ਪੰਜਾਬ ਕੇਂਦਰੀ ’ਵਰਸਿਟੀ ਦੇ ਰਾਜ ਕੁਮਾਰ ਦੀ ‘ਹਰਿਆਣਾ ਵਿਗਿਆਨ ਰਤਨ ਪੁਰਸਕਾਰ’ ਲਈ ਚੋਣ
ਮਨੋਜ ਸ਼ਰਮਾ
ਬਠਿੰਡਾ, 28 ਜੂਨ
ਪੰਜਾਬ ਕੇਂਦਰੀ ਯੂਨੀਵਰਸਿਟੀ (ਸੀਯੂ ਪੰਜਾਬ) ਦੇ ਫਾਰਮਾਸਿਊਟੀਕਲ ਸਾਇੰਸਜ਼ ਅਤੇ ਕੁਦਰਤੀ ਉਤਪਾਦ ਵਿਭਾਗ ਵਿੱਚ ਪ੍ਰੋਫੈਸਰ ਵਜੋਂ ਤਾਇਨਾਤ ਪ੍ਰੋ. ਰਾਜ ਕੁਮਾਰ ਨੂੰ ਹਰਿਆਣਾ ਸਰਕਾਰ ਦੇ ਵਿਗਿਆਨ ਅਤੇ ਤਕਨਾਲੋਜੀ ਵਿਭਾਗ ਵੱਲੋਂ ‘ਹਰਿਆਣਾ ਵਿਗਿਆਨ ਰਤਨ ਪੁਰਸਕਾਰ 2022’ ਲਈ ਚੁਣਿਆ ਗਿਆ ਹੈ। ਇਹ ਪੁਰਸਕਾਰ ਪ੍ਰੋ. ਰਾਜ ਕੁਮਾਰ ਨੂੰ ਕੈਂਸਰ ਜੀਵ ਵਿਗਿਆਨ ਦੇ ਖੇਤਰ ਵਿੱਚ ਕੀਤੀਆਂ ਖੋਜਾਂ ਲਈ ਦਿੱਤਾ ਜਾ ਰਿਹਾ ਹੈ। ਉਨ੍ਹਾਂ ਟਿਊਮਰ ਮਾਈਕ੍ਰੋਐਨਵਾਇਰਮੈਂਟ ਅਤੇ ਗ੍ਰੋਥ ਫੈਕਟਰ ਰੀਸੈਪਟਰਾਂ ਨੂੰ ਨਿਸ਼ਾਨਾ ਬਣਾਉਣ ਵਾਲੀਆਂ ਦਵਾਈਆਂ ਵਿਕਸਿਤ ਕਰਨ ਵਿੱਚ ਅਹਿਮ ਭੂਮਿਕਾ ਨਿਭਾਈ ਹੈ।
ਯੂਨੀਵਰਸਿਟੀ ਦੇ ਬੁਲਾਰੇ ਨੇ ਦੱਸਿਆ ਕਿ ਭਾਵੇਂ ਹਾਲੇ ਤੱਕ ਸਮਾਗਮ ਦੀ ਤਰੀਕ ਦਾ ਐਲਾਨ ਨਹੀਂ ਹੋਇਆ ਪਰ ਅਗਲੇ ਦਿੱਤੇ ਜਾਣ ਵਾਲੇ ਪੁਰਸਕਾਰ ਵਿੱਚ ਉਨ੍ਹਾਂ ਨੂੰ 5 ਲੱਖ ਦੀ ਰਕਮ ਸਮੇਤ ਪ੍ਰਸ਼ੰਸਾ ਪੱਤਰ ਅਤੇ ਟਰਾਫੀ ਨਾਲ ਸਨਮਾਨਿਤ ਕੀਤਾ ਜਾਵੇਗਾ।
ਇਸ ਤੋਂ ਪਹਿਲਾਂ ਮਾਰਚ 2025 ਵਿੱਚ ਪ੍ਰੋ. ਰਾਜ ਕੁਮਾਰ ਨੂੰ ਭਾਰਤ ਦੀ ਰਾਸ਼ਟਰਪਤੀ ਦਰੋਪਦੀ ਮੁਰਮੂ ਵੱਲੋਂ ਵਿਜ਼ਟਰ ਐਵਾਰਡ 2023 ਨਾਲ ਵੀ ਸਨਮਾਨਿਤ ਕੀਤਾ ਗਿਆ ਸੀ। ਯੂਨੀਵਰਸਿਟੀ ਦੇ ਵਾਈਸ ਚਾਂਸਲਰ ਪ੍ਰੋ. ਰਾਘਵੇਂਦਰ ਪ੍ਰਸਾਦ ਤਿਵਾੜੀ ਨੇ ਉਨ੍ਹਾਂ ਨੂੰ ਵਧਾਈ ਦਿੰਦਿਆਂ ਕਿਹਾ ਕਿ ਇਹ ਪੁਰਸਕਾਰ ਯੂਨੀਵਰਸਿਟੀ ਵਿੱਚ ਹੋ ਰਹੀ ਉੱਚ ਪੱਧਰੀ ਖੋਜ ਅਤੇ ਅਕਾਦਮਿਕ ਮਾਹੌਲ ਦੀ ਪ੍ਰਤੀਕ ਹੈ।
ਉਨ੍ਹਾਂ ਕਿਹਾ ਕਿ ਇਹ ਸਨਮਾਨ ਬਾਇਓਮੈਡੀਕਲ ਖੋਜ ਅਤੇ ਵਿਗਿਆਨਕ ਨਵੀਨਤਾ ਦੇ ਖੇਤਰ ਵਿੱਚ ਯੂਨੀਵਰਸਿਟੀ ਦੀ ਵਧ ਰਹੇ ਵੱਕਾਰ ਨੂੰ ਹੋਰ ਮਜ਼ਬੂਤੀ ਦੇਵੇਗਾ।