ਅੰਬੇਡਕਰ ਦੇ ਬੁੱਤ ਦੀ ਭੰਨ-ਤੋੜ ਤੇ ਨਾਅਰੇ ਲਿਖਣ ਦੇ ਦੋਸ਼ ਹੇਠ ਰੇਸ਼ਮ ਸਿੰਘ ਗ੍ਰਿਫ਼ਤਾਰ
ਦਰਸ਼ਨ ਸਿੰਘ ਸੋਢੀ
ਐੱਸਏਐੱਸ ਨਗਰ (ਮੁਹਾਲੀ), 18 ਜੂਨ
ਪੰਜਾਬ ਪੁਲੀਸ ਦੇ ਸਟੇਟ ਸਪੈਸ਼ਲ ਅਪਰੇਸ਼ਨ ਸੈੱਲ (ਐੱਸਐੱਸਓਸੀ) ਮੁਹਾਲੀ ਨੇ ਅੱਜ ਸਿੱਖਸ ਫਾਰ ਜਸਟਿਸ (ਐੱਸਐੱਫਜੇ) ਦੇ ਮੁੱਖ ਸੰਚਾਲਕ ਅਤੇ ਅਮਰੀਕਾ ਆਧਾਰਤ ਐੱਸਐੱਫਜੇ ਦੇ ਮੁਖੀ ਗੁਰਪਤਵੰਤ ਸਿੰਘ ਪੰਨੂ ਦੇ ਨਜ਼ਦੀਕੀ ਸਹਿਯੋਗੀ ਰੇਸ਼ਮ ਸਿੰਘ ਵਾਸੀ ਪਿੰਡ ਹਮਦੀਦੀ (ਬਰਨਾਲਾ) ਨੂੰ ਫਿਲੌਰ ਵਿੱਚ ਡਾ. ਬੀਆਰ ਅੰਬੇਡਕਰ ਦੇ ਬੁੱਤ ਦੀ ਭੰਨਤੋੜ ਕਰਨ ਤੇ ਖ਼ਾਲਿਸਤਾਨ ਪੱਖੀ ਨਾਅਰੇ ਲਿਖਣ ਦੇ ਦੋਸ਼ ਹੇਠ ਖਰੜ ਤੋਂ ਗ੍ਰਿਫ਼ਤਾਰ ਕੀਤਾ ਹੈ। ਡੀਜੀਪੀ ਗੌਰਵ ਯਾਦਵ ਨੇ ਕਿਹਾ ਕਿ ਮੁੱਢਲੀ ਜਾਂਚ ਵਿੱਚ ਇਹ ਗੱਲ ਸਾਹਮਣੇ ਆਈ ਹੈ ਕਿ ਮੁਲਜ਼ਮ ਨੇ ਅਮਰੀਕਾ ਆਧਾਰਿਤ ਸੁਰਿੰਦਰ ਸਿੰਘ ਠੀਕਰੀਵਾਲ, ਜੋ ਯੂਏਪੀਏ ਦੇ ਕਈ ਮਾਮਲਿਆਂ ਵਿੱਚ ਲੋੜੀਂਦਾ ਅਪਰਾਧੀ ਹੈ ਅਤੇ ਐੱਸਐੱਫਜੇ ਮੁਖੀ ਗੁਰਪਤਵੰਤ ਸਿੰਘ ਪੰਨੂ ਦੇ ਨਿਰਦੇਸ਼ਾਂ ’ਤੇ ਕੰਮ ਕਰਦਿਆਂ ਜੂਨ 2025 ਦੇ ਪਹਿਲੇ ਹਫ਼ਤੇ ਫਿਲੌਰ ਦੇ ਨੰਗਲ ਵਿੱਚ ਡਾ. ਅੰਬੇਡਕਰ ਦੇ ਬੁੱਤ ਦੀ ਭੰਨਤੋੜ ਕੀਤੀ ਸੀ। ਮੁਲਜ਼ਮ ਰੇਸ਼ਮ ਸਿੰਘ ’ਤੇ ਪਟਿਆਲਾ, ਫ਼ਰੀਦਕੋਟ, ਜਲੰਧਰ ਅਤੇ ਹੋਰ ਜ਼ਿਲ੍ਹਿਆਂ ਵਿੱਚ ਖ਼ਾਲਿਸਤਾਨ ਪੱਖੀ ਅਤੇ ਐੱਸਐੱਫਜੇ ਪੱਖੀ ਪੋਸਟਰ ਲਗਾ ਕੇ ਅਤੇ ਨਾਅਰੇ ਲਿਖ ਕੇ ਜਨਤਕ ਜਾਇਦਾਦ ਨੂੰ ਨੁਕਸਾਨ ਪਹੁੰਚਾਉਣ ਦਾ ਵੀ ਦੋਸ਼ ਹੈ। ਮਈ 2025 ਵਿੱਚ ਭਾਰਤ-ਪਾਕਿ ਤਣਾਅ ਦੌਰਾਨ ਰੇਸ਼ਮ ਸਿੰਘ ਨੇ ‘ਪਾਕਿਸਤਾਨ ਜ਼ਿੰਦਾਬਾਦ’ ਅਤੇ ‘ਖ਼ਾਲਿਸਤਾਨ ਜ਼ਿੰਦਾਬਾਦ’ ਵਰਗੇ ਭੜਕਾਊ ਨਾਅਰੇ ਲਿਖੇ ਸਨ। ਏਆਈਜੀ ਡਾ. ਰਵਜੋਤ ਕੌਰ ਗਰੇਵਾਲ ਨੇ ਕਿਹਾ ਕਿ ਦੱਸਿਆ ਕਿ ਹੁਣ ਤੱਕ ਮੁਲਜ਼ਮ ਨੂੰ ਆਪਣੇ ਵਿਦੇਸ਼ੀ ਹੈਂਡਲਰਾਂ ਤੋਂ ਲਗਪਗ 8 ਤੋਂ 10 ਲੱਖ ਰੁਪਏ ਮਿਲ ਚੁੱਕੇ ਹਨ।