ਢਾਈ ਦਹਾਕੇ ਮਗਰੋਂ ਇਕੱਠੇ ਵਿਚਰਨ ਲੱਗੇ ਰੱਖੜਾ ਤੇ ਚੰਦੂਮਾਜਰਾ
ਗੁਰਨਾਮ ਸਿੰਘ ਅਕੀਦਾ
ਪਟਿਆਲਾ, 13 ਜੁਲਾਈ
ਸਾਬਕਾ ਮੰਤਰੀ ਸੁਰਜੀਤ ਸਿੰਘ ਰੱਖੜਾ ਤੇ ਸਾਬਕਾ ਲੋਕ ਸਭਾ ਮੈਂਬਰ ਪ੍ਰੇਮ ਸਿੰਘ ਚੰਦੂਮਾਜਰਾ 1999 ਤੋਂ ਬਾਅਦ ਇਕ ਵਾਰ ਫੇਰ ਇਕ ਮੰਚ ’ਤੇ ਇਕੱਠੇ ਨਜ਼ਰ ਆ ਰਹੇ ਹਨ। ਇੱਥੇ ਹੀ ਬੱਸ ਨਹੀਂ, ਉਹ ਹੁਣ ਇਕਮੱਤ ਵੀ ਨਜ਼ਰ ਆ ਰਹੇ ਹਨ।
ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਤਤਕਾਲੀ ਪ੍ਰਧਾਨ ਮਰਹੂਮ ਜਥੇਦਾਰ ਗੁਰਚਰਨ ਸਿੰਘ ਟੌਹੜਾ ਅਤੇ ਤਤਕਾਲੀ ਮੁੱਖ ਮੰਤਰੀ ਮਰਹੂਮ ਪ੍ਰਕਾਸ਼ ਸਿੰਘ ਬਾਦਲ ਦੇ ਸਾਲ 1999 ਵਿੱਚ ਤੋੜ-ਵਿਛੋੜੇ ਤੋਂ ਬਾਅਦ ਰੱਖੜਾ ਤੇ ਚੰਦੂਮਾਜਰਾ ਦੇ ਰਾਹ ਵੀ ਵੱਖੋ-ਵੱਖਰੇ ਹੋ ਗਏ ਸਨ। ਹੁਣ ਅਕਾਲ ਤਖ਼ਤ ਵੱਲੋਂ ਬਣਾਈ ਭਰਤੀ ਕਮੇਟੀ ਵਿੱਚ ਇਨ੍ਹਾਂ ਦੋਵਾਂ ਆਗੂਆਂ ਦੇ ਇੱਕਜੁਟ ਹੋਣ ਕਰਕੇ ਪਟਿਆਲਾ ਦੀ ਅਕਾਲੀ ਸਿਆਸਤ ਵਿੱਚ ਕਾਫ਼ੀ ਚਰਚਾ ਹੈ। ਇਸ ਪਾਸੇ ਅਕਾਲੀ ਸਿਆਸਤ ਦਾ ਝੁਕਾਅ ਵੀ ਨਜ਼ਰ ਆ ਰਿਹਾ ਹੈ। ਜਦੋਂ ਪ੍ਰਕਾਸ਼ ਸਿੰਘ ਬਾਦਲ ਤੇ ਜਥੇਦਾਰ ਗੁਰਚਰਨ ਸਿੰਘ ਟੌਹੜਾ ਦੇ ਸਿਆਸੀ ਰਿਸ਼ਤਿਆਂ ਵਿੱਚ ਖਟਾਸ ਆਈ ਤਾਂ ਟੌਹੜਾ ਵੱਲੋਂ ਬਣਾਏ ਗਏ ਸਰਬ ਹਿੰਦ ਅਕਾਲੀ ਦਲ ਵਿੱਚ ਚੰਦੂਮਾਜਰਾ ਗਰੁੱਪ ਨੇ ਪੂਰੀ ਤਰ੍ਹਾਂ ਸ਼ਮੂਲੀਅਤ ਕੀਤੀ ਜਦਕਿ ਰੱਖੜਾ ਧੜੇ ਨੇ ਪ੍ਰਕਾਸ਼ ਸਿੰਘ ਬਾਦਲ ਦੇ ਧੜੇ ਨਾਲ ਨੇੜਤਾ ਬਣਾਈ।
ਮਗਰੋਂ ਭਾਵੇਂ ਟੌਹੜਾ ਤੇ ਬਾਦਲ ਦੀ ਸਿਆਸੀ ਨੇੜਤਾ ਬਣ ਗਈ ਪਰ ਪ੍ਰਕਾਸ਼ ਸਿੰਘ ਬਾਦਲ ਨੇ ਚੰਦੂਮਾਜਰਾ ਤੇ ਉਸ ਦੇ ਗਰੁੱਪ ਨੂੰ ਬਹੁਤੀ ਤਵੱਜੋ ਨਹੀਂ ਦਿੱਤੀ। ਚੰਦੂਮਾਜਰਾ ਵੱਲੋਂ ਸ਼੍ਰੋਮਣੀ ਅਕਾਲੀ ਦਲ ਲੌਂਗੋਵਾਲ ਵੀ ਬਣਾਇਆ ਪਰ ਉਨ੍ਹਾਂ ਦੇ ਪੈਰ ਨਾ ਲੱਗੇ। 1999 ਤੋਂ ਸ੍ਰੀ ਬਾਦਲ ਵੱਲੋਂ ਸੁਰਜੀਤ ਸਿੰਘ ਰੱਖੜਾ ਨੂੰ ਉਭਾਰਨਾ ਸ਼ੁਰੂ ਕਰ ਦਿੱਤਾ ਗਿਆ ਤੇ ਪਟਿਆਲਾ ਤੋਂ ਲੋਕ ਸਭਾ ਦੀ ਚੋਣ ਲੜਾਈ। 2004 ਵਿਚ ਚੰਦੂਮਾਜਰਾ ਦੀ ਥਾਂ ਬਾਦਲ ਨੇ ਟਿਕਟ ਕੈਪਟਨ ਕੰਵਲਜੀਤ ਸਿੰਘ ਨੂੰ ਦਿੱਤੀ, ਉਸ ਵੇਲੇ ਚੰਦੂਮਾਜਰਾ ਗਰੁੱਪ ’ਤੇ ਕੈਪਟਨ ਕੰਵਲਜੀਤ ਸਿੰਘ ਦੀ ਵਿਰੋਧਤਾ ਕਰਨ ਦੇ ਦੋਸ਼ ਵੀ ਲੱਗੇ। ਕੈਪਟਨ ਕੰਵਲਜੀਤ ਸਿੰਘ ਦੀ ਮੌਤ ਮਗਰੋਂ ਸ੍ਰੀ ਚੰਦੂਮਾਜਰਾ, ਪ੍ਰਕਾਸ਼ ਸਿੰਘ ਬਾਦਲ ਤੇ ਸੁਖਬੀਰ ਸਿੰਘ ਬਾਦਲ ਦੇ ਨੇੜੇ ਆਉਣੇ ਸ਼ੁਰੂ ਹੋਏ। ਮਗਰੋਂ ਸੁਰਜੀਤ ਸਿੰਘ ਰੱਖੜਾ ਦਾ ਧੜਾ ਤੇ ਪ੍ਰੋ. ਚੰਦੂਮਾਜਰਾ ਦਾ ਧੜਾ ਪਟਿਆਲਾ ਵਿੱਚ ਵੱਖੋ-ਵੱਖ ਤਰੀਕੇ ਨਾਲ ਕੰਮ ਕਰਦਾ ਰਿਹਾ, ਉਹ ਇਕ ਥਾਂ ਵੀ ਨਹੀਂ ਬੈਠਦੇ ਸਨ ਪਰ ਜਦੋਂ ਅਕਾਲ ਤਖ਼ਤ ਨੇ ਭਰਤੀ ਕਮੇਟੀ ਬਣਾਈ ਤਾਂ ਚੰਦੂਮਾਜਰਾ ਤੇ ਰੱਖੜਾ ਦਾ ਧੜਾ ਇੱਕਜੁਟ ਹੋ ਗਿਆ ਅਤੇ ਇਕੱਠਿਆਂ ਪੱਤਰਕਾਰ ਮਿਲਣੀ ਵੀ ਕਰਦੇ ਦੇਖੇ ਗਏ। ਇਸ ਕਰਕੇ ਪਟਿਆਲਾ, ਫ਼ਤਹਿਗੜ੍ਹ ਸਾਹਿਬ, ਮੁਹਾਲੀ, ਸੰਗਰੂਰ ਜ਼ਿਲ੍ਹਿਆਂ ਵਿਚ ਇਨ੍ਹਾਂ ਦੇ ਇਕੱਠੇ ਹੋਣ ਨਾਲ ਭਰਤੀ ਕਮੇਟੀ ਨੂੰ ਕਾਫ਼ੀ ਹੁੰਗਾਰਾ ਮਿਲਿਆ।