ਭੁਬਨੇਸ਼ਵਰ, 20 ਜੂਨ
ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਅੱਜ ਕਿਹਾ ਕਿ ਉਨ੍ਹਾਂ ਅਮਰੀਕੀ ਰਾਸ਼ਟਰਪਤੀ ਡੋਨਲਡ ਟਰੰਪ ਦਾ ਵਾਸ਼ਿੰਗਟਨ ਆਉਣ ਦਾ ਸੱਦਾ ਨਕਾਰ ਦਿੱਤਾ ਅਤੇ ਇਸ ਦੀ ਥਾਂ ਭਗਵਾਨ ਜਗਨਨਾਥ ਦੀ ਪਵਿੱਤਰ ਧਰਤੀ ਉੜੀਸਾ ਆਉਣ ਦਾ ਫ਼ੈਸਲਾ ਕੀਤਾ। ਭੁਬਨੇਸ਼ਵਰ ’ਚ ਰੈਲੀ ਨੂੰ ਸੰਬੋਧਨ ਕਰਦਿਆਂ ਮੋਦੀ ਨੇ ਕਿਹਾ, ‘ਮੈਂ ਜੀ-7 ਸਿਖਰ ਸੰਮੇਲਨ ਲਈ ਕੈਨੇਡਾ ’ਚ ਸੀ, ਜਦੋਂ ਅਮਰੀਕੀ ਰਾਸ਼ਟਰਪਤੀ ਟਰੰਪ ਨੇ ਮੈਨੂੰ ਫੋਨ ਕੀਤਾ ਅਤੇ ਚਰਚਾ ਤੇ ਦੁਪਹਿਰ ਦੇ ਖਾਣ ਲਈ ਵਾਸ਼ਿੰਗਟਨ ਆਉਣ ਦਾ ਸੱਦਾ ਦਿੱਤਾ। ਮੈਂ ਸੱਦੇ ਲਈ ਉਨ੍ਹਾਂ ਦਾ ਧੰਨਵਾਦ ਕੀਤਾ ਅਤੇ ਕਿਹਾ ਕਿ ਮੈਨੂੰ ਭਗਵਾਨ ਜਗਨਨਾਥ ਦੀ ਧਰਤੀ ਉੜੀਸਾ ਜਾਣਾ ਹੈ। ਮੈਂ ਨਿਮਰਤਾ ਸਹਿਤ ਉਨ੍ਹਾਂ ਦਾ ਸੱਦਾ ਨਕਾਰ ਦਿੱਤਾ।’ ਮੋਦੀ ਨੇ ਸੂਬੇ ’ਚ ਭਾਜਪਾ ਸਰਕਾਰ ਦੀ ਪਹਿਲੀ ਵਰ੍ਹੇਗੰਢ ਸਮਾਗਮ ’ਚ ਹਿੱਸਾ ਲਿਆ ਤੇ 18,600 ਕਰੋੜ ਰੁਪਏ ਤੋਂ ਵੱਧ ਦੇ ਵਿਕਾਸ ਪ੍ਰਾਜੈਕਟਾਂ ਦੀ ਸ਼ੁਰੂਆਤ ਕੀਤੀ। ਇਸ ਤੋਂ ਪਹਿਲਾਂ ਪ੍ਰਧਾਨ ਮੰਤਰੀ ਨੇ ਇੱਥੇ ਰੋਡ ਸ਼ੋਅ ’ਚ ਹਿੱਸਾ ਲਿਆ। -ਪੀਟੀਆਈ
ਕੌਮਾਂਤਰੀ ਯੋਗ ਦਿਵਸ ਅੱਜ: ਮੋਦੀ ਵਿਸ਼ਾਖਾਪਟਨਮ ’ਚ ਕਰਨਗੇ ਯੋਗ
ਨਵੀਂ ਦਿੱਲੀ: ਪ੍ਰਧਾਨ ਮੰਤਰੀ ਨਰਿੰਦਰ ਮੋਦੀ ਭਲਕੇ ਸ਼ਨਿਚਰਵਾਰ ਨੂੰ 11ਵੇਂ ਕੌਮਾਂਤਰੀ ਯੋਗ ਦਿਵਸ ਮੌਕੇ ਆਂਧਰਾ ਪ੍ਰਦੇਸ਼ ਦੇ ਵਿਸ਼ਾਖਾਪਟਨਮ ਵਿੱਚ ਕੌਮੀ ਪੱਧਰੀ ਸਮਾਗਮ ’ਚ ਸ਼ਿਰਕਤ ਕਰਨਗੇ। ਜਾਣਕਾਰੀ ਅਨੁਸਾਰ ਮੋਦੀ ‘ਯੋਗ ਸੰਗਮ’ ਪਹਿਲਕਦਮੀ ਤਹਿਤ ਇੱਥੇ ਤਿੰਨ ਲੱਖ ਵਿਅਕਤੀਆਂ ਨਾਲ ਯੋਗ ਕਰਨਗੇ। ਇਹ ਪ੍ਰੋਗਰਾਮ ਸਵੇਰੇ 6:30 ਵਜੇ ਸ਼ੁਰੂ ਹੋ ਕੇ 7:45 ਵਜੇ ਖ਼ਤਮ ਹੋਵੇਗਾ। ਇਸ ਦੌਰਾਨ ਆਂਧਰਾ ਪ੍ਰਦੇਸ਼ ਸਰਕਾਰ ਵੱਲੋਂ ਗਿਨੀਜ਼ ਵਰਲਡ ਰਿਕਾਰਡ ਬਣਾਉਣ ਦੀ ਵੀ ਕੋਸ਼ਿਸ਼ ਕੀਤੀ ਜਾਵੇਗੀ। -ਪੀਟੀਆਈ