ਮਾਲਵਾ ਪੱਟੀ ’ਚ ਮੀਂਹ ਨਾਲ ਝੋਨੇ ਦੀ ਫ਼ਸਲ ਨੂੰ ਰਾਹਤ, ਮੂੰਗੀ ਲਈ ਚਿੰਤਾ
ਮਨੋਜ ਸ਼ਰਮਾ
ਬਠਿੰਡਾ, 14 ਜੁਲਾਈ
ਮਾਲਵਾ ਪੱਟੀ ਦੇ ਕਈ ਜ਼ਿਲ੍ਹਿਆਂ ’ਚ ਸੋਮਵਾਰ ਨੂੰ ਹੋਈ ਮੂਸਲਾਧਾਰ ਬਾਰਿਸ਼ ਨਾਲ ਮੌਸਮ ਸੁਹਾਵਨਾ ਹੋ ਗਿਆ ਹੈ। ਸਾਉਣ ਦੇ ਮੀਂਹ ਨੇ ਹੁੰਮਸ ਭਰੀ ਗਰਮੀ ਤੋਂ ਪਰੇਸ਼ਾਨ ਲੋਕਾਂ ਨੂੰ ਰਾਹਤ ਦਿੱਤੀ ਹੈ। ਦੁੂਜੇ ਪਾਸੇ ਨੀਵੇਂ ਇਲਾਕਿਆ ਵਿੱਚ ਪਾਣੀ ਭਾਰਨ ਕਾਰਨ ਲੋਕਾਂ ਨੂੰ ਸਮੱਸਿਆਵਾਂ ਦਾ ਸਾਹਮਣਾ ਕਰਨਾ ਪਿਆ। ਖੇਤੀ ਖੋਜ ਕੇਂਦਰ ਵੱਲੋਂ ਜਾਰੀ ਜਾਣਕਾਰੀ ਅਨੁਸਾਰ ਬਠਿੰਡਾ, ਮਾਨਸਾ, ਬਰਨਾਲਾ ਅਤੇ ਸ੍ਰੀ ਮੁਕਤਸਰ ਸਾਹਿਬ ਵਿਚ ਮੀਂਹ ਦੀਆਂ ਰਿਪੋਰਟਾਂ ਹਨ। ਭਾਵੇਂ ਇਹ ਮੀਂਹ ਖੇਤਾਂ ਵਿੱਚ ਖੜੀ ਝੋਨੇ ਦੀ ਫ਼ਸਲ ਲਈ ਸੰਜੀਵਨੀ ਸਾਬਤ ਹੋਇਆ ਹੈ।
ਬਠਿੰਡਾ ਦੇ ਕਿਸਾਨ ਲਾਭਵਿੰਦਰ ਸਿੰਘ ਨੇ ਕਿਹਾ ਕਿ ਪਿਛਲੇ ਦਿਨਾਂ ਤੋਂ ਪੈ ਰਹੀ ਗਰਮੀ ਅਤੇ ਖੁਸ਼ਕ ਮੌਸਮ ਕਾਰਨ ਝੋਨੇ ਦੀ ਫ਼ਸਲ ਥੋੜ੍ਹੀ ਮੁਰਝਾਈ ਹੋਈ ਸੀ, ਪਰ ਹੁਣ ਮੀਂਹ ਨੇ ਵਾਅਰੇ-ਨਿਆਰੇ ਕਰ ਦਿੱਤੇ ਹਨ। ਉੱਧਰ ਦੂਜੇ ਪਾਸੇ ਮੂੰਗੀ ਦੀ ਫ਼ਸਲ ਲਈ ਇਹ ਮੀਂਹ ਚਿੰਤਾ ਦਾ ਕਾਰਨ ਬਣ ਰਿਹਾ ਹੈ। ਰਾਮਪੁਰਾ ਫੁਲ ਹਲਕੇ ਦੇ ਪਿੰਡ ਘੜੈਲੀ ਦੇ ਕਿਸਾਨ ਸਤਪ੍ਰੀਤ ਸਿੰਘ ਨੇ ਦੱਸਿਆ ਕਿ ਪਿਛਲੇ ਕਈ ਦਿਨਾਂ ਤੋਂ ਪੈ ਰਹੇ ਮੀਂਹ ਕਾਰਨ ਮੂੰਗੀ ਦੀ ਕਟਾਈ ਪ੍ਰਭਾਵਿਤ ਹੋਈ ਹੈ, ਜਿਸ ਕਾਰਨ ਇਹ ਫਸਲ ਖਰਾਬ ਹੋਣਾ ਖ਼ਦਸ਼ਾ ਹੈ। ਖ਼ੇਤੀ ਮਾਹਰਾਂ ਅਨੁਸਾਰ ਮਾਲਵਾ ਖੇਤਰ ’ਚ ਕਿਸਾਨ ਮੀਂਹ ਦੀ ਉਡੀਕ ਕਰ ਰਹੇ ਸਨ। ਇਸ ਦੌਰਾਨ ਬਿਜਲੀ ਦੀ ਮੰਗ ਘਟਣ ਕਾਰਨ ਪਾਵਰਕੌਮ ਨੇ ਵੀ ਸੁੱਖ ਦਾ ਸਾਹ ਲਿਆ ਹੈ।