ਵੀਡੀਓ ਵਾਇਰਲ ਕਰਨ ਦੀ ਧਮਕੀ ਦੇ ਕੇ ਜਬਰ-ਜਨਾਹ
ਚਰਨਜੀਤ ਸਿੰਘ ਢਿੱਲੋਂ
ਇੱਥੇ ਜਗਰਾਉਂ-ਸਿੱਧਵਾਂ ਬੇਟ ਰੋਡ ’ਤੇ ਪਿੰਡ ਵਿੱਚ ਨਵੀਂ ਕੋਠੀ ਵਿੱਚ ਤਰਖਾਣ ’ਤੇ ਕੋਠੀ ਦੀ ਮਾਲਕਣ ਦੇ ਬਾਥਰੂਮ ਵਿੱਚ ਚੋਰੀ ਕੈਮਰੇ ਲਗਾ ਕੇ ਵੀਡੀਓ ਬਣਾਉਣ ਅਤੇ ਮਗਰੋਂ ਔਰਤ ਨੂੰ ਬਲੈਕਮੇਲ ਕਰ ਕੇ ਉਸ ਨਾਲ ਜਬਰ-ਜਨਾਹ ਕਰਨ ਦਾ ਕੇਸ ਸਦਰ ਪੁਲੀਸ ਨੇ ਦਰਜ ਕੀਤਾ ਹੈ।
ਇਸ ਸਬੰਧੀ ਥਾਣਾ ਸਦਰ ਦੇ ਪੁਲੀਸ ਅਧਿਕਾਰੀ ਨੇ ਦੱਸਿਆ ਕਿ ਸਬੰਧਤ ਪਿੰਡ ਵਿੱਚ ਕਿਸੇ ਨੇ ਨਵੀਂ ਕੋਠੀ ਬਣਾਈ ਸੀ। ਇਸ ਦੇ ਲੱਕੜ ਦਾ ਕੰਮ ਮਿਸਤਰੀ ਗੁਰਦੀਪ ਸਿੰਘ ਦਿੱਤਾ ਗਿਆ। ਮਿਸਤਰੀ ਨੇ ਘਰ ਦੀ ਮਾਲਕਣ ਦੇ ਬਾਥਰੂਮ ਵਿੱਚ ਗੁਪਤ ਕੈਮਰਾ ਫਿੱਟ ਕਰ ਦਿੱਤਾ। ਉਸ ਨੇ ਕੈਮਰੇ ਨੂੰ ਆਪਣੇ ਫੋਨ ਨਾਲ ਲਿੰਕ ਕਰ ਲਿਆ। ਮਗਰੋਂ ਮਾਲਕਣ ਦੀ ਵੀਡੀਓ ਬਣਾ ਲਈ। ਫੇਰ ਮਿਸਤਰੀ ਨੇ ਵੀਡੀਓ ਘਰ ਦੀ ਮਾਲਕਣ ਨੂੰ ਦਿਖਾ ਕੇ ਸੋਸ਼ਲ ਮੀਡੀਆ ’ਤੇ ਵਾਇਰਲ ਕਰਨ ਦੀ ਧਮਕੀ ਦੇ ਕੇ ਉਸ ਨਾਲ ਜਬਰ-ਜਨਾਹ ਕੀਤਾ। ਇਹ ਸਿਲਸਿਲਾ 2022 ਤੋਂ ਚਲਦਾ ਰਿਹਾ। ਮਿਸਤਰੀ ਨੇ ਮਾਲਕਣ ਨੂੰ ਧਮਕੀ ਦਿੱਤੀ ਕਿ ਉਸ ਕੋਲ ਉਸ ਦੀਆਂ ਧੀਆਂ ਦੀ ਵੀ ਵੀਡੀਓ ਹੈ। ਮਿਸਤਰੀ ਦੇ ਤਸ਼ੱਦਦ ਤੋਂ ਪੀੜਤ ਔਰਤ ਦਿਮਾਗੀ ਤੌਰ ’ਤੇ ਪ੍ਰੇਸ਼ਾਨ ਰਹਿਣ ਲੱਗ ਪਈ। ਅਜਿਹੇ ਹਾਲਾਤ ਵਿੱਚ ਵੀ ਮਿਸਤਰੀ ਨੇ ਉਸ ਨੂੰ ਹੋਟਲ ਵਿੱਚ ਬੁਲਾਇਆ ਤੇ ਜ਼ਬਰਦਸਤੀ ਕੀਤੀ। ਥਾਣਾ ਮੁਖੀ ਸਬ-ਇੰਸਪੈਕਟਰ ਸੁਰਜੀਤ ਸਿੰਘ ਅਨੁਸਾਰ ਪੀੜਤ ਔਰਤ ਨੇ ਮਾਮਲਾ ਘਰ ਦੇ ਮੈਂਬਰਾਂ ਦੇ ਧਿਆਨ ਵਿੱਚ ਲਿਆਂਦਾ। ਉਨ੍ਹਾਂ ਪੁਲੀਸ ਨੂੰ ਮਿਸਤਰੀ ਦੇ ਖ਼ਿਲਾਫ਼ ਬਿਆਨ ਦੇ ਕੇ ਕੇਸ ਦਰਜ ਕਰਵਾਇਆ। ਸਬ-ਇੰਸਪੈਕਟਰ ਸੁਰਜੀਤ ਸਿੰਘ ਨੇ ਦੱਸਿਆ ਕਿ ਮਿਸਤਰੀ ਨੂੰ ਗ੍ਰਿਫ਼ਤਾਰ ਕਰ ਲਿਆ ਗਿਆ ਹੈ। ਮਗਰੋਂ ਮੁਲਜ਼ਮ ਨੂੰ ਅਦਾਲਤ ਵਿੱਚ ਪੇਸ਼ ਕੀਤਾ ਗਿਆ।