ਭਰਤੀ ਕਮੇਟੀ ਵੱਲੋਂ 21 ਤੋਂ ਹਲਕਾਵਾਰ ਮੀਟਿੰਗਾਂ
ਇਕ-ਇਕ ਕਾਪੀ ਭਰਨ ਵਾਲੇ ਡੈਲੀਗੇਟਾਂ ਨੂੰ ਮੀਟਿੰਗ ਵਿੱਚ ਸ਼ਾਮਲ ਹੋਣ ਦਾ ਸੱਦਾ
ਟ੍ਰਿਬਿਊਨ ਨਿਊਜ਼ ਸਰਵਿਸ
ਚੰਡੀਗੜ੍ਹ, 14 ਜੁਲਾਈ
ਅਕਾਲ ਤਖ਼ਤ ਵੱਲੋਂ ਸ਼੍ਰੋਮਣੀ ਅਕਾਲੀ ਦਲ ਦੀ ਪੁਨਰ ਸੁਰਜੀਤੀ ਲਈ ਦੋ ਦਸੰਬਰ ਨੂੰ ਬਣਾਈ ਭਰਤੀ ਕਮੇਟੀ ਨੇ ਭਰਤੀ ਮੁਹਿੰਮ ਤਹਿਤ ਮੈਂਬਰ ਬਣਾਉਣ ਦਾ ਪਹਿਲਾ ਪੜਾਅ ਸਫਲਤਾਪੂਰਵਕ ਪੂਰਾ ਕਰ ਲਿਆ ਹੈ। ਭਰਤੀ ਕਮੇਟੀ ਦੇ ਮੈਂਬਰ ਮਨਪ੍ਰੀਤ ਸਿੰਘ ਇਯਾਲੀ, ਗੁਰਪ੍ਰਤਾਪ ਸਿੰਘ ਵਡਾਲਾ, ਇਕਬਾਲ ਸਿੰਘ ਝੂੰਦਾਂ, ਸੰਤਾ ਸਿੰਘ ਉਮੈਦਪੁਰ ਤੇ ਸਤਵੰਤ ਕੌਰ ਵੱਲੋਂ ਸੂਬਾ ਪ੍ਰਧਾਨ ਜਾਂ ਜ਼ਿਲ੍ਹਾ ਪ੍ਰਧਾਨ ਚੁਣਨ ਤੋਂ ਪਹਿਲਾਂ 21 ਜੁਲਾਈ ਤੋਂ ਹਲਕਾਵਾਰ ਮੀਟਿੰਗਾਂ ਕੀਤੀਆਂ ਜਾਣਗੀਆਂ। ਇਨ੍ਹਾਂ ਮੀਟਿੰਗਾਂ ਵਿੱਚ ਇਕ-ਇਕ ਕਾਪੀ ਭਰਨ ਵਾਲੇ ਸਰਕਲ ਡੈਲੀਗੇਟਾਂ ਨੂੰ ਮੀਟਿੰਗ ਵਿੱਚ ਸ਼ਾਮਲ ਕੀਤਾ ਜਾਵੇਗਾ ਜਿਨ੍ਹਾਂ ਵੱਲੋਂ ਹਲਕਾ ਡੈਲੀਗੇਟਾਂ ਦੀ ਚੋਣ ਕੀਤੀ ਜਾਵੇਗੀ। ਇਸ ਦੌਰਾਨ ਇਕਬਾਲ ਸਿੰਘ ਝੂੰਦਾਂ ਵੱਲੋਂ 21 ਜੁਲਾਈ ਨੂੰ ਵਿਧਾਨ ਸਭਾ ਹਲਕਾ ਅਮਰਗੜ੍ਹ ਤੇ ਮਾਲੇਰਕੋਟਲਾ, 22 ਨੂੰ ਧੂਰੀ, ਸੰਗਰੂਰ ਤੇ ਸੁਨਾਮ, 23 ਨੂੰ ਦਿੜ੍ਹਬਾ ਤੇ ਲਹਿਰਾਗਾਗਾ, 24 ਨੂੰ ਰਾਜਪੁਰਾ, ਘਨੌਰ ਤੇ ਨਾਭਾ, 25 ਨੂੰ ਅਮਲੋਹ, ਸ੍ਰੀ ਫ਼ਤਹਿਗੜ੍ਹ ਸਾਹਿਬ ਅਤੇ ਬਸੀ ਪਠਾਣਾਂ, 26 ਨੂੰ ਸਨੌਰ, ਪਟਿਆਲਾ ਦਿਹਾਤੀ ਅਤੇ ਪਟਿਆਲਾ ਸ਼ਹਿਰੀ, 28 ਨੂੰ ਬੁਢਲਾਡਾ, ਸਰਦੂਲਗੜ੍ਹ ਤੇ ਮਾਨਸਾ, 29 ਨੂੰ ਭਦੌੜ, ਬਰਨਾਲਾ ਤੇ ਮਹਿਲ ਕਲਾਂ, 30 ਨੂੰ ਸਮਾਣਾ ਤੇ ਸ਼ੁਤਰਾਣਾ ਵਿਧਾਨ ਸਭਾ ਹਲਕਿਆਂ ਵਿਚ ਡੈਲੀਗੇਟ ਚੋਣ ਨੂੰ ਪੂਰਾ ਕਰਨਗੇ। ਸਤਵੰਤ ਕੌਰ 23 ਨੂੰ ਡੇਰਾ ਬਾਬਾ ਨਾਨਕ, ਸ੍ਰੀ ਹਰਗੋਬਿੰਦਪੁਰ, ਦੀਨਾਨਗਰ ਤੇ ਸੁਜਾਨਪੁਰ ਤੇ ਭੋਆ ਵਿੱਚ ਡੈਲੀਗੇਟ ਚੋਣ ਨੂੰ ਨੇਪਰੇ ਚਾੜਨਗੇ। ਇਸੇ ਤਰ੍ਹਾਂ 24 ਨੂੰ ਬਟਾਲਾ, ਫ਼ਤਹਿਗੜ ਚੂੜੀਆਂ ਅਤੇ ਕਾਦੀਆਂ, 25 ਨੂੰ ਖਡੂਰ ਸਾਹਿਬ, ਜੰਡਿਆਲਾ ਗੁਰੂ ਅਤੇ ਬਾਬਾ ਬਕਾਲਾ, 26 ਤੇ 27 ਨੂੰ ਸ੍ਰੀ ਅੰਮ੍ਰਿਤਸਰ ਸਾਹਿਬ ਸ਼ਹਿਰ ਦੀਆਂ ਸਾਰੀਆਂ ਸੀਟਾਂ, 28 ਨੂੰ ਅਜਨਾਲਾ, ਅਟਾਰੀ, ਰਾਜਾਸਾਂਸੀ ਤੇ ਮਜੀਠਾ, 29 ਨੂੰ ਖੇਮਕਰਨ, ਪੱਟੀ ਅਤੇ ਤਰਨ ਤਾਰਨ ਵਿਖੇ ਮੀਟਿੰਗਾਂ ਕਰਨਗੇ।
ਮਨਪ੍ਰੀਤ ਸਿੰਘ ਇਯਾਲੀ ਵੱਲੋਂ 22 ਨੂੰ ਦਾਖਾ ਅਤੇ ਗਿੱਲ, 23 ਨੂੰ ਜਗਰਾਉਂ, ਰਾਏਕੋਟ ਅਤੇ ਧਰਮਕੋਟ, 24 ਨੂੰ ਨਿਹਾਲ ਸਿੰਘ ਵਾਲਾ, ਬਾਘਾਪੁਰਾਣਾ ਅਤੇ ਮੋਗਾ, 25 ਨੂੰ ਸ੍ਰੀ ਆਨੰਦਪੁਰ ਸਾਹਿਬ, ਰੋਪੜ ਅਤੇ ਚਮਕੌਰ ਸਾਹਿਬ, 26 ਨੂੰ ਖਰੜ, ਮੁਹਾਲੀ ਅਤੇ ਡੇਰਾਬਸੀ, 27 ਨੂੰ ਲੁਧਿਆਣਾ ਸ਼ਹਿਰ ਦੀਆਂ ਸਾਰੀਆਂ ਸੀਟਾਂ, 28 ਨੂੰ ਪਾਇਲ, ਖੰਨਾ, ਸਮਰਾਲਾ ਅਤੇ ਸਾਹਨੇਵਾਲ ਹਲਕੇ ਦੇ ਡੈਲੀਗੇਟ ਇਜਲਾਸ ਨੂੰ ਨੇਪਰੇ ਚਾੜਿਆ ਜਾਵੇਗਾ।

