ਰਾਜਸਥਾਨ: ਗੁਰਦੁਆਰਾ ਮਹਿਤਾਬਗੜ੍ਹ ’ਤੇ ਕੰਟਰੋਲ ਨੂੰ ਲੈ ਕੇ ਦੋ ਧੜਿਆਂ ਵਿਚਾਲੇ ਹਿੰਸਕ ਝੜਪ ’ਚ 10 ਜ਼ਖ਼ਮੀ
gurdwara Hanumangarh: ਪੁਲੀਸ ਵੱਲੋਂ ਕੲੀ ਵਿਅਕਤੀਆਂ ਖ਼ਿਲਾਫ਼ ਕੇਸ ਦਰਜ; ਖਿੱਤੇ ’ਚ ਵਿੱਦਿਅਕ ਸੰਸਥਾਵਾਂ ਬੰਦ, ਇੰਟਰਨੈੱਟ ਸੇਵਾਵਾਂ ਮੁਅੱਤਲ
ਰਾਜਸਥਾਨ ਦੇ ਹਨੂਮਾਨਗੜ੍ਹ ਦੇ ਗੋਲੂਵਾਲਾ ਨੇੜੇ ਗੁਰਦੁਆਰਾ ਮਹਿਤਾਬਗੜ੍ਹ ਦੇ ਕੰਟਰੋਲ ਨੂੰ ਲੈ ਕੇ ਦੋ ਧੜਿਆਂ ਵਿਚਾਲੇ ਹੋਈ ਹਿੰਸਕ ਝੜਪ ਵਿੱਚ ਘੱਟੋ-ਘੱਟ ਦਸ ਵਿਅਕਤੀ ਜ਼ਖਮੀ ਹੋ ਗਏ, ਜਿਨ੍ਹਾਂ ਵਿੱਚ ਕੁਝ ਨਾਬਾਲਿਗ ਵੀ ਸ਼ਾਮਲ ਹਨ। ਹਮਲਾਵਰਾਂ ਨੇ ਗੁਰਦੁਆਰੇ ਵਿੱਚ ਮੌਜੂਦ ਲੋਕਾਂ ਨੂੰ ਜ਼ਬਰਦਸਤੀ ਬਾਹਰ ਕੱਢ ਦਿੱਤਾ। ਅਧਿਕਾਰੀਆਂ ਨੇ ਦੱਸਿਆ ਕਿ ਸਥਿਤੀ ਤਣਾਅਪੂਰਨ ਪਰ ਕਾਬੂ ਹੇਠ ਹੈ। ਪ੍ਰਸ਼ਾਸਨ ਨੇ ਇਹਤਿਆਤ ਵਜੋਂ ਖਿੱਤੇ ਦੀਆਂ ਵਿੱਦਿਅਕ ਸੰਸਥਾਵਾਂ ਬੰਦ ਕਰਨ ਅਤੇ ਇੰਟਰਨੈਟ ਸੇਵਾਵਾਂ ਮੁਅੱਤਲ ਕਰਨ ਦਾ ਹੁਕਮ ਦਿੱਤਾ ਹੈ। ਖੇਤਰ ਵਿੱਚ ਭਾਰੀ ਪੁਲੀਸ ਫੋਰਸ ਤਾਇਨਾਤ ਕੀਤੀ ਗਈ ਹੈ, ਜਿਸ ਵਿੱਚ 15 ਥਾਣਿਆਂ ਦੇ ਪੁਲੀਸ ਕਰਮੀ ਅਤੇ ਰਾਜਸਥਾਨ ਆਰਮਡ ਕਾਂਸਟੇਬੁਲਰੀ (RAC) ਦੀਆਂ ਦੋ ਯੂਨਿਟਾਂ ਸ਼ਾਮਲ ਹਨ।
ਇਸ ਹਿੰਸਕ ਝੜਪ ਦੇ ਸਬੰਧ ਵਿੱਚ ਕਈ ਵਿਅਕਤੀਆਂ ਵਿਰੁੱਧ ਕੇਸ ਦਰਜ ਕੀਤਾ ਗਿਆ ਹੈ। ਮੁਲਜ਼ਮਾਂ ’ਤੇ ਬੇਅਦਬੀ ਦੇ ਦੋਸ਼ ਲਗਾਏ ਗਏ ਹਨ। ਇਸ ਘਟਨਾ ਦੇ ਸਬੰਧ ਵਿੱਚ ਦਰਜ ਕੀਤੇ ਗਏ ਕੇਸ ਅਨੁਸਾਰ ਲਗਭਗ 50 ਵਿਅਕਤੀ, ਜੋ ਦੇਸੀ ਪਿਸਤੌਲਾਂ ਅਤੇ ਤੇਜ਼ਧਾਰ ਹਥਿਆਰਾਂ ਨਾਲ ਲੈਸ ਸਨ, ਚਾਰਦੀਵਾਰੀ ਟੱਪ ਕੇ ਗੁਰਦੁਆਰਾ ਕੰਪਲੈਕਸ ਵਿੱਚ ਦਾਖਲ ਹੋਏ ਅਤੇ ਉੱਥੇ ਸੁੱਤੇ ਪਏ ਸ਼ਰਧਾਲੂਆਂ ’ਤੇ ਹਮਲਾ ਕਰ ਦਿੱਤਾ। ਜ਼ਖਮੀਆਂ ’ਚ ਬਲਕਰਨ ਸਿੰਘ, ਕਾਬੁਲ ਸਿੰਘ, ਸਿਮਰਨਜੀਤ ਸਿੰਘ, ਗੁਰਪ੍ਰੀਤ ਸਿੰਘ, ਅੰਗਰੇਜ਼ ਸਿੰਘ, ਨਾਇਬ ਸਿੰਘ, ਅਤੇ ਜਸਵਿੰਦਰ ਸਿੰਘ ਸ਼ਾਮਲ ਹਨ। ਉਨ੍ਹਾਂ ਵਿੱਚੋਂ ਕੁਝ ਨੂੰ ਗੰਭੀਰ ਸੱਟਾਂ ਵੱਜਣ ਕਾਰਨ ਸ੍ਰੀਗੰਗਾਨਗਰ ਦੇ ਹਸਪਤਾਲ ਰੈੱਫਰ ਕਰ ਦਿੱਤਾ ਗਿਆ ਹੈ। ਗੁਰਦੁਆਰੇ ਦੀ ਮੁੱਖ ਸੇਵਾਦਾਰ ਹਰਮੀਤ ਕੌਰ ਨੇ ਦੋਸ਼ ਲਾਇਆ ਕਿ ਹਮਲਾਵਰਾਂ ਨੇ ਸ਼ਰਧਾਲੂਆਂ ਤੋਂ ਮੋਬਾਈਲ ਫੋਨ ਖੋਹ ਲਏ ਅਤੇ ਤਕਰੀਬਨ 1.70 ਲੱਖ ਰੁਪਏ ਵੀ ਚੋਰੀ ਕੀਤੇ ਹਨ। ਗੁਰਦੁਆਰੇ ’ਤੇ ਕਬਜ਼ਾ ਕਰਨ ਦੀ ਕੋਸ਼ਿਸ਼ ਉਸ ਸਮੇਂ ਵੀ ਕੀਤੀ ਗਈ ਜਦੋਂ ਪ੍ਰਸ਼ਾਸਨ ਵੱਲੋਂ ਧਾਰਾ 144 ਲਾਗੂ ਕੀਤੀ ਗਈ ਸੀ। ਗੋਲੂਵਾਲਾ ਪੁਲੀਸ ਨੇ ਕੇਸ ਵਿੱਚ 16 ਵਿਅਕਤੀਆਂ ਨੂੰ ਨਾਮਜ਼ਦ ਕੀਤਾ ਹੈ ਅਤੇ ਐੱਸ ਐੱਚ ਓ ਹਰਬੰਸ ਲਾਲ ਮਾਮਲੇ ਦੀ ਜਾਂਚ ਕਰ ਰਹੇ ਹਨ।