ਮੀਂਹ ਨੇ ਪੰਜਾਬ ’ਚ ਲਿਆਂਦਾ ਮੁਸੀਬਤਾਂ ਦਾ ਹੜ੍ਹ
ਆਤਿਸ਼ ਗੁਪਤਾ
ਜੰਮੂ ਕਸ਼ਮੀਰ ਤੇ ਹਿਮਾਚਲ ਪ੍ਰਦੇਸ਼ ਵਿੱਚ ਪਏ ਮੀਂਹ ਨੇ ਪੰਜਾਬ ਦੇ ਅੱਠ ਜ਼ਿਲ੍ਹਿਆਂ ਵਿੱਚ ਹੜ੍ਹਾਂ ਨਾਲ ਭਾਰੀ ਤਬਾਹੀ ਕੀਤੀ ਹੈ। ਉਧਰ, ਪੰਜਾਬ ਵਿੱਚ ਲੰਘੇ ਦਿਨ ਤੋਂ ਰੁਕ-ਰੁਕ ਕੇ ਪੈ ਰਹੇ ਮੀਂਹ ਨੇ ਲੋਕਾਂ ਲਈ ਮੁਸੀਬਤਾਂ ਖੜ੍ਹੀਆਂ ਕਰ ਦਿੱਤੀਆਂ ਹਨ। ਅੱਜ ਸਵੇਰੇ ਤੋਂ ਹੀ ਲਗਪਗ ਸਾਰੇ ਸ਼ਹਿਰਾਂ ਵਿੱਚ ਰੁਕ-ਰੁਕ ਕੇ ਮੀਂਹ ਪਿਆ, ਜੋ ਦੁਪਹਿਰ ਤੱਕ ਜਾਰੀ ਰਿਹਾ। ਮੀਂਹ ਨੇ ਪੰਜਾਬ ਦੇ ਜ਼ਿਆਦਾਤਰ ਸ਼ਹਿਰਾਂ ਨੂੰ ਜਲ-ਥਲ ਕਰ ਦਿੱਤਾ। ਸ਼ਹਿਰ ਦੀਆਂ ਸੜਕਾਂ ਪਾਣੀ ਵਿੱਚ ਡੁੱਬ ਗਈਆਂ, ਜਿਸ ਕਾਰਨ ਰਾਹਗੀਰ ਪ੍ਰੇਸ਼ਾਨ ਹੁੰਦੇ ਰਹੇ। ਉੱਧਰ, ਮੌਸਮ ਵਿਭਾਗ ਨੇ ਪੰਜਾਬ ਵਿੱਚ 1 ਤੇ 2 ਸਤੰਬਰ ਨੂੰ ਮੀਂਹ ਪੈਣ ਦੀ ਪੇਸ਼ੀਨਗੋਈ ਕੀਤੀ ਹੈ। ਇਸ ਦੌਰਾਨ 1 ਸਤੰਬਰ ਨੂੰ ਸੂਬੇ ਦੇ ਨੌਂ ਜ਼ਿਲ੍ਹਿਆਂ ਪਠਾਨਕੋਟ, ਗੁਰਦਾਸਪੁਰ, ਹੁਸ਼ਿਆਰਪੁਰ, ਕਪੂਰਥਲਾ, ਜਲੰਧਰ, ਨਵਾਂਸ਼ਹਿਰ, ਰੋਪੜ, ਮੁਹਾਲੀ ਅਤੇ ਫ਼ਤਹਿਗੜ੍ਹ ਸਾਹਿਬ ਵਿੱਚ ਰੈੱਡ ਅਲਰਟ ਜਾਰੀ ਕੀਤਾ ਹੈ। ਅੰਮ੍ਰਿਤਸਰ, ਤਰਨ ਤਾਰਨ, ਮੋਗਾ, ਲੁਧਿਆਣਾ, ਸੰਗਰੂਰ, ਪਟਿਆਲਾ ਵਿੱਚ ਓਰੇਂਜ ਅਲਰਟ ਜਾਰੀ ਕੀਤਾ ਗਿਆ ਹੈ। ਉਧਰ, ਜ਼ਿਲ੍ਹਾ ਪਟਿਆਲਾ ਦੇ ਘਨੌਰ ਦੇ ਕਈ ਪਿੰਡਾਂ ਵਿੱਚ ਘੱਗਰ ਦਾ ਪਾਣੀ ਦਾਖਲ ਹੋਣ ਕਾਰਨ ਲੋਕ ਸਹਿਮੇ ਹੋਏ ਹਨ।
ਪਟਿਆਲਾ ਵਿੱਚ 80 ਐੱਮਐੱਮ ਮੀਂਹ ਪਿਆ
ਮੌਸਮ ਵਿਭਾਗ ਅਨੁਸਾਰ ਪੰਜਾਬ ਵਿੱਚ 24 ਘੰਟਿਆਂ ਦੌਰਾਨ ਚੰਡੀਗੜ੍ਹ ਵਿੱਚ 41.3 ਐੱਮਐੱਮ, ਅੰਮ੍ਰਿਤਸਰ ਵਿੱਚ 78.9, ਲੁਧਿਆਣਾ ਵਿੱਚ 47.1, ਪਟਿਆਲਾ ਵਿੱਚ 80, ਬਠਿੰਡਾ ਵਿੱਚ 62, ਫ਼ਰੀਦਕੋਟ ਵਿੱਚ 48.8, ਗੁਰਦਾਸਪੁਰ ਵਿੱਚ 9.6, ਨਵਾਂਸ਼ਹਿਰ ਵਿੱਚ 16, ਬਠਿੰਡਾ ਵਿੱਚ 26.5, ਫ਼ਾਜ਼ਿਲਕਾ ਵਿੱਚ 16, ਫ਼ਿਰੋਜ਼ਪੁਰ ਵਿੱਚ 50.5, ਹੁਸ਼ਿਆਰਪੁਰ ਵਿੱਚ 26.5, ਮਾਨਸਾ ਵਿੱਚ 31, ਮੁਹਾਲੀ ਵਿੱਚ 32 ਅਤੇ ਰੋਪੜ ਵਿੱਚ 48 ਐੱਮਐੱਮ ਮੀਂਹ ਪਿਆ।
ਗੁਆਂਢੀ ਸੂਬੇ ਹਰਿਆਣਾ ਵਿੱਚ ਹੜ੍ਹਾਂ ਦਾ ਖ਼ਤਰਾ
ਚੰਡੀਗੜ੍ਹ: ਪੰਜਾਬ ਵਿੱਚ ਪਿਛਲੇ ਦਿਨਾਂ ਤੋਂ ਆਏ ਹੜ੍ਹਾਂ ਮਗਰੋਂ ਹੁਣ ਗੁਆਂਢੀ ਸੂਬੇ ਹਰਿਆਣਾ ਦੇ ਕਈ ਇਲਾਕਿਆਂ ਵਿੱਚ ਵੀ ਹੜ੍ਹਾਂ ਦਾ ਖ਼ਤਰਾ ਬਣ ਗਿਆ ਹੈ। ਹਰਿਆਣਾ ਵਿੱਚੋਂ ਲੰਘਦੀ ਘੱਗਰ, ਯਮੁਨਾ ਅਤੇ ਮਾਰਕੰਡਾ ਨਦੀ ਵਿੱਚ ਪਾਣੀ ਖ਼ਤਰੇ ਦੇ ਨਿਸ਼ਾਨ ’ਤੇ ਚੱਲ ਰਿਹਾ ਹੈ। ਇਸ ਕਰ ਕੇ ਇਨ੍ਹਾਂ ਨਦੀਆਂ ਦੇ ਆਲੇ-ਦੁਆਲੇ ਦੇ ਇਲਾਕੇ ਦੇ ਲੋਕਾਂ ਵਿੱਚ ਦਹਿਸ਼ਤ ਦਾ ਮਾਹੌਲ ਬਣ ਗਿਆ ਹੈ। ਇਸ ਦੇ ਨਾਲ ਹੀ ਹਰਿਆਣਾ ਸਰਕਾਰ ਨੇ ਵੀ ਹੜ੍ਹਾਂ ਦਾ ਖਦਸ਼ਾ ਜ਼ਾਹਿਰ ਕਰਦਿਆਂ ਅਗਾਊਂ ਤਿਆਰੀਆਂ ਵਿੱਢ ਦਿੱਤੀਆਂ ਹਨ। ਇਸੇ ਕਰ ਕੇ ਸਿਹਤ ਵਿਭਾਗ ਦੇ ਅਧਿਕਾਰੀਆਂ ਦੀਆਂ ਛੁੱਟੀਆਂ ਰੱਦ ਕਰ ਦਿੱਤੀਆਂ ਹਨ। ਜਾਣਕਾਰੀ ਅਨੁਸਾਰ ਸਿਰਸਾ ’ਚ ਘੱਗਰ ਨਦੀ ਵਿੱਚ ਪਾਣੀ ਦਾ ਪੱਧਰ ਖ਼ਤਰੇ ਦੇ ਨਿਸ਼ਾਨ ਨੇੜੇ ਹੈ। ਇਸ ਦੌਰਾਨ ਕਈ ਥਾਵਾਂ ’ਤੇ ਖੇਤਾਂ ਵਿੱਚ ਘੱਗਰ ਦਾ ਪਾਣੀ ਦਾਖ਼ਲ ਹੋਣ ਦੀਆਂ ਖ਼ਬਰਾਂ ਵੀ ਆ ਰਹੀਆਂ ਹਨ। ਹਰਿਆਣਾ ਦੇ ਮੁੱਖ ਮੰਤਰੀ ਨਾਇਬ ਸਿੰਘ ਸੈਣੀ ਨੇ ਕਿਹਾ ਕਿ ਸਰਕਾਰ ਅਤੇ ਪ੍ਰਸ਼ਾਸਨ ਹਰ ਹਾਲਾਤ ਨਾਲ ਨਜਿੱਠਣ ਨੂੰ ਤਿਆਰ ਹੈ।