ਮੀਂਹ ਨੇ ਅੱਧਾ ਦਰਜਨ ਸ਼ਹਿਰ ਕੀਤੇ ਜਲ-ਥਲ
ਆਤਿਸ਼ ਗੁਪਤਾ
ਚੰਡੀਗੜ੍ਹ, 6 ਜੁਲਾਈ
ਪੰਜਾਬ, ਹਰਿਆਣਾ ਤੇ ਚੰਡੀਗੜ੍ਹ ਵਿੱਚ ਅੱਜ ਤੜਕੇ ਤੋਂ ਪੈ ਰਹੇ ਮੀਂਹ ਨੇ ਲੋਕਾਂ ਨੂੂੰ ਅਤਿ ਦੀ ਗਰਮੀ ਤੋਂ ਰਾਹਤ ਦਿਵਾ ਦਿੱਤੀ ਹੈ। ਮੀਂਹ ਨੇ ਪੰਜਾਬ ਵਿੱਚ ਅੱਧਾ ਦਰਜਨ ਦੇ ਕਰੀਬ ਸ਼ਹਿਰਾਂ ਨੂੰ ਜਲ-ਥਲ ਕਰਕੇ ਰੱਖ ਦਿੱਤਾ ਹੈ, ਜਿਸ ਕਰਕੇ ਲੋਕਾਂ ਨੂੰ ਮੁਸ਼ਕਲਾਂ ਦਾ ਸਾਹਮਣਾ ਕਰਨਾ ਪਿਆ। ਅੱਜ ਸੂਬੇ ਵਿੱਚ ਮੀਂਹ ਕਰਕੇ ਤਾਪਮਾਨ ਵਿੱਚ 5.5 ਡਿਗਰੀ ਸੈਲਸੀਅਸ ਤੱਕ ਦੀ ਗਿਰਾਵਟ ਦਰਜ ਕੀਤੀ ਗਈ। ਉਧਰ, ਮੌਸਮ ਵਿਗਿਆਨੀਆਂ ਨੇ ਅਗਲੇ ਚਾਰ ਦਿਨ ਮੀਂਹ ਪੈਣ ਦੀ ਪੇਸ਼ੀਨਗੋਈ ਕੀਤੀ ਹੈ। ਇਸ ਦੌਰਾਨ 7 ਤੇ 8 ਜੁਲਾਈ ਨੂੰ ਭਾਰੀ ਮੀਂਹ ਪਵੇਗਾ, ਜਿਸ ਲਈ ਮੌਸਮ ਵਿਗਿਆਨੀਆਂ ਨੇ ਓਰੇਂਜ ਅਲਰਟ ਜਾਰੀ ਕਰ ਦਿੱਤਾ ਹੈ ਜਦੋਂਕਿ 9 ਤੇ 10 ਜੁਲਾਈ ਨੂੰ ਕੁਝ ਥਾਵਾਂ ’ਤੇ ਮੀਂਹ ਪੈਣ ਲਈ ਯੈਲੋ ਅਲਰਟ ਜਾਰੀ ਕੀਤਾ ਹੈ।
ਪੰਜਾਬ ਦੇ ਕਈ ਸ਼ਹਿਰਾਂ ਵਿੱਚ ਦੇਰ ਰਾਤ ਮੀਂਹ ਪੈਣਾ ਸ਼ੁਰੂ ਹੋ ਗਿਆ ਸੀ, ਪਰ ਜ਼ਿਆਦਾਤਰ ਸ਼ਹਿਰਾਂ ਵਿੱਚ ਅੱਜ ਤੜਕੇ ਮੀਂਹ ਪਿਆ। ਮੀਂਹ ਨਾਲ ਹੀ ਮੌਸਮ ਵਿੱਚ ਠੰਢਕ ਮਹਿਸੂਸ ਕੀਤੀ ਗਈ। ਇਸ ਕਾਰਨ ਲੋਕਾਂ ਨੂੰ ਅਤਿ ਦੀ ਗਰਮੀ ਤੋਂ ਰਾਹਤ ਮਿਲੀ। ਇਸ ਦੇ ਨਾਲ ਹੀ ਸੂਬੇ ਵਿੱਚ ਆਖਰੀ ਪੜਾਅ ’ਤੇ ਚੱਲ ਰਹੀ ਝੋਨੇ ਦੀ ਲੁਆਈ ਨੇ ਵੀ ਜ਼ੋਰ ਫੜ ਲਿਆ ਹੈ। ਇਹ ਮੀਂਹ ਸਬਜ਼ੀਆਂ ਦੀਆਂ ਫ਼ਸਲਾਂ ਲਈ ਵੀ ਲਾਹੇਵੰਦ ਸਾਬਤ ਹੋਵੇਗਾ।
ਮੌਸਮ ਵਿਭਾਗ ਅਨੁਸਾਰ ਪੰਜਾਬ ਵਿੱਚ 24 ਘੰਟਿਆਂ ਦੌਰਾਨ ਸਭ ਤੋਂ ਵੱਧ ਮੀਂਹ ਗੁਰਦਾਸਪੁਰ ਵਿੱਚ ਪਿਆ, ਜਿੱਥੇ 32.4 ਐੱਮਐੱਮ ਮੀਂਹ ਪਿਆ। ਇਸੇ ਤਰ੍ਹਾਂ ਚੰਡੀਗੜ੍ਹ ਵਿੱਚ 3.7 ਐੱਮਐੱਮ, ਚੰਡੀਗੜ੍ਹ ਏਅਰਪੋਰਟ ’ਤੇ 10, ਅੰਮ੍ਰਿਤਸਰ ਵਿੱਚ 26.8, ਲੁਧਿਆਣਾ ਵਿੱਚ 0.6, ਪਟਿਆਲਾ ਵਿੱਚ 3.4, ਪਠਾਨਕੋਟ ਵਿੱਚ 19.1, ਫ਼ਤਹਿਗੜ੍ਹ ਸਾਹਿਬ ਵਿੱਚ 2, ਫਿਰੋਜ਼ਪੁਰ ਵਿੱਚ 3, ਮੁਹਾਲੀ ਵਿੱਚ 2 ਅਤੇ ਰੂਪਨਗਰ ਵਿੱਚ 26.5 ਐੱਮਐੱਮ ਮੀਂਹ ਪਿਆ।
ਬਿਜਲੀ ਦੀ ਮੰਗ ਤਿੰਨ ਹਜ਼ਾਰ ਮੈਗਾਵਾਟ ਡਿੱਗੀ
ਪੰਜਾਬ ਵਿੱਚ ਅੱਜ ਪਏ ਮੀਂਹ ਕਾਰਨ ਗਰਮੀ ਘਟਣ ਨਾਲ ਸੂਬੇ ਵਿੱਚ ਬਿਜਲੀ ਦੀ ਮੰਗ ਵੀ ਤਿੰਨ ਹਜ਼ਾਰ ਮੈਗਾਵਾਟ ਤੱਕ ਡਿੱਗ ਗਈ ਹੈ। ਅੱਜ ਦੁਪਹਿਰ ਸਮੇਂ ਬਿਜਲੀ ਦੀ ਮੰਗ 14,253 ਮੈਗਾਵਾਟ ਦਰਜ ਕੀਤੀ ਗਈ ਹੈ। ਜਦੋਂਕਿ ਲੰਘੇ ਦਿਨ ਸੂਬੇ ਵਿੱਚ ਬਿਜਲੀ ਦੀ ਮੰਗ 17,233 ਮੈਗਾਵਾਟ ’ਤੇ ਪਹੁੰਚ ਗਈ ਸੀ। ਲੰਘੇ ਦਿਨ ਬਿਜਲੀ ਦੀ ਮੰਗ ਨੇ ਸੂਬੇ ਦੇ ਸਾਰੇ ਰਿਕਾਰਡ ਤੋੜ ਦਿੱਤੇ ਸਨ। ਬਿਜਲੀ ਦੀ ਮੰਗ ਘਟਣ ’ਤੇ ਵਿਭਾਗ ਦੇ ਅਧਿਕਾਰੀਆਂ ਨੇ ਵੀ ਸੁੱਖ ਦਾ ਸਾਹ ਲਿਆ ਹੈ।