ਧਰਮਕੋਟ ਦੇ ਨਾਮੀ ਮੈਡੀਕਲ ਸਟੋਰ ’ਤੇ ਛਾਪੇਮਾਰੀ, ਨਸ਼ੀਲੀਆਂ ਗੋਲੀਆਂ ਤੇ ਕੈਪਸੂਲ ਬਰਾਮਦ
ਵਿਭਾਗ ਨੇ ਦੁਕਾਨ ਸੀਲ ਕੀਤੀ; ਮਾਲਕ ਅਤੇ ਕਰਿੰਦੇ ਵਿਰੁੱਧ ਕੇਸ ਦਰਜ
Advertisement
Punjab News: ਇੱਥੇ ਪੰਡੋਰੀ ਗੇਟ ਅੰਦਰ ਸਥਿਤ ਅਮਨ ਮੈਡੀਕੋਜ਼ ਨਾਮ ਦੀ ਦਵਾਈਆਂ ਦੀ ਦੁਕਾਨ’ਤੇ ਸਿਹਤ ਵਿਭਾਗ ਅਤੇ ਪੁਲੀਸ ਦੀ ਸਾਂਝੀ ਟੀਮ ਨੇ ਸਰਕਾਰ ਦੀ ਯੁੱਧ ਨਸ਼ਿਆਂ ਵਿਰੁੱਧ ਮੁਹਿੰਮ ਤਹਿਤ ਛਾਪੇਮਾਰੀ ਕੀਤੀ। ਇਸ ਸਾਂਝੀ ਕਾਰਵਾਈ ਦੌਰਾਨ ਟੀਮ ਦੇ ਹੱਥ ਵੱਡੀ ਸਫਲਤਾ ਲੱਗੀ ਹੈ। ਅਧਿਕਾਰੀਆਂ ਨੇ ਮੈਡੀਕਲ ਸਟੋਰ ਤੋਂ ਵੱਡੀ ਮਾਤਰਾ ਵਿੱਚ ਪਾਬੰਦੀਸ਼ੁਦਾ ਨਸ਼ੀਲੀਆਂ ਦਵਾਈਆਂ ਬਰਾਮਦ ਕੀਤੀਆਂ ਹਨ।
ਡਰੱਗ ਇੰਸਪੈਕਟਰ ਰਵੀ ਗੁਪਤਾ ਅਤੇ ਥਾਣਾ ਮੁਖੀ ਗੁਰਮੇਲ ਸਿੰਘ ਨੇ ਸਾਂਝੇ ਤੌਰ ਉੱਤੇ ਇਸ ਕਾਰਵਾਈ ਦੀ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਗੁਪਤ ਸੂਚਨਾ ਦੇ ਆਧਾਰ ਉੱਤੇ ਸਾਂਝੀ ਟੀਮ ਵਲੋਂ ਮੈਡੀਕਲ ਸਟੋਰ ਤੇ ਕਾਰਵਾਈ ਅਮਲ ਵਿੱਚ ਲਿਆਂਦੀ ਗਈ ਸੀ। ਸਿਹਤ ਅਧਿਕਾਰੀ ਮੁਤਾਬਕ ਅਮਨ ਮੈਡੀਕੋਜ਼ ਦਵਾਈਆਂ ਦੀ ਦੁਕਾਨ ਵਿਭਾਗ ਕੋਲ ਰਿਟੇਲ ਅਤੇ ਹੋਲਸੇਲ ਦਵਾਈਆਂ ਵੇਚਣ ਲਈ ਰਜਿਸਟਰਡ ਹੈ। ਉਨ੍ਹਾਂ ਦੱਸਿਆ ਕਿ ਸੂਚਨਾ ਦੇ ਆਧਾਰ ਉੱਤੇ ਜਦੋਂ ਮੈਡੀਕਲ ਸਟੋਰ ਦੀ ਜਾਂਚ ਕੀਤੀ ਗਈ ਤਾਂ ਵੱਡੀ ਮਾਤਰਾ ਵਿੱਚ ਪਾਬੰਦੀਸ਼ੁਦਾ ਗੋਲੀਆਂ ਅਤੇ ਕੈਪਸੂਲ ਜਿਨ੍ਹਾਂ ਵਿੱਚ ਪਰੈਗਾਬਲੇਨ, ਟਰੈਮਾਡੋਲ, ਅਲਪਰਾਜਲੌਮ ਆਦਿ ਦੀ ਬਰਾਮਦਗੀ ਹੋਈ ਹੈ।
ਡਰੱਗ ਇੰਸਪੈਕਟਰ ਰਵੀ ਗੁਪਤਾ ਨੇ ਦੱਸਿਆ ਕਿ ਦੁਕਾਨ ਨੂੰ ਸੀਲ ਕਰ ਦਿੱਤਾ ਗਿਆ ਹੈ ਅਤੇ ਲਾਈਸੈਂਸ ਰੱਦ ਕਰਨ ਸਬੰਧੀ ਉੱਚ ਅਥਾਰਟੀ ਨੂੰ ਲਿਖਿਆ ਗਿਆ ਹੈ। ਹੋਰ ਜਾਣਕਾਰੀ ਦਿੰਦੇ ਹੋਏ ਧਰਮਕੋਟ ਦੇ ਡੀਐੱਸਪੀ ਰਾਜੇਸ਼ ਠਾਕੁਰ ਨੇ ਦੱਸਿਆ ਕਿ ਧਰਮਕੋਟ ਅੰਦਰ ਪੁਲੀਸ ਵਲੋਂ ਸਰਕਾਰ ਦੀ ਯੁੱਧ ਨਸ਼ਿਆਂ ਵਿਰੁੱਧ ਮੁਹਿੰਮ ਨੂੰ ਅਸਰਦਾਰ ਢੰਗ ਨਾਲ ਚਲਾਇਆ ਜਾ ਰਿਹਾ ਹੈ। ਪੁਲੀਸ ਨੂੰ ਜਾਣਕਾਰੀ ਮਿਲੀ ਸੀ ਕਿ ਉਕਤ ਮੈਡੀਕਲ ਸਟੋਰ ’ਤੇ ਨਸ਼ੇ ਦੀ ਵਰਤੋਂ ਵਿੱਚ ਆਉਣ ਵਾਲੀਆਂ ਦੀਵਾਈਆ ਦੀ ਵਿਕਰੀ ਦੀ ਵਿਕਰੀ ਹੁੰਦੀ ਹੈ।
ਪੁਲੀਸ ਟੀਮ ਨੇ ਥਾਣਾ ਮੁਖੀ ਗੁਰਮੇਲ ਸਿੰਘ ਦੀ ਅਗਵਾਈ ਹੇਠ ਸਿਹਤ ਵਿਭਾਗ ਦੀ ਟੀਮ ਨਾਲ ਮਿਲਕੇ ਕਾਰਵਾਈ ਅਮਲ ਵਿੱਚ ਲਿਆਂਦੀ ਅਤੇ ਉੱਥੋਂ ਵੱਡੀ ਮਾਤਰਾ ਵਿੱਚ ਪਾਬੰਦੀਸ਼ੁਦਾ ਦਵਾਈਆ ਦੀ ਬਰਾਮਦਗੀ ਕੀਤੀ ਗਈ ਹੈ। ਉਨ੍ਹਾਂ ਦੱਸਿਆ ਕਿ ਦੁਕਾਨ ਦੇ ਮਾਲਕ ਸੁਖਦੇਵ ਸਿੰਘ ਅਤੇ ਉੱਥੇ ਕੰਮ ਕਰਦੇ ਕਰਿੰਦੇ ਵਿਰੁੱਧ ਐੱਨਡੀਪੀਐਸ ਐਕਟ ਤਹਿਤ ਮਾਮਲਾ ਦਰਜ ਕਰ ਲਿਆ ਗਿਆ ਹੈ। ਉਨ੍ਹਾਂ ਦੱਸਿਆ ਕਿ ਸਟੋਰ ਮਾਲਕ ਦੇ ਘਰ ਵਿੱਚੋਂ ਵੀ ਵੱਡੀ ਮਾਤਰਾ ਵਿੱਚ ਪਾਬੰਦੀਸ਼ੁਦਾ ਦੀਵਾਈਆ ਦੀ ਬਰਾਮਦਗੀ ਹੋਈ ਹੈ।
Advertisement
×

