ਸਿਆਸੀ ਰੈਲੀਆਂ ’ਚ ਸਰਕਾਰੀ ਲਾਰੀਆਂ ਲਿਜਾਣ ਤੋਂ ਇਨਕਾਰ
ਪੰਜਾਬ ਰੋਡਵੇਜ਼, ਪਨਬੱਸ, ਪੀ ਆਰ ਟੀ ਸੀ ਕੰਟਰੈਕਟ ਵਰਕਰਜ਼ ਯੂਨੀਅਨ 25/11 ਨੇ ਪੰਜਾਬ ਵਿੱਚ ਹੋਣ ਵਾਲੀਆਂ ਸਿਆਸੀ ਰੈਲੀਆਂ ਵਿੱਚ ਬੱਸਾਂ ਲੈ ਕੇ ਜਾਣ ਤੋਂ ਇਨਕਾਰ ਕਰ ਦਿੱਤਾ ਹੈ। ਜਥੇਬੰਦੀ ਦੇ ਆਗੂਆਂ ਦਾ ਕਹਿਣਾ ਹੈ ਕਿ ਠੇਕਾ ਕਾਮੇ ਸਿਆਸੀ ਰੈਲੀਆਂ ਵਿੱਚ...
ਪੰਜਾਬ ਰੋਡਵੇਜ਼, ਪਨਬੱਸ, ਪੀ ਆਰ ਟੀ ਸੀ ਕੰਟਰੈਕਟ ਵਰਕਰਜ਼ ਯੂਨੀਅਨ 25/11 ਨੇ ਪੰਜਾਬ ਵਿੱਚ ਹੋਣ ਵਾਲੀਆਂ ਸਿਆਸੀ ਰੈਲੀਆਂ ਵਿੱਚ ਬੱਸਾਂ ਲੈ ਕੇ ਜਾਣ ਤੋਂ ਇਨਕਾਰ ਕਰ ਦਿੱਤਾ ਹੈ। ਜਥੇਬੰਦੀ ਦੇ ਆਗੂਆਂ ਦਾ ਕਹਿਣਾ ਹੈ ਕਿ ਠੇਕਾ ਕਾਮੇ ਸਿਆਸੀ ਰੈਲੀਆਂ ਵਿੱਚ ਬੱਸਾਂ ਲਿਜਾਣ ਦੀ ਥਾਂ ਸਿਰਫ਼ ਆਪਣੇ ਰੂਟਾਂ ’ਤੇ ਡਿਊਟੀ ਕਰਨਗੇ। ਉਨ੍ਹਾਂ ਇਹ ਐਲਾਨ ਠੇਕਾ ਮੁਲਾਜ਼ਮਾਂ ਦੀਆਂ ਪਿਛਲੇ ਲੰਬੇ ਸਮੇਂ ਤੋਂ ਲਟਕਦੀਆਂ ਮੰਗਾਂ ਦੇ ਪੂਰਾ ਨਾ ਹੋਣ ਕਾਰਨ ਕੀਤਾ। ਇਸੇ ਕਾਰਨ ਪੰਜਾਬ ਰੋਡਵੇਜ਼, ਪਨਬੱਸ, ਪੀਆਰਟੀਸੀ ਕੰਟਰੈਕਟ ਵਰਕਰਜ਼ ਯੂਨੀਅਨ 25/11 ਨੇ ਅੱਜ ਬਠਿੰਡਾ ਵਿੱਚ ‘ਆਪ’ ਸਰਕਾਰ ਵੱਲੋਂ ਕੀਤੇ ਗਏ ਸਮਾਗਮ ਵਿੱਚ ਬੱਸਾਂ ਲਿਜਾਣ ਤੋਂ ਪਾਸਾ ਵੱਟਿਆ। ਇਸ ਸਮਾਗਮ ਵਿੱਚ ‘ਆਪ’ ਸੁਪਰੀਮੋ ਅਰਵਿੰਦ ਕੇਜਰੀਵਾਲ ਤੇ ਮੁੱਖ ਮੰਤਰੀ ਭਗਵੰਤ ਮਾਨ ਸਣੇ ਹੋਰ ਸੀਨੀਅਰ ਆਗੂ ਮੌਜੂਦ ਰਹੇ। ਹਾਲਾਂਕਿ ਇਸ ਦੌਰਾਨ ਕੁਝ ਰੈਗੂਲਰ ਮੁਲਾਜ਼ਮਾਂ ਦੇ ਬੱਸਾਂ ਲੈ ਕੇ ਜਾਣ ਦੀ ਖ਼ਬਰ ਹੈ।
ਯੂਨੀਅਨ ਆਗੂਆਂ ਵੱਲੋਂ ਲੰਘੇ ਦਿਨ ਸਿਆਸੀ ਰੈਲੀਆਂ ਵਿੱਚ ਬੱਸਾਂ ਨਾ ਲੈ ਕੇ ਜਾਣ ਸਬੰਧੀ ਪੀ ਆਰ ਟੀ ਸੀ ਦੇ ਵੱਖ-ਵੱਖ ਡਿੱਪੂਆਂ ਦੇ ਜਨਰਲ ਮੈਨੇਜਰਾਂ ਨੂੰ ਲਿਖਤੀ ਤੌਰ ’ਤੇ ਮੰਗ ਪੱਤਰ ਸੌਂਪੇ ਗਏ ਸਨ। ਇਸ ਵਿੱਚ ਯੂਨੀਅਨ ਆਗੂਆਂ ਦਾ ਕਹਿਣਾ ਹੈ ਕਿ ਸਰਕਾਰ ਵੱਲੋਂ ਵਾਰ-ਵਾਰ ਠੇਕੇ ’ਤੇ ਕੰਮ ਕਰ ਰਹੇ ਰੋਡਵੇਜ਼ ਕਾਮਿਆਂ ਦੀਆਂ ਮੰਨੀਆਂ ਹੋਈਆਂ ਮੰਗਾਂ ਨੂੰ ਪੂਰਾ ਕਰਨ ਦੀ ਥਾਂ ਲਟਕਾਇਆ ਜਾ ਰਿਹਾ ਹੈ। ਇਸ ਤੋਂ ਇਲਾਵਾ ਮੰਗਾਂ ਦਾ ਕੋਈ ਠੋਸ ਹੱਲ ਨਹੀਂ ਕੱਢਿਆ ਜਾ ਰਿਹਾ। ਉਨ੍ਹਾਂ ਕਿਹਾ ਕਿ ਪਿਛਲੇ ਦਿਨੀਂ ਤਰਨ ਤਾਰਨ ਰੈਲੀ ਵਿੱਚ ਗੋਲੀ ਚੱਲਣ ਕਾਰਨ ਡਰਾਈਵਰ ਤੇ ਕੰਡਕਟਰ ਖੁਦ ਨੂੰ ਅਸੁਰੱਖਿਅਤ ਮਹਿਸੂਸ ਕਰ ਰਹੇ ਹਨ। ਇਸੇ ਕਰਕੇ ਯੂਨੀਅਨ ਨੇ ਫ਼ੈਸਲਾ ਲਿਆ ਕਿ ਉਹ ਕਿਸੇ ਸਿਆਸੀ ਰੈਲੀ ਵਿੱਚ ਬੱਸ ਨਹੀਂ ਲੈ ਕੇ ਜਾਣਗੇ ਸਗੋਂ ਰੂਟਾਂ ’ਤੇ ਹੀ ਡਿਊਟੀ ਕਰਨਗੇ। ਪੰਜਾਬ ਰੋਡਵੇਜ਼, ਪਨਬਸ, ਪੀਆਰਟੀਸੀ ਕੰਟਰੈਕਟ ਵਰਕਰਜ਼ ਯੂਨੀਅਨ 25/11 ਦੇ ਸੂਬਾਈ ਆਗੂ ਹਰਕੇਸ਼ ਵਿੱਕੀ ਨੇ ਸਿਆਸੀ ਰੈਲੀਆਂ ਵਿੱਚ ਬੱਸਾਂ ਨਾ ਲਿਜਾਣ ਦੀ ਪੁਸ਼ਟੀ ਕੀਤੀ ਹੈ।
ਉਨ੍ਹਾਂ ਕਿਹਾ ਕਿ ਯੂਨੀਅਨ ਦੇ ਮੈਂਬਰਾਂ ਵੱਲੋਂ ਜਿੱਥੇ ਅੱਜ ਬਠਿੰਡਾ ਵਿੱਚ ਹੋਏ ਸਮਾਗਮ ਵਿੱਚ ਬੱਸਾਂ ਲਿਜਾਣ ਤੋਂ ਪਾਸਾ ਵੱਟਿਆ ਹੈ, ਉਥੇ ਭਵਿੱਖ ਵਿੱਚ ਵੀ ਕਿਸੇ ਵੀ ਸਿਆਸੀ ਰੈਲੀ ਵਿੱਚ ਬੱਸ ਨਹੀਂ ਲਿਜਾਈ ਜਾਵੇਗੀ। ਉਨ੍ਹਾਂ ਕਿਹਾ ਕਿ ਜਦੋਂ ਤੱਕ ਮੰਗਾਂ ਨਹੀਂ ਮੰਨੀਆਂ ਜਾਂਦੀਆਂ ਇੰਝ ਹੀ ਕੀਤਾ ਜਾਵੇਗਾ।