ਮੀਂਹ ਕਾਰਨ ਗਰਮੀ ਤੋਂ ਰਾਹਤ; ਜਨਜੀਵਨ ਪ੍ਰਭਾਵਿਤ
ਆਤਿਸ਼ ਗੁਪਤਾ
ਚੰਡੀਗੜ੍ਹ, 10 ਜੁਲਾਈ
ਪੰਜਾਬ, ਹਰਿਆਣਾ, ਚੰਡੀਗੜ੍ਹ ਸਣੇ ਉੱਤਰ ਭਾਰਤ ਵਿੱਚ ਪੈ ਰਹੇ ਮੀਂਹ ਨੇ ਲੋਕਾਂ ਨੂੰ ਅਤਿ ਦੀ ਗਰਮੀ ਤੋਂ ਰਾਹਤ ਤਾਂ ਦਿਵਾ ਦਿੱਤੀ ਹੈ ਪਰ ਕਈ ਥਾਂ ਜਲ-ਥਲ ਹੋਣ ਕਰਕੇ ਆਮ ਜਨ-ਜੀਵਨ ਪ੍ਰਭਾਵਿਤ ਹੋ ਗਿਆ ਹੈ। ਪੰਜਾਬ ਵਿੱਚ ਬੀਤੀ ਰਾਤ ਤੋਂ ਵੱਖ-ਵੱਖ ਸ਼ਹਿਰਾਂ ਵਿੱਚ ਰੁਕ-ਰੁਕ ਕੇ ਮੀਂਹ ਪੈ ਰਿਹਾ ਹੈ, ਜਿਸ ਨੇ ਪੰਜਾਬ ਦੇ ਦਰਜਨਾਂ ਸ਼ਹਿਰਾਂ ਨੂੂੰ ਜਲ-ਥਲ ਕਰ ਦਿੱਤਾ ਹੈ। ਦੂਜੇ ਪਾਸੇ ਮੌਸਮ ਵਿਭਾਗ ਨੇ 11 ਜੁਲਾਈ ਨੂੰ ਪੰਜਾਬ ਵਿੱਚ ਰੁਕ-ਰੁਕ ਕੇ ਮੀਂਹ ਪੈਣ ਦੀ ਪੇਸ਼ੀਨਗੋਈ ਕੀਤੀ ਹੈ। ਇਸ ਲਈ ਮੌਸਮ ਵਿਗਿਆਨੀਆਂ ਨੇ ਯੈਲੋ ਅਲਰਟ ਵੀ ਜਾਰੀ ਕਰ ਦਿੱਤਾ ਹੈ।
ਪੰਜਾਬ ਦੇ ਅੰਮ੍ਰਿਤਸਰ, ਪਠਾਨਕੋਟ, ਬਠਿੰਡਾ, ਫ਼ਤਹਿਗੜ੍ਹ ਸਾਹਿਬ, ਮੁਹਾਲੀ, ਮਾਨਸਾ, ਸਣੇ ਕਈ ਹੋਰਨਾਂ ਸ਼ਹਿਰਾਂ ਵਿੱਚ ਬੀਤੀ ਰਾਤ ਤੋਂ ਹੀ ਰੁੱਕ-ਰੁੱਕ ਕੇ ਮੀਂਹ ਪੈ ਰਿਹਾ ਹੈ। ਮੀਂਹ ਕਰਕੇ ਇਨ੍ਹਾਂ ਸ਼ਹਿਰਾਂ ਦੀਆਂ ਗਲੀਆਂ ਵਿੱਚ ਪਾਣੀ ਭਰ ਗਿਆ ਹੈ। ਕਈ ਨੀਵੀਆਂ ਥਾਵਾਂ ’ਤੇ ਲੋਕਾਂ ਦੇ ਘਰਾਂ ਵਿੱਚ ਵੀ ਪਾਣੀ ਭਰ ਗਿਆ ਜਿਸ ਕਰਕੇ ਲੋਕਾਂ ਨੂੰ ਮੁਸ਼ਕਲਾਂ ਦਾ ਸਾਹਮਣਾ ਕਰਨਾ ਪਿਆ। ਮੀਂਹ ਕਰਕੇ ਕਈ ਸ਼ਹਿਰਾਂ ਦੀਆਂ ਸੜਕਾਂ ਜਲ-ਥਲ ਹੋ ਗਈਆਂ, ਜਿਸ ਕਰਕੇ ਲੋਕਾਂ ਦਾ ਘਰੋਂ ਬਾਹਰ ਨਿਕਲਣਾ ਮੁਸ਼ਕਲ ਹੋ ਗਿਆ। ਮੀਂਹ ਕਾਰਨ ਸੂਬੇ ਦੇ ਤਾਪਮਾਨ ਵਿੱਚ ਵੀ 6 ਡਿਗਰੀ ਸੈਲਸੀਅਸ ਤੱਕ ਦੀ ਗਿਰਾਵਟ ਦਰਜ ਕੀਤੀ ਗਈ। ਇਸ ਕਰਕੇ ਬਿਜਲੀ ਦੀ ਮੰਗ ਵੀ ਘੱਟ ਗਈ ਹੈ। ਬਿਜਲੀ ਦੀ ਮੰਗ ਘਟਣ ਕਰਕੇ ਵਿਭਾਗ ਦੇ ਅਧਿਕਾਰੀਆਂ ਨੇ ਵੀ ਸੁੱਖ ਦਾ ਸਾਹ ਲਿਆ।
ਮੌਸਮ ਵਿਭਾਗ ਤੋਂ ਮਿਲੀ ਜਾਣਕਾਰੀ ਅਨੁਸਾਰ ਪੰਜਾਬ ਵਿੱਚ 24 ਘੰਟਿਆਂ ਦੌਰਾਨ ਚੰਡੀਗੜ੍ਹ ਵਿੱਚ 18.5 ਐੱਮਐੱਮ, ਅੰਮ੍ਰਿਤਸਰ ਵਿੱਚ 49.8, ਲੁਧਿਆਣਾ ਵਿੱਚ 1.2 , ਪਟਿਆਲਾ ਵਿੱਚ 5, ਪਠਾਨਕੋਟ ਵਿੱਚ 22, ਬਠਿੰਡਾ ਏਅਰਪੋਰਟ ’ਤੇ 40.4, ਬਠਿੰਡਾ ਸ਼ਹਿਰ ਵਿੱਚ 1.6, ਫਰੀਦਕੋਟ ਵਿੱਚ 53, ਫ਼ਤਹਿਗੜ੍ਹ ਸਾਹਿਬ ਵਿੱਚ 81.5, ਫਾਜ਼ਿਲਕਾ ਵਿੱਚ 4, ਫਿਰੋਜ਼ਪੁਰ ਵਿੱਚ 4, ਮੋਗਾ ਵਿੱਚ 8, ਮੁਹਾਲੀ ਵਿੱਚ 27.5 ਅਤੇ ਰੂਪਨਗਰ ਵਿੱਚ 5 ਐੱਮਐੱਮ ਮੀਂਹ ਪਿਆ।
ਸੁਖਨਾ ਝੀਲ ਵਿੱਚ ਪਾਣੀ ਖਤਰੇ ਦੇ ਨਿਸ਼ਾਨ ਨੇੜੇ ਪਹੁੰਚਿਆ
ਚੰਡੀਗੜ੍ਹ ਵਿੱਚ ਅਤੇ ਆਲੇ-ਦੁਆਲੇ ਦੇ ਇਲਾਕੇ ਵਿੱਚ ਪੈ ਰਹੇ ਮੀਂਹ ਕਰਕੇ ਸੁਖਨਾ ਝੀਲ ਵਿੱਚ ਪਾਣੀ ਖਤਰੇ ਦੇ ਨਿਸ਼ਾਨ ਦੇ ਨਜ਼ਦੀਕ ਪਹੁੰਚ ਗਿਆ ਹੈ। ਅੱਜ ਸੁਖਨਾ ਝੀਲ ਵਿੱਚ ਪਾਣੀ ਦਾ ਪੱਧਰ 1162.4 ਫੁੱਟ ਤੋਂ ਟੱਪ ਗਿਆ ਹੈ, ਜਦੋਂ ਕਿ ਖਤਰੇ ਦਾ ਨਿਸ਼ਾਨ 1163 ਫੁੱਟ ’ਤੇ ਹਨ। ਯੂਟੀ ਪ੍ਰਸ਼ਾਸਨ ਵੱਲੋਂ ਝੀਲ ਵਿੱਚ ਪਾਣੀ ਦਾ ਪੱਧਰ ਵਧਣ ’ਤੇ ਝੀਲ ਦੇ ਫਲੱਡ ਗੇਟ ਖੋਲ੍ਹ ਦਿੱਤੇ ਜਾਣਗੇ। ਇਹ ਪਾਣੀ ਸੁਖਨਾ ਚੋਅ ਰਾਹੀਂ ਹੁੰਦਾ ਹੋਇਆ ਅੱਗੇ ਘੱਗਰ ਨਦੀ ਵਿੱਚ ਜਾਵੇਗਾ।