ਪੰਜਾਬ ’ਚ ਮੀਂਹ ਨੇ ਹੜ੍ਹ ਪੀੜਤਾਂ ਦੀ ਨੀਂਦ ਉਡਾਈ
ਆਤਿਸ਼ ਗੁਪਤਾ
ਪੰਜਾਬ ਵਿੱਚ ਅੱਜ ਤੜਕੇ ਤੋਂ ਪੈ ਰਹੇ ਮੀਂਹ ਨੇ ਹੜ੍ਹ ਪ੍ਰਭਾਵਿਤ ਇਲਾਕਿਆਂ ਦੇ ਲੋਕਾਂ ਦੀ ਨੀਂਦ ਉਡਾ ਦਿੱਤੀ ਹੈ। ਜਿੱਥੇ ਪਹਿਲਾਂ ਹੀ ਲੋਕਾਂ ਨੂੰ ਹੜ੍ਹਾਂ ਦੀ ਮਾਰ ਦਾ ਸਾਹਮਣਾ ਕਰਨਾ ਪੈ ਰਿਹਾ ਹੈ, ਮੀਂਹ ਨੇ ਲੋਕਾਂ ਦੀਆਂ ਮੁਸ਼ਕਲਾਂ ਹੋਰ ਵਧਾ ਦਿੱਤੀਆਂ ਹਨ। ਮੀਂਹ ਕਾਰਨ ਕਈ ਇਲਾਕਿਆਂ ਵਿੱਚ ਪਾਣੀ ਭਰਨ ਦਾ ਖਦਸ਼ਾ ਸਤਾਉਣ ਲੱਗਿਆ ਹੈ। ਇਸ ਦੇ ਨਾਲ ਹੀ ਮੀਂਹ ਕਾਰਨ ਰਾਹਤ ਕਾਰਜਾਂ ਵਿੱਚ ਵੀ ਵੱਡੀ ਦਿੱਕਤ ਦਾ ਸਾਹਮਣਾ ਕਰਨਾ ਪਿਆ।
ਅੱਜ ਪੰਜਾਬ ਦੇ ਮਾਝਾ ਅਤੇ ਦੁਆਬਾ ਇਲਾਕੇ ਵਿੱਚ ਕਈ ਥਾਵਾਂ ’ਤੇ ਤੜਕਸਾਰ ਮੀਂਹ ਪੈਣਾ ਸ਼ੁਰੂ ਹੋ ਗਿਆ ਸੀ, ਜੋ ਬਾਅਦ ਦੁਪਹਿਰ ਮਾਲਵਾ ਖੇਤਰ ਵਿੱਚ ਵੀ ਵਰ੍ਹਿਆ। ਉੱਧਰ ਮੌਸਮ ਵਿਗਿਆਨੀਆਂ ਨੇ ਅਗਲੇ 48 ਘੰਟੇ ਸੂਬੇ ਵਿੱਚ ਕਈ ਥਾਵਾਂ ’ਤੇ ਹਲਕਾ ਮੀਂਹ ਪੈਣ ਦੀ ਪੇਸ਼ੀਨਗੋਈ ਕੀਤੀ ਹੈ। ਮੌਸਮ ਵਿਗਿਆਨੀਆਂ ਨੇ ਕਿਹਾ ਕਿ ਪੰਜਾਬ ਵਿੱਚ 8 ਅਤੇ 9 ਸਤੰਬਰ ਨੂੰ ਕਈ ਥਾਵਾਂ ’ਤੇ ਮੀਂਹ ਪੈ ਸਕਦਾ ਹੈ। ਪ੍ਰਾਪਤ ਜਾਣਕਾਰੀ ਅਨੁਸਾਰ ਅੱਜ ਤੜਕਸਾਰ ਪਏ ਮੀਂਹ ਕਰ ਕੇ ਪੰਜਾਬ ਦੇ ਕਈ ਸ਼ਹਿਰ ਜਲ-ਥਲ ਹੋ ਗਏ। ਪੰਜਾਬ ਵਿੱਚ 24 ਘੰਟਿਆਂ ਦੌਰਾਨ ਅੰਮ੍ਰਿਤਸਰ ਵਿੱਚ 53.3 ਐੱਮ.ਐੱਮ., ਲੁਧਿਆਣਾ ਵਿੱਚ 83.6 ਐੱਮ.ਐੱਮ., ਪਟਿਆਲਾ ਵਿੱਚ 35.6 ਐੱਮ.ਐੱਮ., ਬਠਿੰਡਾ ਵਿੱਚ 12 ਐੱਮ.ਐੱਮ., ਫਿਰੋਜ਼ਪੁਰ ਵਿੱਚ 6 ਐੱਮ.ਐੱਮ., ਪਠਾਨਕੋਟ ਵਿੱਚ 3 ਐੱਮ.ਐੱਮ., ਨਵਾਂ ਸ਼ਹਿਰ ਵਿੱਚ 6.5 ਐੱਮ.ਐੱਮ. ਮੀਂਹ ਪਿਆ ਹੈ। ਇਸ ਤੋਂ ਇਲਾਵਾ ਫਾਜ਼ਿਲਕਾ, ਗੁਰਦਾਸਪੁਰ, ਰੋਪੜ ਅਤੇ ਆਲੇ-ਦੁਆਲੇ ਦੇ ਹੋਰਨਾਂ ਇਲਾਕਿਆਂ ਵਿੱਚ ਵੀ ਹਲਕਾ ਮੀਂਹ ਪਿਆ ਹੈ।