ਦੌਲਤਮੰਦਾਂ ਨਾਲ ਸਜਣ ਲੱਗੀ ਰਾਜ ਸਭਾ..!
ਸੰਸਦ ਦੇ ਉਪਰਲੇ ਸਦਨ ਵਿੱਚ 31 ਮੈਂਬਰ ਅਰਬਪਤੀ; ਸੰਪਤੀ ਦੇ ਮਾਮਲੇ ਵਿੱਚ ਲੋਕ ਸਭਾ ਨੂੰ ਪਛਾਡ਼ਿਆ
ਭਾਰਤੀ ਸੰਸਦ ਦੇ ਉਪਰਲੇ ਸਦਨ ਦੀਆਂ ਪੌੜੀਆਂ ਹੁਣ ਦੌਲਤਮੰਦ ਜ਼ਿਆਦਾ ਚੜ੍ਹਦੇ ਹਨ। ਹਾਲਾਂਕਿ, ਲੋਕ ਸਭਾ ਵਿੱਚ ਜਾਣ ਵਾਲੇ ਜ਼ਿਆਦਾ ਕਰੋੜਪਤੀ ਹੀ ਹੁੰਦੇ ਹਨ ਪਰ ਜਦੋਂ ਰਾਜ ਸਭਾ ਮੈਂਬਰਾਂ ਦੀ ਵਿੱਤੀ ਪੈਂਠ ਦੇਖਦੇ ਹਾਂ ਤਾਂ ਚਾਰੋਂ ਪਾਸੇ ਲੋਕ ਸਭਾ ਮੈਂਬਰ ਪੱਛੜ ਜਾਂਦੇ ਹਨ। ਆਮ ਆਦਮੀ ਪਾਰਟੀ ਨੇ ਵੀ ਹੁਣ ਟਰਾਈਡੈਂਟ ਗਰੁੱਪ ਦੇ ਸੰਸਥਾਪਕ ਰਾਜਿੰਦਰ ਗੁਪਤਾ ਨੂੰ ਰਾਜ ਸਭਾ ਲਈ ਉਮੀਦਵਾਰ ਐਲਾਨਿਆ ਹੈ ਅਤੇ ਰਾਜ ਸਭਾ ਦੀ ਇਹ ਸੀਟ ਉਦਯੋਗਪਤੀ ਸੰਜੀਵ ਅਰੋੜਾ ਦੇ ਅਸਤੀਫ਼ੇ ਮਗਰੋਂ ਖ਼ਾਲੀ ਹੋ ਗਈ ਸੀ।
ਰਾਜ ਸਭਾ ਵਿੱਚ ਸਭ ਤੋਂ ਵੱਧ ਉਪਰਲੇ ਨੌਂ ਦੌਲਤਮੰਦ ਮੈਂਬਰਾਂ ਵਿੱਚ ਪੰਜਾਬ ਦੇ ਸੰਸਦ ਮੈਂਬਰ ਵਿਕਰਮਜੀਤ ਸਿੰਘ ਸਾਹਨੀ 498 ਕਰੋੜ ਦੀ ਸੰਪਤੀ ਨਾਲ ਪੰਜਵੇਂ ਨੰਬਰ ’ਤੇ ਹਨ ਜਦੋਂਕਿ ਅਸਤੀਫ਼ਾ ਦੇਣ ਵਾਲੇ ਸੰਜੀਵ ਅਰੋੜਾ 460 ਕਰੋੜ ਦੀ ਮਾਲਕੀ ਨਾਲ ਸੱਤਵੇਂ ਨੰਬਰ ’ਤੇ ਸਨ। ਭਾਰਤੀ ਸਿਆਸਤ ’ਚ ਇਹ ਰੁਝਾਨ ਜ਼ੋਰ ਫੜ ਗਿਆ ਹੈ ਕਿ ਸੰਸਦ ਦੇ ਉਪਰਲੇ ਸਦਨ ਵਿੱਚ ਹੁਣ ਹਰ ਸਿਆਸੀ ਪਾਰਟੀ ਵੱਲੋਂ ਦੌਲਤਮੰਦ ਹਸਤੀਆਂ ਨੂੰ ਹੀ ਭੇਜਿਆ ਜਾ ਰਿਹਾ ਹੈ।
ਏ ਡੀ ਆਰ ਦੇ ਮੁਲਾਂਕਣ ਅਨੁਸਾਰ, 200 ਕਰੋੜ ਤੋਂ ਵੱਧ ਮਾਲਕੀ ਵਾਲੇ ਰਾਜ ਸਭਾ ਵਿੱਚ ਇਸ ਸਮੇਂ 8.44 ਫ਼ੀਸਦ ਮੈਂਬਰ ਹਨ ਜਦੋਂਕਿ ਲੋਕ ਸਭਾ ਵਿੱਚ ਇਹ ਗਿਣਤੀ 2.93 ਫ਼ੀਸਦ ਹੈ। 100 ਕਰੋੜ ਤੋਂ ਵੱਧ ਦੀ ਦੌਲਤ ਵਾਲੇ ਅਰਬਪਤੀ ਰਾਜ ਸਭਾ ਵਿੱਚ 13.77 ਫ਼ੀਸਦ ਹਨ ਜਦਕਿ ਲੋਕ ਸਭਾ ਵਿੱਚ 5.50 ਫ਼ੀਸਦ ਹੀ ਹਨ। ਤਿਲੰਗਾਨਾ ਤੋਂ 53,00 ਕਰੋੜ ਦੀ ਸੰਪਤੀ ਵਾਲੇ ਬੀ ਪਾਰਥਾਸਾਰਥੀ ਨੂੰ ਰਾਜ ਸਭਾ ਭੇਜਿਆ ਹੈ ਜੋ ਰਾਜ ਸਭਾ ਮੈਂਬਰਾਂ ’ਚੋਂ ਸਭ ਤੋਂ ਵੱਧ ਅਮੀਰ ਹੈ।
ਗੁਜਰਾਤ ’ਚੋਂ ਪਿਛਲੇ ਸਾਲ ਹੀ ਡਾਇਮੰਡ ਵਪਾਰੀ ਗੋਵਿੰਦਭਾਈ ਨੂੰ ਰਾਜ ਸਭਾ ’ਚ ਭੇਜਿਆ ਗਿਆ ਜੋ ਕਿ 279 ਕਰੋੜ ਦੇ ਮਾਲਕ ਹਨ। ਰਾਜ ਸਭਾ ਵਿੱਚ ਇਸ ਸਮੇਂ 199 ਮੈਂਬਰ ਕਰੋੜਪਤੀ ਹਨ ਜਦੋਂਕਿ 31 ਮੈਂਬਰ ਅਰਬਪਤੀ ਹਨ। 400 ਕਰੋੜ ਤੋਂ ਵੱਧ ਸੰਪਤੀ ਵਾਲੇ ਨੌਂ ਰਾਜ ਸਭਾ ਮੈਂਬਰ ਹਨ ਅਤੇ 300 ਕਰੋੜ ਦੀ ਸੰਪਤੀ ਵਾਲੇ 14 ਮੈਂਬਰ ਹਨ।
ਰਾਜ ਸਭਾ ਮੈਂਬਰ ਬਲਬੀਰ ਸੀਚੇਵਾਲ ਕੋਲ ਸਭ ਤੋਂ ਘੱਟ ਜਾਇਦਾਦ
ਰਾਜ ਸਭਾ ’ਚ ਸਿਰਫ਼ 9 ਸੰਸਦ ਮੈਂਬਰ ਹੀ ਅਜਿਹੇ ਹਨ ਜਿਨ੍ਹਾਂ ਦੀ ਸੰਪਤੀ 20 ਲੱਖ ਤੋਂ ਘੱਟ ਹੈ। ਪੰਜਾਬ ਤੋਂ ਰਾਜ ਸਭਾ ਮੈਂਬਰ ਬਾਬਾ ਬਲਬੀਰ ਸਿੰਘ ਸੀਚੇਵਾਲ ਸੰਪਤੀ ਦੇ ਮਾਮਲੇ ’ਤੇ ਰਾਜ ਸਭਾ ’ਚ ਸਭ ਤੋਂ ਫਾਡੀ ਹਨ ਜਿਨ੍ਹਾਂ ਕੋਲ 3.79 ਲੱਖ ਦੀ ਜਾਇਦਾਦ ਹੈ। ਵੇਰਵਿਆਂ ਅਨੁਸਾਰ ਰਾਜ ਸਭਾ ’ਚ ਇਸ ਵੇਲੇ 11 ਸੰਸਦ ਮੈਂਬਰ ਅਜਿਹੇ ਹਨ ਜਿਨ੍ਹਾਂ ਕੋਲ 50 ਲੱਖ ਤੋਂ ਇੱਕ ਕਰੋੜ ਦੀ ਸੰਪਤੀ ਹੈ। ਪੰਜਾਬ ’ਚੋਂ ਸੱਤ ਮੈਂਬਰ ਰਾਜ ਸਭਾ ’ਚ ਪ੍ਰਤੀਨਿਧਤਾ ਕਰਦੇ ਹਨ। ਇਸ ਵੇਲੇ ਤਿੰਨ ਸੰਸਦ ਮੈਂਬਰ ਤਾਂ ਦਿੱਲੀ ਦੇ ਬਾਸ਼ਿੰਦੇ ਹਨ ਜਿਨ੍ਹਾਂ ’ਚੋਂ ਵਿਕਰਮਜੀਤ ਸਿੰਘ ਸਾਹਨੀ ਕਾਰੋਬਾਰੀ ਹਨ। ਪੰਜਾਬ ’ਚੋਂ ਅਸ਼ੋਕ ਮਿੱਤਲ ਵੀ ਕਾਰੋਬਾਰੀ ਹੈ ਅਤੇ ਨਵੇਂ ਬਣੇ ਉਮੀਦਵਾਰ ਰਾਜਿੰਦਰ ਗੁਪਤਾ ਵੀ ਅਰਬਪਤੀ ਹਨ। ਪੰਜਾਬ ਦੇ ਆਮ ਲੋਕ ’ਚ ਚਰਚਾ ਹੈ ਕਿ ਆਮ ਆਦਮੀ ਪਾਰਟੀ ਦੀ ਤਰਜੀਹ ਵੀ ਹੁਣ ਕਾਰੋਬਾਰੀ ਲੋਕ ਹਨ। ਚੇਤੇ ਰਹੇ ਕਿ ਰਾਜਿੰਦਰ ਗੁਪਤਾ ਦੀ ਅਕਾਲੀ ਦਲ-ਭਾਜਪਾ ਹਕੂਮਤ ਅਤੇ ਪਿਛਲੀ ਅਮਰਿੰਦਰ ਸਰਕਾਰ ਦੌਰਾਨ ਵੀ ਤੂਤੀ ਬੋਲਦੀ ਰਹੀ ਹੈ। ਏਨਾ ਜ਼ਰੂਰ ਹੈ ਕਿ ਐਤਕੀਂ ‘ਆਪ’ ਨੇ ਉਮੀਦਵਾਰ ਮਾਲਵੇ ’ਚੋਂ ਲੱਭਿਆ ਹੈ। ਚੇਤੇ ਰਹੇ ਕਿ ਸੰਸਦ ’ਚ ਮੈਂਬਰਾਂ ਨੂੰ ਆਪੋ ਆਪਣੇ ਕਾਰੋਬਾਰ ਨੂੰ ਪ੍ਰਫੁਲਿਤ ਕਰਨ ਵਾਸਤੇ ਇੱਕ ਮੰਚ ਮਿਲ ਜਾਂਦਾ ਹੈ।
ਸਿਆਸਤ ਹੁਣ ਧੰਦਾ ਬਣ ਗਈ: ਅਰਸ਼ੀ
ਪੰਜਾਬ ਵਿਧਾਨ ਸਭਾ ’ਚ ਸਰਵੋਤਮ ਵਿਧਾਨਕਾਰ ਰਹੇ ਹਰਦੇਵ ਅਰਸ਼ੀ ਨੇ ਕਿਹਾ ਕਿ ਸਿਆਸਤ ਹੁਣ ਧੰਦਾ ਬਣ ਗਈ ਹੈ ਜਿਸ ’ਚ ਆਗੂ ਨਿਵੇਸ਼ ਕਰਕੇ ਮੁਨਾਫ਼ਾ ਕਮਾਉਂਦੇ ਹਨ। ਉਨ੍ਹਾਂ ਕਿਹਾ ਕਿ ਪਹਿਲਾਂ ਰਾਜ ਸਭਾ ’ਚ ਸਿਆਸੀ ਧਿਰਾਂ ਵੱਲੋਂ ਕੱਦਾਵਰ ਆਗੂ ਭੇਜੇ ਜਾਂਦੇ ਸਨ ਪਰ ਹੁਣ ਸੰਪਤੀ ਦੇ ਲਿਹਾਜ਼ ਤੋਂ ਉਮੀਦਵਾਰ ਬਣਾਏ ਜਾਂਦੇ ਹਨ।