰਸ ਰਹੇ ਹਨ। ਜਲ ਸਪਲਾਈ ਪਾਈਪਾਂ ਦਾ ਪੱਧਰ ਠੀਕ ਨਾ ਹੋਣ ਕਾਰਨ 12 ਸਾਲਾਂ ਤੋਂ ਇੱਥੇ ਵਾਟਰ ਵਰਕਸ ਦਾ ਪਾਣੀ ਨਹੀਂ ਪੁੱਜਿਆ। ਲੋਕ ਸਬਮਰਸੀਬਲ ਪੰਪਾਂ ਰਾਹੀਂ 950 ਤੋਂ ਵੱਧ ਟੀ ਡੀ ਐੱਸ ਵਾਲਾ ਜ਼ਮੀਨ ਹੇਠਲਾ ਪਾਣੀ ਪੀਣ ਲਈ ਮਜਬੂਰ ਹਨ। ਇਹ ਪਾਣੀ ਪੀਣ ਕਾਰਨ ਜਸਦੇਵ ਕੌਰ (70) ਨੂੰ ਗਠੀਆ ਹੋ ਗਿਆ ਹੈ ਤੇ ਉਸ ਦੇ ਹੱਥ-ਪੈਰ ਵਿੰਗੇ-ਢੇਡੇ ਹੋ ਚੁੱਕੇ ਹਨ। ਕਈ ਹੋਰ ਪਰਿਵਾਰ ਵੀ ਚਮੜੀ ਤੇ ਵਾਲਾਂ ਨਾਲ ਸਬੰਧਤ ਬਿਮਾਰੀਆਂ ਤੋਂ ਪੀੜਤ ਹਨ। ਪੀੜਤ ਲੋਕਾਂ ਨੇ ਕਿਹਾ ਕਿ ਗ਼ਰੀਬ ਹੋਣ ਕਾਰਨ ਉਨ੍ਹਾਂ ਦੀ ਕੋਈ ਸੁਣਵਾਈ ਨਹੀਂ ਹੋ ਰਹੀ। ਇਸ ਸਮੱਸਿਆ ਦੇ ਹੱਲ ਲਈ 10 ਲੱਖ ਰੁਪਏ ਦੀ ਗਰਾਂਟ ਸਾਲ ਪਹਿਲਾਂ ਜਾਰੀ ਹੋ ਚੁੱਕੀ ਹੈ ਪਰ ਇੱੱਥੇ ਕੰਮ ਸ਼ੁਰੂ ਨਹੀਂ ਹੋਇਆ। ਲੋਕਾਂ ਨੂੰ 30-50 ਰੁਪਏ ਰੋਜ਼ ਦਾ ਆਰ ਓ ਵਾਲਾ ਪਾਣੀ ਮੁੱਲ ਖ਼ਰੀਦਣਾ ਪੈਂਦਾ ਹੈ। ਵਾਰਡ ਵਾਸੀ ਅਮਨਦੀਪ ਕੌਰ, ਬਲਦੇਵ ਕੌਰ, ਸਰਬਜੀਤ ਕੌਰ ਅਤੇ ਹੋਰਾਂ ਨੇ ਕਿਹਾ ਕਿ ਗ਼ਰੀਬਾਂ ਲਈ ਪਾਣੀ ਦੀ ਸਮੱਸਿਆ ਵੱਡੀ ਦਿੱਕਤ ਹੈ। ਵਿਧਵਾ ਵੀਰਪਾਲ ਕੌਰ ਨੇ ਕਿਹਾ ਕਿ ਪਾਣੀ ਦੀ ਸਮੱਸਿਆ ਕਾਰਨ ਉਸ ਨੂੰ ਆਪਣੇ ਦੋ ਦਿਵਿਆਂਗ ਪੁੱਤਰ ਪਾਲਣੇ ਔਖੇ ਹੋ ਗਏ ਹਨ। ਭੋਲੀ ਨਾਂਅ ਦੀ ਔਰਤ ਨੇ ਦੱਸਿਆ ਕਿ ਵਾਟਰ ਵਰਕਸ ਤੋਂ ਜਲ ਸਪਲਾਈ ਨਾ ਆਉਣ ਕਾਰਨ ਉਸ ਨੇ ਕਰਜ਼ਾ ਲੈ ਕੇ ਸਬਮਰਸੀਬਲ ਲਗਵਾਈ ਹੈ।
ਬੀ ਕੇ ਯੂ ਏਕਤਾ (ਉਗਰਾਹਾਂ) ਦੇ ਆਗੂ ਤਰਸੇਮ ਸਿੰਘ ਅਤੇ ਦਲਜੀਤ ਸਿੰਘ ਨੇ ਦੋਸ਼ ਲਗਾਇਆ ਕਿ ਪਾਈਪਾਂ ਦੇ ਖ਼ਰਾਬ ਪੱਧਰ ਕਾਰਨ ਲੋਕਾਂ ਨੂੰ ਪਾਣੀ ਨਹੀਂ ਮਿਲਾ ਰਿਹਾ ਜਦੋਂਕਿ ਸਰਕਾਰੀ ਗਰਾਂਟ ਮੌਜੂਦ ਹੋਣ ਦੇ ਬਾਵਜੂਦ ਨਵੀਂ ਪਾਈਪ ਨਹੀਂ ਪਾਈ ਜਾ ਰਹੀ।
ਕੰਮ ਛੇਤੀ ਆਰੰਭਿਆ ਜਾਵੇਗਾ: ਬੀਡੀਪੀਓ
ਬਲਾਕ ਲੰਬੀ ਦੇ ਬੀਡੀਪੀਓ ਰਾਕੇਸ਼ ਬਿਸ਼ਨੋਈ ਨੇ ਦੱਸਿਆ ਕਿ ਮਿਠੜੀ ਬੁੱਧਗਿਰ ਵਿੱਚ ਜਲ ਸਪਲਾਈ ਦਾ ਕਾਰਜ ਨਕਸ਼ੇ ਸਬੰਧੀ ਇਤਰਾਜ਼ਾਂ ਕਾਰਨ ਰੁਕਿਆ ਹੈ। ਇਸ ਨੂੰ ਹੁਣ ਛੇਤੀ ਸ਼ੁਰੂ ਕਰਵਾਇਆ ਜਾ ਰਿਹਾ ਹੈ।
ਗਰਾਂਟ ’ਚ ਦੇਰੀ ਦਾ ਕਾਰਨ ਨਹੀਂ ਪਤਾ ਲੱਗ ਰਿਹਾ: ਸਰਪੰਚ
ਮਿਠੜੀ ਬੁੱਧਗਿਰ ਦੇ ਸਰਪੰਚ ਰਸ਼ਪਾਲ ਸਿੰਘ ਨੇ ਕਿਹਾ ਕਿ ਵਾਰਡ-1 ਸਣੇ ਸਮੁੱਚੇ ਪਿੰਡ ਵਿੱਚ ਪੀਣ ਦੇ ਪਾਣੀ ਦੀ ਸਮੱਸਿਆ ਗੰਭੀਰ ਹੈ। ਉਨ੍ਹਾਂ ਕਿਹਾ ਕਿ ਕਰੀਬ 10 ਲੱਖ ਰੁਪਏ ਦੀ ਗਰਾਂਟ ਸਬੰਧੀ ਬੀਡੀਪੀਓ ਦਫ਼ਤਰ ਲੰਬੀ ਵੱਲੋਂ ਵਾਰ-ਵਾਰ ਚੱਕਰ ਕਢਵਾਏ ਜਾ ਰਹੇ ਹਨ ਪਰ ਦੇਰੀ ਦਾ ਕਾਰਨ ਸਮਝ ਨਹੀਂ ਆ ਰਿਹਾ।