ਪੰਜਾਬ ਵਿੱਚ ਮੀਂਹ ਨੇ ਗਰਮੀ ਤੋਂ ਰਾਹਤ ਦਿਵਾਈ
ਆਤਿਸ਼ ਗੁਪਤਾ
ਚੰਡੀਗੜ੍ਹ, 17 ਜੂਨ
ਪੰਜਾਬ ਵਿੱਚ ਪਿਛਲੇ ਕਈ ਦਿਨਾਂ ਤੋਂ ਪੈ ਰਹੀ ਗਰਮੀ ਤੋਂ ਬਾਅਦ ਲੰਘੀ ਰਾਤ ਕਈ ਖੇਤਰਾਂ ਵਿੱਚ ਪਏ ਮੀਂਹ ਨੇ ਲੋਕਾਂ ਨੂੰ ਗਰਮੀ ਤੋਂ ਰਾਹਤ ਦਿਵਾ ਦਿੱਤੀ ਹੈ। ਮੀਂਹ ਕਰਕੇ ਤਾਪਮਾਨ 7.4 ਡਿਗਰੀ ਸੈਲਸੀਅਸ ਤੱਕ ਹੇਠਾਂ ਡਿੱਗ ਗਿਆ ਹੈ। ਪੰਜਾਬ ਦੇ ਲੁਧਿਆਣਾ ਸ਼ਹਿਰ ਵਿੱਚ 24 ਘੰਟਿਆਂ ਦੌਰਾਨ ਸਭ ਤੋਂ ਵੱਧ 116.4 ਐੱਮਐੱਮ ਮੀਂਹ ਪਿਆ ਹੈ। ਇਸ ਦੇ ਨਾਲ ਹੀ ਮੌਸਮ ਵਿਗਿਆਨੀਆਂ ਨੇ 18 ਤੇ 19 ਜੂਨ ਨੂੰ ਵੀ ਪੰਜਾਬ ਵਿੱਚ 30 ਤੋਂ 40 ਕਿਲੋਮੀਟਰ ਪ੍ਰਤੀ ਘੰਟੇ ਦੀ ਰਫ਼ਤਾਰ ਨਾਲ ਹਵਾਵਾਂ ਚੱਲਣ ਅਤੇ ਕਿਤੇ-ਕਿਤੇ ਹਲਕਾ ਤੇ ਮੱਧਮ ਮੀਂਹ ਪੈਣ ਦੀ ਪੇਸ਼ੀਨਗੋਈ ਕੀਤੀ ਹੈ।
ਪੰਜਾਬ ਵਿੱਚ ਮੀਂਹ ਪੈਣ ਕਰਕੇ ਲੋਕਾਂ ਨੇ ਸੁੱਖ ਦਾ ਸਾਹ ਲਿਆ ਹੈ। ਕਿਸਾਨਾਂ ਵਿੱਚ ਵੀ ਖੁਸ਼ੀ ਹੈ। ਤਾਪਮਾਨ ਡਿੱਗਣ ਕਾਰਨ ਝੋਨੇ ਦੀ ਲੁਆਈ ਨੇ ਜ਼ੋਰ ਫੜ ਲਿਆ ਹੈ। ਮੌਸਮ ਵਿੱਚ ਠੰਢਕ ਹੋਣ ਨਾਲ ਬਿਜਲੀ ਦੀ ਮੰਗ ਘੱਟ ਗਈ ਹੈ। ਮੌਸਮ ਵਿਭਾਗ ਤੋਂ ਮਿਲੀ ਜਾਣਕਾਰੀ ਅਨੁਸਾਰ ਅੱਜ ਲੁਧਿਆਣਾ ਵਿੱਚ ਸਭ ਤੋਂ ਵੱਧ 116.4 ਐੱਮਐੱਮ, ਰੋਪੜ ਵਿੱਚ 64.5, ਨਵਾਂਸ਼ਹਿਰ ਵਿੱਚ 47.6, ਚੰਡੀਗੜ੍ਹ ਵਿੱਚ 3.6, ਪਟਿਆਲਾ ਵਿੱਚ 8.2, ਬਠਿੰਡਾ ਵਿੱਚ 2 ਅਤੇ ਮੋਗਾ ਵਿੱਚ 11 ਐੱਮਐੱਮ ਮੀਂਹ ਪਿਆ। ਅੱਜ ਪੰਜਾਬ ਵਿੱਚ ਫਰੀਦਕੋਟ ਸ਼ਹਿਰ ਸਭ ਤੋਂ ਗਰਮ ਰਿਹਾ ਹੈ, ਜਿੱਥੇ ਵੱਧ ਤੋਂ ਵੱਧ ਤਾਪਮਾਨ 34.6 ਡਿਗਰੀ ਸੈਲਸੀਅਸ, ਚੰਡੀਗੜ੍ਹ ਵਿੱਚ 31, ਅੰਮ੍ਰਿਤਸਰ ਵਿੱਚ 32.7, ਲੁਧਿਆਣਾ ਵਿੱਚ 31.6, ਪਟਿਆਲਾ ਵਿੱਚ 30.2, ਪਠਾਨਕੋਟ ਵਿੱਚ 33.3, ਬਠਿੰਡਾ ’ਚ 32.5, ਗੁਰਦਾਸਪੁਰ ਵਿੱਚ 34.5 ’ਚ ਡਿਗਰੀ ਸੈਲਸੀਅਸ ਤਾਪਮਾਨ ਦਰਜ ਕੀਤਾ ਗਿਆ।
ਸ਼ਾਮ ਵੇਲੇ 14500 ਮੈਗਾਵਾਟ ਦੇ ਮੁਕਾਬਲੇ 13104 ਰਿਹਾ ਲੋਡ
ਹਾਈਡਰੋ ਪਾਵਰ ਸਟੇਸ਼ਨਾਂ ਵੱਲੋਂ ਅੱਜ 706 ਮੈਗਾਵਾਟ ਬਿਜਲੀ ਪੈਦਾ ਕੀਤੀ ਗਈ। ਪੰਜਾਬ ਸਟੇਟ ਪਾਵਰ ਕਾਰਪੋਰੇਸ਼ਨ ਦੇ ਇੱਕ ਅਧਿਕਾਰੀ ਨੇ ਦੱਸਿਆ ਕਿ ਅੱਜ ਸ਼ਾਮ ਸਮੇਂ ਲਗਪਗ 13104 ਮੈਗਾਵਾਟ ਬਿਜਲੀ ਦਾ ਲੋਡ ਸੀ, ਜਦੋਂ ਕਿ ਇਹੀ ਲੋਡ ਬੀਤੇ ਕੱਲ੍ਹ 14500 ਸੀ। ਉਨ੍ਹਾਂ ਦੱਸਿਆ ਕਿ ਪ੍ਰਾਈਵੇਟ, ਸਰਕਾਰੀ ਅਤੇ ਹਾਈਡਰੋ ਪਾਵਰ ਸਟੇਸ਼ਨਾਂ ਤੋਂ ਪੈਦਾ ਹੋਈ ਬਿਜਲੀ ਤੋਂ ਬਾਅਦ ਲਗਪਗ 8580 ਮੈਗਾਵਾਟ ਬਿਜਲੀ ਬਾਹਰੋਂ ਲੈਣੀ ਪਈ ਹੈ।
ਮੀਂਹ ਪੈਣ ਤੋਂ ਬਾਅਦ ਬਿਜਲੀ ਦੀ ਮੰਗ ਘਟੀ
ਮਾਨਸਾ (ਜੋਗਿੰਦਰ ਸਿੰਘ ਮਾਨ): ਪੰਜਾਬ ਅਤੇ ਹਰਿਆਣਾ ਦੇ ਵੱਖ-ਵੱਖ ਹਿੱਸਿਆਂ ’ਚ ਅੱਜ ਮੀਂਹ ਪੈਣ ਤੋਂ ਬਾਅਦ ਸੂਬੇ ਅੰਦਰ ਬਿਜਲੀ ਦੀ ਮੰਗ ਘਟ ਗਈ ਹੈ, ਹਾਲਾਂਕਿ ਇਸ ਮੀਂਹ ਦਾ ਲਾਹਾ ਲੈ ਕੇ ਮਾਲਵਾ ਖੇਤਰ ਵਿੱਚ ਝੋਨੇ ਦੀ ਲੁਆਈ ਨੇ ਜ਼ੋਰ ਫੜ ਲਿਆ ਹੈ। ਪੰਜਾਬ ਵਿੱਚ ਪ੍ਰਾਈਵੇਟ ਖੇਤਰ ਦੇ ਦੋਨੋਂ ਵੱਡੇ ਤਾਪਘਰਾਂ ਵੱਲੋਂ ਅੱਜ ਆਮ ਨਾਲੋਂ ਘੱਟ ਬਿਜਲੀ ਦੀ ਪੈਦਾਵਾਰ ਕੀਤੀ ਗਈ। ਇਹ ਪੈਦਾਵਾਰ ਪੰਜਾਬ ਰਾਜ ਪਾਵਰ ਕਾਰਪੋਰੇਸ਼ਨ ਲਿਮਟਿਡ (ਪੀਐਸਪੀਸੀਐਲ) ਵੱਲੋਂ ਦਿੱਤੀ ਮੰਗ ਅਨੁਸਾਰ ਘਟਾਈ ਗਈ ਹੈ। ਬਿਜਲੀ ਦੀ ਇਹ ਮੰਗ ਦਿਨ ਵੇਲੇ ਬਹੁਤ ਘੱਟ ਰਹੀ ਅਤੇ ਸ਼ਾਮ ਤੋਂ ਬਾਅਦ ਮੰਗ ਥੋੜ੍ਹੀ ਜਿਹੀ ਵਧੀ। ਵੇਰਵਿਆਂ ਅਨੁਸਾਰ ਅੱਜ ਮਾਨਸਾ ਨੇੜਲੇ ਪਿੰਡ ਬਣਾਂਵਾਲਾ ਵਿਚ ਤਲਵੰਡੀ ਸਾਬੋ ਪਾਵਰ ਲਿਮਟਿਡ (ਟੀਐਸਪੀਐਲ) ਵੱਲੋਂ ਸ਼ਾਮ ਦੇ 7 ਵਜੇ ਤਕ ਕੁੱਲ 1224 ਮੈਗਾਵਾਟ ਬਿਜਲੀ ਪੈਦਾ ਕੀਤੀ ਗਈ, ਜੋ ਪੰਜਾਬ ਵਿੱਚ ਸਭ ਤੋਂ ਜ਼ਿਆਦਾ ਹੈ। ਇਸ ਤਾਪਘਰ ਵੱਲੋਂ ਬੀਤੀ ਸ਼ਾਮ 1567 ਮੈਗਾਵਾਟ ਬਿਜਲੀ ਸਪਲਾਈ ਕੀਤੀ ਗਈ ਸੀ। ਇਸੇ ਤਰ੍ਹਾਂ ਤਾਪਘਰ ਐਲ ਐਂਡ ਟੀ ਰਾਜਪੁਰਾ ਵੱਲੋਂ ਅੱਜ ਸ਼ਾਮ 1067 ਮੈਗਾਵਾਟ ਬਿਜਲੀ ਦੀ ਸਪਲਾਈ ਦਿੱਤੀ ਗਈ, ਜਦੋਂ ਕਿ ਇਸੇ ਤਾਪਘਰ ਵੱਲੋਂ ਬੀਤੇ ਕੱਲ੍ਹ 1306 ਮੈਗਾਵਾਟ ਬਿਜਲੀ ਦੀ ਪੈਦਾਵਾਰ ਕੀਤੀ ਗਈ ਸੀ। ਇਨ੍ਹਾਂ ਤਾਪਘਰਾਂ ’ਚੋਂ ਤਲਵੰਡੀ ਸਾਬੋ ਪਾਵਰ ਲਿਮਟਿਡ ਦੀ ਕੁੱਲ ਸਮਰੱਥਾ 1980 ਮੈਗਾਵਾਟ ਅਤੇ ਐਲ ਐਂਡ ਟੀ ਰਾਜਪੁਰਾ ਦੀ 1400 ਮੈਗਾਵਾਟ ਹੈ। ਉਧਰ ਗੁਰੂ ਹਰਗੋਬਿੰਦ ਥਰਮਲ ਪਲਾਂਟ ਲਹਿਰਾ ਮੁਹੱਬਤ ਦਾ ਤਿੰਨ ਦਿਨਾਂ ਤੋਂ ਬੰਦ ਪਿਆ ਯੂਨਿਟ ਨੰਬਰ-2 ਚਾਲੂ ਹੋ ਗਿਆ ਹੈ, ਜਿਸ ਵੱਲੋਂ 185 ਮੈਗਾਵਾਟ ਬਿਜਲੀ ਦੀ ਪੈਦਾਵਾਰ ਕੀਤੀ ਗਈ ਹੈ ਜਦੋਂਕਿ ਇਸ ਤਾਪਘਰ ਵੱਲੋਂ ਅੱਜ 825 ਮੈਗਾਵਾਟ ਬਿਜਲੀ ਪੈਦਾ ਕੀਤੀ ਗਈ। ਇਸ ਤਾਪਘਰ ਦੀ ਕੁੱਲ ਸਮਰੱਥਾ 920 ਮੈਗਾਵਾਟ ਹੈ। ਇਸ ਤਰ੍ਹਾਂ ਗੁਰੂ ਗੋਬਿੰਦ ਸਿੰਘ ਸੁਪਰ ਥਰਮਲ ਪਲਾਂਟ ਰੋਪੜ ਦੋ ਯੂਨਿਟ ਪੱਕੇ ਤੌਰ ’ਤੇ ਬੰਦ ਹਨ ਅਤੇ ਯੂਨਿਟ-3, 4, 5, 6 ਵੱਲੋਂ ਕ੍ਰਮਵਾਰ 174, 78, 168, 174 ਸਣੇ ਕੁੱਲ 602 ਮੈਗਾਵਾਟ ਬਿਜਲੀ ਪੈਦਾਵਾਰ ਕੀਤੀ ਜਾ ਰਹੀ ਹੈ। ਇਸ ਤਾਪ ਘਰ ਦੀ ਕੁੱਲ ਸਮਰੱਥਾ 840 ਮੈਗਾਵਾਟ ਦੱਸੀ ਜਾਂਦੀ ਹੈ। ਉਧਰ ਗੁਰੂ ਅੰਗਦ ਦੇਵ ਥਰਮਲ ਪਲਾਂਟ ਗੋਇੰਦਵਾਲ ਦੇ ਯੂਨਿਟ ਨੰਬਰ-1 ਵੱਲੋਂ ਅੱਜ 252 ਮੈਗਾਵਾਟ ਬਿਜਲੀ ਪੈਦਾ ਕੀਤੀ ਗਈ।