ਰਵਿੰਦਰ ਸਿੰਘ ਸੈਣੀ ਨੇ ਪੀਐੱਸਈਆਰਸੀ ਮੈਂਬਰ ਵਜੋਂ ਸਹੁੰ ਚੁੱਕੀ
ਟ੍ਰਿਬਿਊਨ ਨਿਊਜ਼ ਸਰਵਿਸ
ਚੰਡੀਗੜ੍ਹ, 10 ਜੁਲਾਈ
ਪੰਜਾਬ ਸਰਕਾਰ ਵੱਲੋਂ ਇੰਜਨੀਅਰ ਰਵਿੰਦਰ ਸਿੰਘ ਸੈਣੀ ਨੂੰ ਪੰਜਾਬ ਰਾਜ ਬਿਜਲੀ ਰੈਗੂਲੇਟਰੀ ਕਮਿਸ਼ਨ (ਪੀਐੱਸਈਆਰਸੀ) ਦਾ ਮੈਂਬਰ ਲਾਇਆ ਗਿਆ ਹੈ। ਅੱਜ ਬਿਜਲੀ ਮੰਤਰੀ ਹਰਭਜਨ ਸਿੰਘ ਈਟੀਓ ਨੇ ਚੰਡੀਗੜ੍ਹ ਸਥਿਤ ਪੰਜਾਬ ਭਵਨ ਵਿੱਚ ਕਰਵਾਏ ਗਏ ਸਮਾਗਮ ਦੌਰਾਨ ਰਵਿੰਦਰ ਸਿੰਘ ਸੈਣੀ ਨੂੰ ਪੀਐੱਸਈਆਰਸੀ ਦੇ ਮੈਂਬਰ ਵਜੋਂ ਸਹੁੰ ਚੁਕਾਈ। ਇਸ ਦੌਰਾਨ ਬਿਜਲੀ ਮੰਤਰੀ ਨੇ ਕਿਹਾ ਕਿ ਇੰਜਨੀਅਰ ਸੈਣੀ ਕੋਲ ਪੰਜਾਬ ਦੇ ਬਿਜਲੀ ਖੇਤਰ ਦਾ ਵਿਆਪਕ ਤਜਰਬਾ ਹੈ, ਜੋ ਪੀਐੱਸਈਆਰਸੀ ਦੇ ਕੰਮਕਾਜ ਨੂੰ ਹੋਰ ਬਿਹਤਰ ਬਣਾਉਣ ਵਿੱਚ ਮਦਦ ਕਰੇਗਾ। ਉਨ੍ਹਾਂ ਆਸ ਪ੍ਰਗਟਾਈ ਕਿ ਇਸ ਨਿਯੁਕਤੀ ਨਾਲ, ਕਮਿਸ਼ਨ ਆਪਣੀ ਪੂਰੀ ਸਮਰੱਥਾ ਨਾਲ ਨਿਰਪੱਖ ਨਿਯਮਾਂ ਨੂੰ ਯਕੀਨੀ ਬਣਾਉਣ, ਪਾਰਦਰਸ਼ਤਾ ਨੂੰ ਉਤਸ਼ਾਹਿਤ ਕਰਨ ਅਤੇ ਖਪਤਕਾਰਾਂ, ਉਪਯੋਗਤਾ ਤੇ ਭਾਈਵਾਲਾਂ ਦੇ ਹਿੱਤਾਂ ਦੀ ਰੱਖਿਆ ਲਈ ਬਿਹਤਰ ਢੰਗ ਨਾਲ ਕੰਮ ਕਰੇਗਾ। ਬਿਜਲੀ ਮੰਤਰੀ ਨੇ ਕਿਹਾ ਕਿ ਇਸ ਨਿਯੁਕਤੀ ਨਾਲ ਪੀਐੱਸਈਆਰਸੀ ਕੋਲ ਹੁਣ ਤਿੰਨ ਮੈਂਬਰ ਹੋਣਗੇ, ਜਿਨ੍ਹਾਂ ਵਿੱਚ ਚੇਅਰਪਰਸਨ ਵਿਸ਼ਵਜੀਤ ਖੰਨਾ (ਸੇਵਾਮੁਕਤ ਆਈਏਐੱਸ), ਮੈਂਬਰ ਪਰਮਜੀਤ ਸਿੰਘ ਅਤੇ ਮੈਂਬਰ ਇੰਜਨੀਅਰ ਰਵਿੰਦਰ ਸਿੰਘ ਸੈਣੀ ਦੇ ਨਾਂ ਸ਼ਾਮਲ ਹਨ।