ਬਡਰੁੱਖਾਂ ਵਾਸੀ ਅੱਜ ਮਨਾਉਣਗੇ ਸ਼ੇਰ-ਏ-ਪੰਜਾਬ ਦਾ ਜਨਮ ਦਿਹਾੜਾ
ਪੰਜਾਬ ਸਰਕਾਰ ਨਹੀਂ ਕਰਵਾ ਰਹੀ ਜਨਮ ਅਸਥਾਨ ’ਤੇ ਸਰਕਾਰੀ ਸਮਾਗਮ
ਗੁਰਦੀਪ ਸਿੰਘ ਲਾਲੀ
ਸ਼ੇਰ-ਏ-ਪੰਜਾਬ ਮਹਾਰਾਜਾ ਰਣਜੀਤ ਸਿੰਘ ਦਾ ਭਲਕੇ 13 ਨਵੰਬਰ ਨੂੰ ਜਨਮ ਦਿਹਾੜਾ ਹੈ। ਸਿੱਖ ਕੌਮ ਦੇ ਮਹਾਨ ਜਰਨੈਲ ਸ਼ੇਰ-ਏ-ਪੰਜਾਬ ਮਹਾਰਾਜਾ ਰਣਜੀਤ ਸਿੰਘ ਦਾ ਜਨਮ ਦਿਹਾੜਾ ਉਨ੍ਹਾਂ ਦੇ ਜਨਮ ਸਥਾਨ ਤੇ ਨਾਨਕਾ ਪਿੰਡ ਬਡਰੁੱਖਾਂ ਵਿੱਚ ਪਿੰਡ ਵਾਸੀਆਂ ਵੱਲੋਂ ਹਰ ਸਾਲ ਦੀ ਤਰ੍ਹਾਂ ਆਪਣੇ ਪੱਧਰ ’ਤੇ ਮਨਾਇਆ ਜਾ ਰਿਹਾ ਹੈ। ਪੰਜਾਬ ਸਰਕਾਰ ਸ਼ੇਰ-ਏ-ਪੰਜਾਬ ਦੇ ਜਨਮ ਦਿਹਾੜੇ ਮੌਕੇ ਪਿੰਡ ਬਡਰੁੱਖਾਂ ’ਚ ਕੋਈ ਸਰਕਾਰੀ ਸਮਾਗਮ ਨਹੀਂ ਕਰਵਾ ਰਹੀ।
ਪੰਜਾਬ ਸਰਕਾਰ ਵੱਲੋਂ 29 ਜੂਨ 2024 ਨੂੰ ਮਹਾਰਾਜਾ ਰਣਜੀਤ ਸਿੰਘ ਦੀ ਬਰਸੀ ਮੌਕੇ ਬਡਰੁੱਖਾਂ ਵਿੱਚ ਸੂਬਾ ਪੱਧਰੀ ਸਮਾਗਮ ਕਰ ਕੇ ਉਨ੍ਹਾਂ ਨੂੰ ਸ਼ਰਧਾਂਜਲੀ ਭੇਟ ਕੀਤੀ ਗਈ ਸੀ। ਇਸ ਮੌਕੇ ਮੁੱਖ ਮੰਤਰੀ ਭਗਵੰਤ ਮਾਨ ਨੇ ਕਿਹਾ ਸੀ ਕਿ ਮਹਾਰਾਜਾ ਰਣਜੀਤ ਸਿੰਘ ਦੀ ਸ਼ਾਨਦਾਰ ਵਿਰਾਸਤ ਨੂੰ ਸੰਭਾਲਣ ਲਈ ਹਰ ਸੰਭਵ ਯਤਨ ਕੀਤੇ ਜਾ ਰਹੇ ਹਨ ਪਰ ਪੰਜਾਬ ਸਰਕਾਰ ਵੱਲੋਂ ਪਿਛਲੇ ਸਾਲ ਵੀ ਜਨਮ ਦਿਹਾੜੇ ਮੌਕੇ ਕੋਈ ਸਮਾਗਮ ਨਹੀਂ ਕੀਤਾ ਗਿਆ ਸੀ ਤੇ ਭਲਕੇ ਵੀ ਕੋਈ ਸਮਾਗਮ ਨਹੀਂ ਹੋ ਰਿਹਾ। ਮੁੱਖ ਮੰਤਰੀ ਵੱਲੋਂ ਐਲਾਨ ਕੀਤਾ ਗਿਆ ਸੀ ਕਿ ਬਡਰੁੱਖਾਂ ਓਵਰਬ੍ਰਿਜ ਤੋਂ ਮਸਤੂਆਣਾ ਸਾਹਿਬ ਤੱਕ ਕੌਮੀ ਹਾਈਵੇਅ ਦੇ ਦੋਵੇਂ ਪਾਸੇ ਸਲਿੱਪ ਰੋਡ ਮੁਕੰਮਲ ਕੀਤੀ ਜਾਵੇਗੀ, ਪਿੰਡ ਬਡਰੁੱਖਾਂ ’ਚ ਮਿਨੀ ਪੈਲੇਸ ਬਣਾਇਆ ਜਾਵੇਗਾ ਪਰ ਹੋਇਆ ਕੁੱਝ ਨਹੀਂ। ਪਿੰਡ ਨੂੰ ਵੱਖ-ਵੱਖ ਕੰਮਾਂ ਲਈ 2.58 ਕਰੋੜ ਦੀ ਗਰਾਂਟ ਦਾ ਐਲਾਨ ਕੀਤਾ ਗਿਆ ਸੀ, ਜੋ ਹਾਲੇ ਤੱਕ ਨਹੀਂ ਮਿਲੀ। ਬਡਰੁੱਖਾਂ ਦੇ ਸਰਪੰਚ ਰਣਦੀਪ ਸਿੰਘ ਮਿੰਟੂ ਨੇ ਦੱਸਿਆ ਕਿ 13 ਨਵੰਬਰ ਨੂੰ ਕੋਈ ਸਰਕਾਰੀ ਸਮਾਗਮ ਨਹੀਂ ਹੋ ਰਿਹ ਪਰ ਪਿੰਡ ਵਾਸੀਆਂ ਵੱਲੋਂ ਮਨਾਏ ਜਾ ਰਹੇ ਜਨਮ ਦਿਹਾੜੇ ਮੌਕੇ ਕੈਬਨਿਟ ਮੰਤਰੀ ਅਮਨ ਅਰੋੜਾ ਸ਼ਾਮਲ ਹੋਣਗੇ।

