ਬਿਸ਼ਨੋਈ ਦੇ ਨੇੜਲੇ ਸਾਥੀ ਦੇ ਰਿਮਾਂਡ ’ਚ ਵਾਧਾ
ਜੋਗਿੰਦਰ ਸਿੰਘ ਓਬਰਾਏ
ਪੁਲੀਸ ਨੇ ਲਾਰੈਂਸ ਬਿਸ਼ਨੋਈ ਅਤੇ ਗੋਲਡੀ ਬਰਾੜ ਦੇ ਨੇੜਲੇ ਸਾਥੀ ਗੈਂਗਸਟਰ ਰਵੀ ਰਾਜਗੜ੍ਹ ਦੇ ਰਿਮਾਂਡ ’ਚ ਦੋ ਦਿਨ ਦਾ ਵਾਧਾ ਕੀਤਾ ਹੈ। ਇੱਥੇ ਆਰਮਜ਼ ਐਕਟ ਕੇਸ ’ਚ ਰਿਮਾਂਡ ਖ਼ਤਮ ਹੋਣ ਮਗਰੋਂ ਪੁਲੀਸ ਨੇ ਇੱਕ ਹੋਰ ਮਾਮਲੇ ਵਿੱਚ ਮੁਲਜ਼ਮ ਰਵੀ ਦੀ ਗ੍ਰਿਫ਼ਤਾਰੀ ਦਿਖਾਈ। ਜਾਣਕਾਰੀ ਮੁਤਾਬਕ ਪੁਲੀਸ ਨੇ ਰਵੀ ਨੂੰ ਚਣਕੋਈਆਂ ਖੁਰਦ ਵਿੱਚ ਜ਼ਮੀਨੀ ਵਿਵਾਦ ਕਾਰਨ ਹੋਈ ਗੋਲੀਬਾਰੀ ਦੇ ਮਾਮਲੇ ਵਿੱਚ ਪੇਸ਼ ਕੀਤਾ, ਜਿਸ ’ਤੇ ਅਦਾਲਤ ਨੇ ਉਸ ਦਾ ਦੋ ਦਿਨਾ ਰਿਮਾਂਡ ਦਿੱਤਾ। ਇਸ ਤੋਂ ਪਹਿਲਾਂ ਮੁਲਜ਼ਮ ਰਵੀ ਰਾਜਗੜ੍ਹ ਨੂੰ ਆਰਮਜ਼ ਐਕਟ ਤਹਿਤ ਗ੍ਰਿਫ਼ਤਾਰ ਕੀਤਾ ਗਿਆ ਸੀ, ਉਦੋਂ ਉਸ ਕੋਲੋਂ ਦੋ ਨਾਜਾਇਜ਼ ਪਿਸਤੌਲ ਬਰਾਮਦ ਹੋਏ ਸਨ। ਹੁਣ ਤੱਕ ਗੈਂਗਸਟਰ ਕੋਲੋਂ ਕੁੱਲ ਤਿੰਨ ਪਿਸਤੌਲ ਮਿਲੇ ਹਨ। ਮੁਲਜ਼ਮ ’ਤੇ ਹੱਤਿਆ, ਫਿਰੌਤੀ, ਹਥਿਆਰਾਂ ਦੀ ਸਪਲਾਈ ਅਤੇ ਨਕਲੀ ਪਾਸਪੋਰਟ ਬਣਾਉਣ ਸਮੇਤ 15 ਤੋਂ ਵੱਧ ਕੇਸ ਦਰਜ ਹਨ। ਸਿੱਧੂ ਮੂਸੇਵਾਲਾ ਹੱਤਿਆਕਾਂਡ ਵਿੱਚ ਵੀ ਮੁਲਜ਼ਮ ਦਾ ਨਾਂ ਸਾਹਮਣੇ ਆਇਆ ਸੀ। ਉਸ ’ਤੇ ਦੋਸ਼ ਹੈ ਕਿ ਉਸ ਨੇ ਮੁਲਜ਼ਮਾਂ ਨੂੰ ਹਥਿਆਰ ਸਪਲਾਈ ਕੀਤੇ ਸਨ।
ਡੀਐੱਸਪੀ ਹੇਮੰਤ ਮਲਹੋਤਰਾ ਨੇ ਦੱਸਿਆ ਕਿ ਗੋਲੀਬਾਰੀ ਦੇ ਮਾਮਲੇ ਵਿੱਚ ਪੁਲੀਸ ਨੂੰ ਕਿਸੇ ਮੁਖ਼ਬਰ ਤੋਂ ਮੁਲਜ਼ਮ ਰਵੀ ਰਾਜਗੜ੍ਹ ਬਾਰੇ ਗੁਪਤ ਸੂਚਨਾ ਮਿਲੀ ਸੀ। ਪੁਲੀਸ ਨੂੰ ਪਤਾ ਲੱਗਿਆ ਹੈ ਕਿ ਮੁਲਜ਼ਮ ਵਿਦੇਸ਼ ਜਾਣ ਤੋਂ ਪਹਿਲਾਂ ਆਪਣੇ ਪਿਤਾ ਜਗਤਾਰ ਸਿੰਘ ਨੂੰ ਮਿਲਣ ਆਇਆ ਹੈ। ਪੁਲੀਸ ਨੇ ਫੌਰੀ ਤੌਰ ’ਤੇ ਪਿੰਡ ਦੀ ਘੇਰਾਬੰਦੀ ਕਰ ਕੇ ਮੁਲਜ਼ਮ ਨੂੰ ਗ੍ਰਿਫ਼ਤਾਰ ਕਰ ਲਿਆ ਅਤੇ ਉਸ ਕੋਲੋਂ 30 ਬੋਰ ਦਾ ਪਿਸਤੌਲ ਬਰਾਮਦ ਕੀਤਾ। ਪੁਲੀਸ ਨੇ ਦੱਸਿਆ ਕਿ ਜਾਂਚ ਏਜੰਸੀ ਐੱਨਆਈਏ ਦੀ ਰਾਡਾਰ ’ਤੇ ਵੀ ਮੁਲਜ਼ਮ ਰਵੀ ਰਾਜਗੜ੍ਹ ‘ਏ’ ਕੈਟਾਗਿਰੀ ਦਾ ਗੈਂਗਸਟਰ ਹੈ।